ਅਸ਼ੋਕ ਵਰਮਾ
ਨਵੀਂ ਦਿੱਲੀ ,9 ਜਨਵਰੀ2021: ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਪਰਿਵਾਰਾਂ ਸਮੇਤ ਆਇਆ ਖੇਤ ਮਜ਼ਦੂਰਾਂ ਵੱਡਾ ਕਾਫ਼ਲਾ ਅੱਜ ਲੰਮਾਂ ਮਾਰਚ "ਖਰੀਦ ਰਹੀ ਨਾ ਜੇ ਸਰਕਾਰੀ- ਕਿੰਝ ਰਹਿਣਗੇ ਡਿੱਪੂ ਜਾਰੀ , ਠੇਕਾ ਖੇਤੀ ਦੀ ਪੈਣੀ ਮਾਰ- ਖੁੱਸੂ ਕਾਮਿਆਂ ਦਾ ਰੁਜ਼ਗਾਰ ਤੇ ਮੋਦੀ ਵਾਲੇ ਨਵੇਂ ਕਾਨੂੰਨ- ਰੋਜੀ ਰੋਟੀ ਦੇਣਗੇ ਹੂੰਝ" ਵਰਗੇ ਨਾਹਰਿਆ ਵਾਲੀਆਂ ਤਖਤੀਆਂ ਹੱਥਾਂ ਚ ਲੈਕੇ ਸਿੰਘੂ ਬਾਰਡਰ 'ਤੇ ਚਲਦੇ ਮੋਰਚੇ 'ਚ ਪੁੱਜਿਆ।
ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਦੀ ਅਗਵਾਈ ਹੇਠ ਸੈਕੜੇ ਮਜ਼ਦੂਰਾਂ ਦਾ ਇਹ ਕਾਫਲਾ ਸੰਯੁਕਤ ਕਿਸਾਨ ਮੋਰਚੇ ਦੀ ਦੇ ਪੰਡਾਲ 'ਚ ਜੁੜਨ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸਟੇਜ 'ਤੇ ਵੀ ਪੁੱਜਿਆ ਜਿੱਥੇ ਜੁੜੇ ਇਕੱਠ ਨੂੰ ਯੂਨੀਅਨ ਦੇ ਸੂਬਾ ਪ੍ਰਧਾਨ ਜ਼ੋਰਾ ਸਿੰਘ ਨਸਰਾਲੀ ਨੇ ਸੰਬੋਧਨ ਕਰਦਿਆਂ ਆਖਿਆ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਚੱਲ ਰਿਹਾ ਸੰਘਰਸ਼ ਖੇਤ ਮਜ਼ਦੂਰਾਂ ਦਾ ਆਪਣਾ ਸੰਘਰਸ਼ ਹੈ। ਖੇਤ ਮਜ਼ਦੂਰਾਂ ਦੇ ਇਸ ਮਾਰਚ ਮੌਕੇ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਆਖਿਆ ਕਿ ਖੇਤ ਮਜ਼ਦੂਰ ਜਥੇਬੰਦੀ ਵੱਲੋਂ ਦਿੱਲੀ ਮੋਰਚੇ 'ਚ ਸ਼ਮੂਲੀਅਤ ਨਾਲ਼ ਖੇਤੀ ਕਾਨੂੰਨਾਂ ਖਿਲਾਫ਼ ਬੁਲੰਦ ਕੀਤੀ ਸੰਘਰਸ਼ ਸਾਂਝ ਨੂੰ ਹੋਰ ਅੱਗੇ ਵਧਾਇਆ ਜਾਵੇਗਾ।
ਉਹਨਾਂ ਆਖਿਆ ਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ, ਮਜ਼ਦੂਰਾਂ ਦੇ ਰੁਜ਼ਗਾਰ ਦੀ ਗਰੰਟੀ , ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਅਤੇ ਬਿਜ਼ਲੀ ਬਿੱਲਾਂ ਦੀ ਮੁਕੰਮਲ ਵਾਪਸੀ ਆਦਿ ਮੰਗਾਂ ਖਿਲਾਫ਼ ਪੰਜਾਬ ਚ ਬਾਕੀ ਮਜ਼ਦੂਰ ਜਥੇਬੰਦੀਆਂ ਨਾਲ਼ ਮਿਲਕੇ ਵਿਸ਼ਾਲ ਮੁਹਿੰਮ ਲਾਮਬੰਦ ਕਰਨ ਲਈ ਤਾਣ ਜੁਟਾਇਆ ਜਾਵੇਗਾ।
ਇਸ ਵਿਸ਼ਾਲ ਕਾਫ਼ਲੇ ਦੇ ਟਿੱਕਰੀ ਬਾਰਡਰ ਤੋਂ ਰਵਾਨਾ ਹੋਣ ਸਮੇਂ ਸੰਬੋਧਨ ਕਰਦਿਆਂ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਉਹਨਾਂ ਦਾ ਧੰਨਵਾਦ ਕੀਤਾ। ਉਹਨਾਂ ਆਖਿਆ ਕਿ ਖੇਤੀ ਕਾਨੂੰਨਾਂ ਵਿਰੁੱਧ ਲੜਾਈ ਰੋਟੀ ਰੋਜ਼ੀ ਬਚਾਉਣ ਦੀ ਲੜਾਈ ਹੈ ਅਤੇ ਖੇਤ ਮਜ਼ਦੂਰ ਇਸ ਲੜਾਈ ਦੀ ਅਹਿਮ ਟੁਕੜੀ ਹੈ ਜਿਸਨੂੰ ਲਾਮਬੰਦ ਕਰਨਾ ਕਿਸਾਨਾਂ ਦਾ ਆਹਿਮ ਕਾਰਜ ਹੈ।