ਸੁਖਜਿੰਦਰ ਸਿੰਘ ਪੰਜਗਰਾਈਂ
- ਤਿਰੰਗੇ ਦਾ ਕੋਈ ਅਪਮਾਨ ਨਹੀ ਹੋਇਆ ਸਗੋਂ ਕੇਸਰੀ ਨਿਸ਼ਾਨ ਸਾਹਿਬ ਲੱਗਣ ਨਾਲ ਲਾਲ ਕਿਲੇ ਦਾ ਮਾਣ ਹੋਰ ਵਧਿਆ ਹੈ : ਭਾਈ ਗੁਰਸੇਵਕ ਸਿੰਘ ਭਾਣਾ
ਪੰਜਗਰਾਈਂ ਕਲਾਂ, 20 ਫਰਵਰੀ 2021 - 26 ਜਨਵਰੀ ਨੂੰ ਟਰੈਕਟਰ ਮਾਰਚ ਦੌਰਾਨ ਲਾਲ ਕਿਲੇ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਕਰਕੇ ਦੀਪ ਸਿੱਧੂ ਸਮੇਤ ਗ੍ਰਿਫਤਾਰ ਕੀਤੇ ਸੈਂਕੜੇ ਨੌਜਵਾਨ ਕਿਸਾਨਾਂ ਦੇ ਹੱਕ ਵਿੱਚ ਪੰਜਾਬ ਵਿੱਚ ਲੋਕ ਲਹਿਰ ਬਣਦੀ ਜਾ ਰਹੀ ਹੈ। ਨੌਜਵਾਨਾਂ ਵੱਲੋਂ ਰੋਜ਼ ਹੀ ਮੋਟਰਸਾਈਕਲ ਰੋਸ ਮਾਰਚ ਕੱਢ ਕੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਰੋਹ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਇਸੇ ਹੀ ਤਰ੍ਹਾਂ ਦਿੱਲੀ ਵਿੱਚ ਚੱਲ ਰਹੇ ਕਿਸਾਨੀ ਸੰਘਰਸ਼ ਦੇ ਚੱਲਦਿਆਂ ਗ੍ਰਿਫਤਾਰ ਕੀਤੇ ਨੌਜਵਾਨ ਤੇ ਬਜ਼ੁਰਗ ਕਿਸਾਨਾਂ ਸਮੇਤ ਦੀਪ ਸਿੱਧੂ ਦੀ ਰਿਹਾਈ ਲਈ ਅਤੇ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਤੇ ਰੋਕ ਲਗਾਉਣ ਲਈ ਫਰੀਦਕੋਟ ਜਿਲ੍ਹੇ ਦੇ ਪਿੰਡ ਹਰੀਨੌ ਤੋਂ ਨੌਜਵਾਨਾਂ ਵੱਲੋਂ ਭਲਕੇ 21 ਫ਼ਰਵਰੀ ਨੂੰ ਇੱਕ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ ਜਾ ਰਿਹਾ ਹੈ।
ਇਸ ਸਬੰਧੀ 'ਰੋਜ਼ਾਨਾ ਪਹਿਰੇਦਾਰ' ਨੂੰ ਜਾਣਕਾਰੀ ਦਿੰਦਿਆਂ ਸੰਘਰਸ਼ੀ ਸਿੱਖ ਨੌਜਵਾਨ ਭਾਈ ਗੁਰਸੇਵਕ ਸਿੰਘ ਭਾਣਾ ਨੇ ਦੱਸਿਆ ਕਿ 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਹਿੰਦੂਵਾਦੀ ਭਾਰਤੀ ਗੋਦੀ ਮੀਡੀਆ ਵੱਲੋਂ ਅਨੇਕਾਂ ਤਰ੍ਹਾਂ ਦਾ ਕੂੜ ਪ੍ਰਚਾਰ ਕੀਤਾ ਜਾ ਰਿਹਾ ਜੋ ਕਿ ਆਮ ਜਨਤਾ ਨੂੰ ਗੁਮਰਾਹ ਕਰਨ ਵਿੱਚ ਅਸਫ਼ਲ ਹੋ ਗਿਆ। ਕਿਉਂਕਿ ਮੀਡੀਆ ਵੱਲੋਂ ਪ੍ਰਚਾਰਿਆ ਜਾ ਰਿਹਾ ਸੀ ਕਿ ਤਿਰੰਗੇ ਦਾ ਅਪਮਾਨ ਹੋਇਆ ਪਰ ਅਸਲ ਵਿੱਚ ਤਿਰੰਗੇ ਦਾ ਅਪਮਾਨ ਦਿੱਲੀ ਪੁਲਿਸ ਵੱਲੋਂ ਕੀਤਾ ਗਿਆ ਸੀ ਅਤੇ ਜਿਸ ਕੇਸਰੀ ਨਿਸ਼ਾਨ ਸਾਹਿਬ ਤੋਂ ਚੰਦ ਲੋਕਾਂ ਨੂੰ ਤਕਲੀਫ਼ ਹੈ ਅੱਜ ਉਹ ਆਪਣੇ ਬੁਣੇ ਜਾਲ ਵਿੱਚ ਬੁਰੀ ਤਰ੍ਹਾਂ ਫਸ ਚੁੱਕੇ ਹਨ ਕਿਉਂਕਿ ਇਸ ਕੇਸਰੀ ਨਿਸ਼ਾਨ ਸਾਹਿਬ ਨੇ ਹਮੇਸ਼ਾ ਭੁੱਖੇ ਨੰਗੇ ਤੇ ਦੱਬੇ ਕੁਚਲੇ ਲੋਕਾਂ ਦੀ ਬਾਂਹ ਫੜੀ ਹੈ। ਭਾਈ ਭਾਣਾ ਨੇ ਅੱਗੇ ਕਿਹਾ ਕੇ ਕੇਸਰੀ ਨਿਸ਼ਾਨ ਸਾਹਿਬ ਨਾਲ ਲਾਲ ਕਿਲੇ ਦਾ ਮਾਣ ਵਧਿਆ ਹੈ ਇਸ ਨਾਲ ਤਿਰੰਗੇ ਦਾ ਕੋਈ ਅਪਮਾਨ ਨਹੀਂ ਹੋਇਆ।
ਉਹਨਾਂ ਕਿਹਾ ਕੇ ਕਿਸਾਨ ਆਗੂਆਂ ਨੂੰ ਚਾਹੀਦਾ ਹੈ ਕੇ ਉਹ ਗ੍ਰਿਫਤਾਰ ਕੀਤੇ ਨੌਜਵਾਨਾਂ ਦਾ ਸਾਥ ਦੇਣ ਤੇ ਨੌਜਵਾਨੀ ਦੀ ਸਲਾਹ ਨਾਲ ਪਹਿਲਾਂ ਦੀ ਤਰ੍ਹਾਂ ਸੰਘਰਸ਼ ਨੂੰ ਅੱਗੇ ਤੋਰਿਆ ਜਾਵੇ।
ਨੌਜਵਾਨੀ ਦਾ ਸੰਘਰਸ਼ ਨੂੰ ਕਾਮਯਾਬ ਕਰਨ ਲਈ ਬਹੁਤ ਵੱਡਾ ਰੋਲ ਹੈ। ਭਾਈ ਭਾਣਾ ਨੇ ਸਰਕਾਰ ਨੂੰ ਨਿਸ਼ਾਨੇ ਤੇ ਲੈਂਦਿਆ ਕਿਹਾ ਕਿ ਬੀਜੇਪੀ ਸਰਕਾਰ ਨੇ ਕਾਲੇ ਕਾਨੂੰਨ ਰੱਦ ਕਰਨ ਦੀ ਬਜਾਇ ਆਪਣਾ ਧਰਮਾਂ ਦੇ ਨਾਮ ਤੇ ਵੰਡਣ ਵਾਲਾ ਗਲਤ ਵਰਤਾਰਾ ਸ਼ੁਰੂ ਕਰ ਦਿੱਤਾ ਹੈ। ਪਰ ਕਿਸਾਨੀ ਸੰਘਰਸ਼ ਦੀ ਅਵਾਜ਼ ਨੂੰ ਦਬਾਉਣ ਦੇ ਸਰਕਾਰ ਦੇ ਮਨਸੂਬੇ ਫੇਲ ਹੋ ਚੁੱਕੇ ਹਨ। ਨੌਜਵਾਨੀ ਦਿੱਲੀ ਦੇ ਸੰਘਰਸ਼ ਵੱਲ ਨੂੰ ਜਲਦ ਵੱਡੇ ਕਾਫਲਿਆਂ ਦੇ ਰੂਪ ਵਿੱਚ ਪਹੁੰਚੇਗੀ । ਇਸ ਮੌਕੇ ਤੇ ਉਹਨਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕੇ 21 ਫਰਵਰੀ ਨੂੰ ਕੱਢੇ ਜਾ ਰਹੇ ਇਸ ਮਾਰਚ ਵਿਚ ਉਹ ਵੱਧ ਚੜ੍ਹ ਕੇ ਸ਼ਾਮਲ ਹੋਣ। ਇਸ ਸਮੇਂ ਉਹਨਾਂ ਦੇ ਨਾਲ ਭਾਈ ਸੁਖਰਾਜ ਸਿੰਘ ਨਿਆਮੀ ਵਾਲਾ, ਭਾਈ ਰੁਪਿੰਦਰ ਸਿੰਘ ਪੰਜਗਰਾਈਂ ,ਮਿੰਟੂ ਦੀਪ ਸਿੰਘ ਵਾਲਾ, ਅੰਗਰੇਜ ਸਿੰਘ ਖਾਲਸਾ, ਅਕਸ਼ ਸਰਾਂ,ਅਕਾਸ਼ ਹਰੀਨੌਂ ਆਦਿ ਮੌਜੂਦ ਸਨ ।