ਅਸ਼ੋਕ ਵਰਮਾ
ਮਾਨਸਾ, 31 ਦਸੰਬਰ 2020 - ਕਿਸਾਨੀ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀ.ਸੀ. ਦਫ਼ਤਰ ਅੱਗੇ ਦਿਨ-ਰਾਤ ਦਾ ਧਰਨਾ ਪਿਛਲੇ ਤਿੰਨ ਦਿਨਾਂ ਤੋਂ ਸ਼ੁਰੂ ਕੀਤਾ ਹੋਇਆ ਹੈ। ਅੱਜ ਤੀਜੇ ਦਿਨ ਸੈਂਕੜੇ ਕਿਸਾਨ, ਔਰਤਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਕੜਾਕੇ ਦੀ ਠੰਢ ਦੇ ਬਾਵਜੂਦ ਵੀ ਪੰਜਾਬ ਸਰਕਾਰ ਖਿਲਾਫ ਕਿਸਾਨਾਂ ਦਾ ਗੁੱਸਾ ਉਬਾਲੇ ਖਾ ਰਿਹਾ ਹੈ। ਜਥੇਬੰਦੀ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਝੱਬਰ ਨੇ ਕਿਹਾ ਕਿ ਹਕੂਮਤ ਕਿਸਾਨਾਂ ਤੇ ਭੌਰਾ ਵੀ ਤਰਸ ਨਹੀਂ ਕਰ ਰਹੀ।
ਜਦੋਂ ਮੰਤਰੀ, ਅਫ਼ਸਰ ਘਰਾਂ ਅਤੇ ਦਫ਼ਤਰਾਂ ਵਿੱਚ ਹੀਟਰ ਲਾ ਕੇ ਬਹਿੰਦੇ-ਸੌਂਦੇ ਹਨ ਤਾਂ ਕਮਰਿਆਂ ਵਿੱਚ ਵੱਡੇ ਗਰਮ ਹੀਟਰ ਚਲਾਏ ਜਾਂਦੇ ਹਨ, ਪਰ ਕਿਸਾਨ ਧੰੁਦਾਂ ਅਤੇ ਕੜਾਕੇ ਦੀ ਠੰਢ ਵਿੱਚ ਸੜਕ ਤੇ ਬੈਠ ਕੇ ਕੈਪਟਨ ਸਰਕਾਰ ਦੀ ਜਾਨ ਨੂੰ ਰੋ ਰਹੇ ਹਨ। ਇੱਕ ਪਾਸੇ ਕਿਸਾਨ ਦਿੱਲੀ ਹਕੂਮਤ ਖਿਲਾਫ ਜੂਝ ਰਹੇ ਹਨ, ਦੂਜਾ ਪੰਜਾਬ ਸਰਕਾਰ ਨਾਲ ਲੜ ਰਹੇ ਹਨ। ਉਹਨਾਂ ਮੰਗ ਕੀਤੀ ਕਿ ਸੰਘਰਸ਼ ਵਿੱਚ ਸ਼ਹੀਦ ਹੋਏ ਕਿਸਾਨਾਂ ਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜਾ, ਇੱਕ ਮੈਂਬਰ ਨੂੰ ਸਰਕਾਰੀ ਨੌਕਰੀ, ਸਮੁੱਚਾ ਕਰਜਾ ਖਤਮ ਕੀਤਾ ਜਾਵੇ। ਅੱਜ ਦੇ ਧਰਨੇ ਨੂੰ ਜਗਦੇਵ ਸਿੰਘ ਭੈਣੀ ਬਾਘਾ, ਜਸਵਿੰਦਰ ਕੌਰ, ਰਾਣੀ ਕੌਰ, ਸਾਧੂ ਸਿੰਘ ਨੇ ਸੰਬੋਧਨ ਕੀਤਾ।