ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆਂ) 8 ਫ਼ਰਵਰੀ 2021 - ਦਿੱਲੀ ਦੇ ਬਾਰਡਰਾਂ 'ਤੇ ਕਿਸਾਨਾਂ ਵੱਲੋਂ ਨਵੇਂ ਖੇਤੀ ਕਾਨੂੰਨਾਂ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਜਾਰੀ ਹੈ। ਸਰਕਾਰ ਨਾਲ 11 ਦੌਰ ਦੀ ਗੱਲਬਾਤ ਮਗਰੋਂ ਵੀ ਇਸ ਮੁੱਦੇ ਦਾ ਹੱਲ ਨਹੀਂ ਨਿਕਲ ਸਕਿਆ ਹੈ। 72 ਦਿਨਾਂ ਤੋਂ ਜਾਰੀ ਇਸ ਸੰਘਰਸ਼ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਭਾਰਤੀ ਭਾਈਚਾਰੇ ਵੱਲੋਂ ਸਮਰਥਨ ਦਿੱਤਾ ਜਾ ਰਿਹਾ ਹੈ। ਇਸ ਸਿਲਸਿਲੇ ਵਿਚ ਨੂੰ ਅਮਰੀਕਾ ਭਰ ਦੀਆਂ ਸਿੱਖ ਜੱਥੇਬੰਦੀਆਂ ਤੇ ਸਮਾਜਿਕ ਸੰਸਥਾਵਾਂ ਵੀ ਕਿਸਾਨਾਂ ਦੇ ਹੱਕ ਵਿੱਚ ਨਿਤਰੀਆ ਹਨ। ਇਸੇ ਕੜੀ ਤਹਿਤ ਰਾਜ ਕੌਰ ਸੋਢੀ ਅਤੇ ਪੀਸੀਏ ਦੇ ਸਹਿਯੋਗ ਨਾਲ ਫਰਿਜ਼ਨੋ ਦੇ ਗੁਰਦਵਾਰਾ ਸਿੰਘ ਸਭਾ ਵਿਖੇ ਅਰਦਾਸ ਨਾਮੀ ਪ੍ਰੋਗਰਾਮ ਕੀਤਾ ਗਿਆ।
ਇਸ ਮੌਕੇ ਜਿੱਥੇ ਕਿਸਾਨ ਸੰਘਰਸ਼ ਦੀ ਸਫਲਤਾ ਲਈ ਅਰਦਾਸ ਕੀਤੀ ਗਈ, ਉੱਥੇ ਫਰਿਜ਼ਨੋ ਸਿਟੀ ਦੇ ਮੇਅਰ ਜੈਰੀ ਡਾਇਰ, ਸੈਨਵਾਕੀਨ ਸਿਟੀ ਮੇਅਰ ਰੂਬੀ ਧਾਲੀਵਾਲ, ਫਰਿਜ਼ਨੋ ਸਿਟੀ ਕੌਂਸਲ ਮੈਂਬਰ ਨਿਲਸਨ ਇਸਪਾਰਜ਼ਾ, ਪੀਸੀਏ ਮੈਂਬਰ ਸੁਖਬੀਰ ਸਿੰਘ ਭੰਡਾਲ, ਗੁਰੂ ਘਰ ਦੇ ਸੈਕਟਰੀ ਗੁਰਪ੍ਰੀਤ ਸਿੰਘ ਮਾਨ ਅਤੇ ਰਾਜ ਕੌਰ ਸੋਢੀ ਆਦਿ ਨੇ ਸੰਗਤ ਨੂੰ ਸੰਬੋਧਨ ਵੀ ਕੀਤਾ। ਜੈਰੀ ਡਾਇਰ ਨੇ ਕਿਹਾ ਕਿ ਫਰਿਜ਼ਨੋ ਏਰੀਆ ਦੁਨੀਆ ਭਰ ਵਿੱਚ ਖੇਤੀ ਦੀ ਹੱਬ ਕਰਕੇ ਜਾਣਿਆ ਜਾਂਦਾ ਹੈ। ਅਸੀਂ ਕਿਸਾਨ ਮੰਗਾ ਨੂੰ ਸਮਝਦੇ ਹਾਂ। ਇਸ ਸਮੇਂ ਇੰਡੀਆ ਭਰ ਵਿੱਚ ਕਿਸਾਨੀ ਅੰਦੋਲਨ ਪੂਰੇ ਜ਼ੋਰਾਂ ਤੇ ਹੈ, ‘ਤੇ ਮੇਰੇ ਸ਼ਹਿਰ ਵਿੱਚ ਵੱਡੀ ਗਿਣਤੀ ਵਿੇਚ ਪੰਜਾਬੀ ਕਿਸਾਨ ਵਸਦੇ ਨੇ, ਜਿੰਨਾ ਦੀਆ ਜਾਇਦਾਦਾਂ ਪੰਜਾਬ ਵਿੱਚ ਹਨ ਅਗਰ ਉਹ ਇਹਨਾਂ ਕਾਲੇ ਕਨੂੰਨਾਂ ਕਰਕੇ ਦੁਖੀ ਹਨ ‘ਤਾਂ ਮੈ ਵੀ ਸੁਖੀ ਕਿਵੇ ਹੋ ਸਕਦਾ ਹਾਂ।
ਉਹਨਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਕਿਸਾਨਾਂ ਤੇ ਕੀਤੇ ਜਾ ਰਹੇ ਜ਼ੁਲਮ ਦੇ ਖ਼ਿਲਾਫ਼ ਉਹ ਅਵਾਜ਼ ਬੁਲੰਦ ਕਰਦੇ ਰਹਿਣਗੇ। ਉਹਨਾਂ ਕਿਹਾ ਕਿ ਕਿਸਾਨ ਸੰਘਰਸ਼ ਦੇ ਹੱਕ ਵਿੇਚ ਆਉਣ ਤੇ ਮੈਨੂੰ ਬਹੁਤ ਸਾਰੀਆਂ ਧਮਕੀ ਭਰੀਆਂ ਏ ਮੇਲ ਵੀ ਆਈਆਂ ਹਨ, ਪਰ ਮੈ ਸੱਚ ਦੇ ਹਮੇਸ਼ਾ ਖੜਿਆ ਹਾਂ ਅਤੇ ਖੜਾ ਰਹਾਂਗਾ ।