- ਪੰਜਾਬ ਸਰਕਾਰ ਦੇ ਲੌਕਡਾਉਨ ਦਾ ਵਿਰੋਧ ਕਰਨ ਦਾ ਫੈਸਲਾ
ਨਵਾਂਸ਼ਹਿਰ 26 ਫਰਵਰੀ 2021 - ਅੱਜ ਇਥੇ ਕਿਰਤੀ ਕਿਸਾਨ ਯੂਨੀਅਨ ਨੇ ਜਿਲਾ ਪੱਧਰੀ ਮੀਟਿੰਗ ਕਰਕੇ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੀ ਅਗਵਾਈ ਵਿਚ ਚੱਲ ਰਹੇ ਕਿਸਾਨੀ ਘੋਲ ਨੂੰ ਤੇ ਕਰਨ ਲਈ ਇਸ ਜਿਲੇ ਵਿਚੋਂ ਵੱਡੀ ਪੱਧਰ ਉੱਤੇ ਕਿਸਾਨਾਂ ਦੇ ਜੱਥੇ ਦਿੱਲੀ ਭੇਜਣ ਦਾ ਫੈਸਲਾ ਕੀਤਾ ਹੈ।ਮੀਟਿੰਗ ਵਿਚ ਸ਼ਾਮਲ ਆਗੂਆਂ ਦੇ ਵਿਚਾਰਾਂ ਨੂੰ ਧਿਆਨ ਵਿਚ ਰੱਖਦਿਆਂ ਇਸਦੇ ਲਈ ਪਿੰਡਾਂ ਵਿਚ ਮੀਟਿੰਗਾਂ ਅਤੇ ਰੈਲੀਆਂ ਕਰਕੇ ਕਿਸਾਨਾਂ ਨੂੰ ਦਿੱਲੀ ਜਾਣ ਲਈ ਪ੍ਰੇਰਿਤ ਕੀਤਾ ਜਾਵੇਗਾ ਅਤੇ ਟੀਮਾਂ ਤਿਆਰ ਕੀਤੀਆਂ ਜਾਣਗੀਆਂ।
ਇਸ ਮੀਟਿੰਗ ਨੂੰ ਯੂਨੀਅਨ ਦੇ ਆਗੂਆਂ ਹਰਮੇਸ਼ ਸਿੰਘ ਢੇਸੀ, ਭੁਪਿੰਦਰ ਸਿੰਘ ਵੜੈਚ, ਕੁਲਵਿੰਦਰ ਸਿੰਘ ਵੜੈਚ, ਤਰਸੇਮ ਸਿੰਘ ਬੈਂਸ, ਦਲਜੀਤ ਸਿੰਘ ਐਡਵੋਕੇਟ,ਅਵਤਾਰ ਸਿੰਘ ਕੱਟ,ਬੂਟਾ ਸਿੰਘ ਮਹਿਮੂਦ ਪੁਰ, ਜਸਬੀਰ ਦੀਪ,ਸੁਰਿੰਦਰ ਸਿੰਘ ਮਹਿਰਮਪੁਰ,ਕੁਲਵਿੰਦਰ ਸਿੰਘ ਚਾਹਲ ਅਤੇ ਸੀਡ ਪੈਜਟੀਸਾਈਡਜ਼ ਐਂਡ ਫਰਟੀਲਾਈਜਰਜ਼ ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਮਹਿੰਦਰਪਾਲ ਸਿੰਘ ਖਾਲਸਾ ਨੇ ਸੰਬੋਧਨ ਕੀਤਾ।ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਵਿਰੁੱਧ ਕਿਸਾਨੀ ਘੋਲ ਦੇਸ਼ ਵਿਆਪੀ ਰੂਪ ਧਾਰਨ ਕਰ ਚੁੱਕਾ ਹੈ ਪਰ ਸਰਕਾਰ ਇਸਦੀ ਵਿਸ਼ਾਲਤਾ ਨੂੰ ਜਾਣਬੁੱਝ ਘਟਾਕੇ ਪੇਸ਼ ਕਰ ਰਹੀ ਹੈ।ਇਸ ਘੋਲ ਨੂੰ ਫੇਹਲ ਕਰਨ ਲਈ ਸਰਕਾਰ ਦੇ ਸਾਰੇ ਹੱਥਕੰਡੇ ਬੇਅਸਰ ਸਾਬਤ ਹੋ ਰਹੇ ਹਨ।ਦੇਸ਼ ਦੇ 8 ਕਰੋੜ ਵਪਾਰੀਆਂ ਨੇ ਵੀ ਅੱਜ ਸਰਕਾਰ ਵਿਰੁੱਧ ਆਪਣਾ ਗੁੱਸਾ ਜਾਹਰ ਕੀਤਾ ਹੈ।ਸਰਕਾਰ ਸਮੇਤ ਇਸ ਕਿਸਾਨੀ ਘੋਲ ਵਿਰੋਧੀ ਸਾਰੀਆਂ ਸ਼ਕਤੀਆਂ ਇਕ ਮਿਕ ਹਨ ਅਤੇ ਉਹਨਾਂ ਦਾ ਕਿਸਾਨ ਵਿਰੋਧੀ ਚਿਹਰਾ ਨੰਗਾ ਹੋ ਰਿਹਾ ਹੈ।
ਮੀਟਿੰਗ ਵਿਚ ਇਹ ਵੀ ਨੋਟ ਕੀਤਾ ਗਿਆ ਕਿ ਪੰਜਾਬ ਦੀ ਕੈਪਟਨ ਸਰਕਾਰ ਕਿਸਾਨੀ ਘੋਲ ਨੂੰ ਕੰਮਜੋਰ ਕਰਨ ਲਈ ਕਰੋਨਾ ਦੇ ਬਹਾਨੇ ਪਹਿਲੀ ਮਾਰਚ ਤੋਂ ਸੂਬੇ ਅੰਦਰ ਪਾਬੰਦੀਆਂ ਲਾਉਣ ਜਾ ਰਹੀ ਹੈ ਪਰ ਕਿਸਾਨ ਇਹਨਾਂ ਪਾਬੰਦੀਆਂ ਨੂੰ ਦਰਕਿਨਾਰ ਕਰਦਿਆਂ ਘੋਲ ਨੂੰ ਤਿੱਖਾ ਕਰਨ ਲਈ ਹਰ ਢੰਗ ਤਰੀਕੇ ਵਰਤਣਗੇ।ਇਸਦੇ ਲਈ ਮੀਟਿੰਗਾਂ, ਰੈਲੀਆਂ ,ਮੁਜਾਹਰਿਆਂ ਤੋਂ ਇਲਾਵਾ ਜਾਗੋਆ,ਪ੍ਰਭਾਤ ਫੇਰੀਆਂ ਅਤੇ ਮਸ਼ਾਲ ਮਾਰਚ ਵੀ ਕੱਢੇ ਜਾਣਗੇ।ਜੇਕਰ ਪੰਜਾਬ ਸਰਕਾਰ ਨੇ ਪੁਲਸ ਦੇ ਡੰਡੇ ਨਾਲ ਲੌਕਡਾਉਨ ਦੀਆਂ ਪਾਬੰਦੀਆਂ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਇਸਦਾ ਤਿੱਖਾ ਜਨਤਕ ਵਿਰੋਧ ਕੀਤਾ ਜਾਵੇਗਾ।ਇਸ ਮੀਟਿੰਗ ਵਿਚ ਸੰਦੀਪ ਰਾਣਾ ਮੁਜੱਫਰਪੁਰ,ਮੱਖਣ ਸਿੰਘ ਭਾਨਮਜਾਰਾ,ਜਰਨੈਲ ਸਿੰਘ ਕਾਹਮਾ, ਜਸਵੀਰ ਸਿੰਘ ਮੰਗੂਵਾਲ,ਲਖਵੀਰ ਸਿੰਘ ਸਰਹਾਲ ਮੁੰਡੀ ਅਤੇ ਕਰਨੈਲ ਸਿੰਘ ਉੜਾਪੜ ਨੇ ਵੀ ਵਿਚਾਰ ਪੇਸ਼ ਕੀਤੇ।