ਰਵੀ ਜੱਖੂ
ਨਵੀਂ ਦਿੱਲੀ, 8 ਜਨਵਰੀ 2021- ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਚੱਲ ਰਹੀ ਮੀਟਿੰਗ 'ਚ ਅੱਜ ਵੀ ਕੋਈ ਸਿੱਟਾ ਨਿੱਕਲਦਾ ਨਜ਼ਰ ਨੀ ਆ ਰਿਹਾ। ਇਸ ਸਮੇਂ ਕਿਸਾਨਾਂ ਦੇ ਆਈ.ਟੀ ਵਿੰਗ ਦੇ ਹੈੱਡ ਨੇ ਵਿਗਿਆਨ ਭਵਨ ਅੰਦਰੋਂ ਲਾਈਵ ਹੋ ਕੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ ਕਿ ਨਰੇਂਦਰ ਤੋਮਰ ਨੇ ਕਿਸਾਨਾਂ ਨੂੰ ਕਾਨੂੰਨ ਰੱਦ ਨਾ ਕਰਨ 'ਤੇ ਸਾਫ ਨਾਂਹ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਨਰੇਂਦਰ ਤੋਮਰ ਨੇ ਕਿਹਾ ਕਿ ਕਾਨੂੰਨ 'ਚ ਸੋਧਾਂ ਲਈ ਕਿਸਾਨ ਅੱਗੇ ਵਧਣ ਪਰ ਕਾਨੂੰਨ ਰੱਦ ਨਹੀਂ ਹੋਣਗੇ। ਪਰ ਦੂਜੇ ਪਾਸੇ ਕਿਸਾਨਾਂ ਨੇ ਵੀ ਹੁਣ ਪੇਪਰਾਂ 'ਤੇ "ਜਾਂ ਮਰਾਂਗੇ ਜਾਂ ਜਿੱਤਾਂਗੇ" ਲਿਖਕੇ ਤਖਤੀਆਂ ਬਣਾ ਕੇ ਸਰਕਾਰ ਨੂੰ ਦਿਖਾਏ।
ਮੀਟਿੰਗ ਅੰਦਰੋਂ ਆਏ ਕਿਸਾਨ ਆਗੂਆਂ ਨੇ ਦੱਸਿਆ ਕਿ ਨਰੇਂਦਰ ਤੋਮਰ ਦਾ ਰਵੱਈਆ ਪਹਿਲਾਂ ਨਾਲੋਂ ਤਿੱਖਾ ਹੈ ਤੇ ਉਹ ਫੇਰ ਤੋਂ ਕਾਨੂੰਨਾਂ 'ਤੇ ਸੋਧਾਂ ਕਰਾਉਣ ਬਾਰੇ ਗੱਲਾਂ ਕਰ ਰਹੇ ਨੇ। ਉਨ੍ਹਾਂ ਕਿਹਾ ਕਿ ਬਲਬੀਰ ਰਾਜੇਵਾਲ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਨੂੰ ਪੰਜਾਬ ਦੇ ਭਾਜਪਾ ਲੀਡਰ ਤਰ੍ਹਾਂ ਤਰ੍ਹਾਂ ਦੇ ਬਿਆਨ ਦੇ ਕੇ ਭੰਡ ਰਹੇ ਨੇ ਤੇ ਇਸ ਸੰਘਰਸ਼ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਰਾਜੇਵਾਲ ਨੇ ਕਿਹਾ ਹੈ ਕਿ ਉਹ ਕਾਨੂੰਨ ਰੱਦ ਕਰਾਏ ਬਿਨਾ ਵਾਪਸ ਨੀ ਜਾ ਸਕਦੇ ਤੇ ਮਰਨਾ ਪਸੰਦ ਕਰਨਗੇ। ਕੇਂਦਰ ਸਰਕਾਰ ਦਿੱਲੀ ਬਾਰਡਰ 'ਤੇ ਬੈਠੇ ਲੱਖਾਂ ਨੌਜਵਾਨਾਂ ਦੇ ਸਬਰ ਦਾ ਇਮਤਿਹਾਨ ਨਾ ਲਵੇ।