ਬਲਵਿੰਦਰ ਸਿੰਘ ਧਾਲੀਵਾਲ
- ਕੇਂਦਰ ਸਰਕਾਰ ਦੇ ਪ੍ਰੋਜੈਕਟਾਂ ਲਈ ਇੱਕ ਵੀ ਜ਼ਮੀਨ ਨਹੀਂ ਛੱਡਾਂਗੇ - ਸ਼ੰਘਰਸ਼ ਕਮੇਟੀ
ਸੁਲਤਾਨਪੁਰ ਲੋਧੀ 9 ਫਰਵਰੀ 2021 - ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਉਸਾਰੇ ਜਾ ਰਹੇ ਯਾਮ ਨਗਰ-ਬਠਿੰਡਾ ਐਕਸਪ੍ਰੈਸ ਵੇਅ ਜ਼ੋ ਕਿ ਹਲਕਾ ਸੁਲਤਾਨਪੁਰ ਲੋਧੀ ਦੇ ਵੱਖ-ਵੱਖ ਪਿੰਡਾਂ ਵਿੱਚੋਂ ਦੀ ਗੁਜ਼ਰੇਗਾ ਲਈ ਅੱਜ ਪਿੰਡ ਗਿੱਲਾਂ ਨੇੜੇ ਸਰਵੇ ਕਰ ਰਹੇ ਲੈਂਡ ਮਾਰਕਿੰਗ ਕੰਪਨੀ ਰਾਜਕੋਟ ਦੇ ਕਰਮਚਾਰੀਆਂ ਦਾ ਐਕਸਪ੍ਰੈਸ ਵੇਅ ਕਿਸਾਨ ਸੰਘਰਸ਼ ਕਮੇਟੀ ਵੱਲੋਂ ਜ਼ੋਰਦਾਰ ਘਿਰਾਓ ਕੀਤਾ ਗਿਆ।ਇਸ ਮੌਕੇ ਰੋਹ ਵਿੱਚ ਆਏ ਕਿਸਾਨਾਂ ਨੇ ਮੋਦੀ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਐਲਾਨ ਕੀਤਾ ਕਿ ਉਹ ਕੇਂਦਰ ਸਰਕਾਰ ਦੇ ਇਸ ਪ੍ਰੋਜੈਕਟ ਦਾ ਡੱਟ ਕੇ ਵਿਰੋਧ ਕਰਨਗੇ ਅਤੇ ਆਪਣੀ ਇੱਕ ਇੰਚ ਜ਼ਮੀਨ ਵੀ ਨਹੀਂ ਛੱਡਣਗੇ।
ਸੰਘਰਸ਼ ਕਮੇਟੀ ਦੇ ਆਗੂਆਂ ਭਜਨ ਸਿੰਘ ਗਿੱਲਾਂ, ਅਮਰੀਕ ਸਿੰਘ ਭਾਰਜ, ਬੀਬੀ ਜਸਵਿੰਦਰ ਕੌਰ ਟਿੱਬਾ,ਪਿਆਰਾ ਸਿੰਘ ਗਿੱਲਾਂ, ਬਲਬੀਰ ਸਿੰਘ ਭਗਤ ਆਦਿ ਨੇ ਇਸ ਮੌਕੇ ਦੱਸਿਆ ਕਿ ਪ੍ਰਸ਼ਾਸਨ ਨੂੰ ਇਸ ਸਬੰਧੀ ਪਹਿਲਾਂ ਹੀ ਲਿਖਤੀ ਤੌਰ ਤੇ ਜਾਣੂ ਕਰਵਾਇਆ ਜਾ ਚੁੱਕਾ ਹੈ ਕਿ ਜਿੰਨਾ ਚਿਰ ਤੱਕ ਕਾਲ਼ੇ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕੀਤਾ ਜਾਂਦਾ , ਉਦੋਂ ਤੱਕ ਐਕਸਪ੍ਰੈਸ ਵੇਅ ਲਈ ਕੋਈ ਸਰਵੇ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਨਾ ਹੀ ਇਸ ਸਬੰਧੀ ਕੋਈ ਗੱਲਬਾਤ ਕੀਤੀ ਜਾਵੇਗੀ।
ਉਨ੍ਹਾਂ ਦੋਸ਼ ਲਾਇਆ ਕਿ ਇਸ ਐਕਸਪ੍ਰੈਸ ਵੇਅ ਲਈ ਨਾਂ ਤਾਂ ਨੈਸ਼ਨਲ ਹਾਈਵੇ ਅਥਾਰਟੀ ਅਤੇ ਨਾਂ ਹੀ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਭਰੋਸੇ ਵਿੱਚ ਲਿਆ ਗਿਆ ਹੈ। ਕਿਸਾਨਾਂ ਵੱਲੋਂ ਘਿਰਾਓ ਕਰਨ ਤੋਂ ਬਾਅਦ ਕੰਪਨੀ ਦੇ ਕਰਮਚਾਰੀ ਸਰਵੇ ਦਾ ਕੰਮ ਛੱਡ ਕੇ ਵਾਪਸ ਪਰਤ ਗਏ। ਕਿਸਾਨਾਂ ਵੱਲੋਂ ਵਾਰ ਵਾਰ ਫੋਨ ਕਰਨ ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਨਹੀਂ ਪਹੁੰਚਿਆ। ਇਸ ਮੌਕੇ ਸਾਬਕਾ ਪ੍ਰਿੰਸੀਪਲ ਗੁਰਦੀਪ ਸਿੰਘ, ਤਰਸੇਮ ਸਿੰਘ ਗਿੱਲਾਂ, ਪਰਮਜੀਤ ਸਿੰਘ ਗਿੱਲਾਂ, ਸੁਖਬੀਰ ਸਿੰਘ, ਸੁਰਜੀਤ ਸਿੰਘ, ਮਲੂਕ ਸਿੰਘ ਅਤੇ ਹੋਰ ਕਿਸਾਨ ਵੱਡੀ ਗਿਣਤੀ ਵਿਚ ਹਾਜ਼ਰ ਸਨ।