ਸੰਯੁਕਤ ਮੋਰਚਾ 6 ਮਾਰਚ ਨੁੰ ਕੇ ਐਮ ਪੀ ਐਕਸਪ੍ਰੈਸਵੇਅ ’ਤੇ ਪੰਜ ਘੰਟੇ ਲਈ ਕਰੇਗਾ ਨਾਕਾਬੰਦੀ, ਮਨਾਏਗਾ ਕਾਲਾ ਦਿਨ
ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਨੁੰ ਡਟੇ ਹੋਇਆ 100ਵਾਂ ਦਿਨ
ਨਵੀਂ ਦਿੱਲੀ, 5 ਮਾਰਚ, 2021 : ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ 'ਚ ਦਿੱਲੀ ਦੀਆਂ ਸਰਹੱਦਾਂ 'ਚ ਚੱਲ ਰਹੇ ਵੱਡੇ ਅਤੇ ਸ਼ਾਂਤਮਈ ਕਿਸਾਨ-ਅੰਦੋਲਨ ਨੂੰ 100 ਦਿਨ ਹੋਏ ਹਨ। ਭਲਕੇ (6 ਮਾਰਚ) ਨੂੰ ਕੇਐਮਪੀ ਐਕਸਪ੍ਰੈਸਵੇਅ' ਤੇ 5 ਘੰਟੇ ਦੀ ਨਾਕਾਬੰਦੀ ਕਰਨ ਤੋਂ ਇਲਾਵਾ ਕਾਲੇ ਦਿਨ ਵਜੋਂ ਵੀ ਮਨਾਇਆ ਜਾਵੇਗਾ। ਨਾਲ ਹੀ ਪੂਰੇ ਦੇਸ਼ ਵਿੱਚ ਸੱਦਾ ਦਿੱਤਾ ਜਾਂਦਾ ਹੈ ਕਿ ਸਾਰੇ ਨਾਗਰਿਕ ਆਵਦੇ ਘਰਾਂ, ਦਫਤਰਾਂ ਅਤੇ ਵਾਹਨਾਂ ਤੇ ਕਾਲੇ ਝੰਡੇ ਲਹਿਰਾਉਣ।
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਕਿਰਤੀ ਕਿਸਾਨ ਯੂਨੀਅਨ ਪੰਜਾਬ ਅਤੇ ਮਰਹੂਮ ਕਿਸਾਨ ਆਗੂ ਸਾਥੀ ਦਾਤਾਰ ਸਿੰਘ ਦੇ ਪਰਿਵਾਰ ਦੇ ਦੁਖ਼ 'ਚ ਸ਼ਰੀਕ ਹੋਏ, ਵਿਛੜੇ ਆਗੂ ਨੂੰ ਲੋਕ-ਜਥੇਬੰਦੀਆਂ ਅਤੇ ਚੱਲ ਰਹੇ ਕਿਸਾਨ-ਅੰਦੋਲਨ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਸ਼ਰਧਾਂਜਲੀਆਂ ਭੇਂਟ ਕੀਤੀਆਂ ਗਈਆਂ। ਜ਼ਿਕਰਯੋਗ ਹੈ ਕਿ ਕਿਰਤੀ ਕਿਸਾਨ ਯੂਨੀਅਨ(ਪੰਜਾਬ) ਦੇ ਪ੍ਰਧਾਨ ਕਾਮਰੇਡ ਦਾਤਾਰ ਸਿੰਘ ਦਾ 21 ਫਰਵਰੀ 2021 ਨੂੰ ਇੱਕ ਜਨਤਕ-ਸਭਾ ਨੂੰ ਸੰਬੋਧਨ ਕਰਨ ਉਪਰੰਤ ਦਿਲ ਦਾ ਦੌਰਾ ਪੈਣ ਕਾਰਨ ਅੰਮ੍ਰਿਤਸਰ ਵਿੱਚ ਦੇਹਾਂਤ ਹੋ ਗਿਆ ਸੀ। ਅੱਜ ਅੰਮ੍ਰਿਤਸਰ ਵਿਖੇ ਆਯੋਜਿਤ ਸ਼ਰਧਾਂਜਲੀ-ਸਮਾਰੋਹ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਵਿਛੜੇ ਕਿਸਾਨ-ਆਗੂ ਦੇ ਯੋਗਦਾਨ ਨੂੰ ਯਾਦ ਕੀਤਾ ਅਤੇ ਅੰਦੋਲਨ ਨੂੰ ਅੱਗੇ ਤੋਰਨ ਦਾ ਸੰਕਲਪ ਲਿਆ।
ਕਿਸਾਨ ਮੱਧ ਪ੍ਰਦੇਸ਼ ਦੇ ਛਤਰਪੁਰ ਵਿੱਚ 87 ਦਿਨਾਂ ਤੋਂ ਧਰਨੇ ’ਤੇ ਬੈਠੇ ਹਨ। ਪਰ ਪੁਲਿਸ ਅਤੇ ਪ੍ਰਸ਼ਾਸਨ ਨੇ ਟੈਂਟ ਲਗਾਉਣ ਦੀ ਆਗਿਆ ਨਹੀਂ ਦਿੱਤੀ ਸੀ ਅਤੇ ਨਾ ਹੀ ਕੋਈ ਹੋਰ ਸਹਾਇਤਾ ਪ੍ਰਦਾਨ ਕੀਤੀ ਸੀ। ਇਥੇ 3 ਅਤੇ 4 ਮਾਰਚ ਨੂੰ ਮਹਾਂ-ਪੰਚਾਇਤਾਂ ਦਾ ਆਯੋਜਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਟੈਂਟ ਲਗਾਉਣ ਦੀ ਆਗਿਆ ਦੇ ਦਿੱਤੀ ਗਈ ਹੈ।
ਦਿੱਲੀ ਪੁਲਿਸ ਦੀਆਂ ਵਧੀਕੀਆਂ ਮੁੜ ਸਾਹਮਣੇ ਆਈਆਂ ਹਨ । ਮਨਜੀਤ ਕੌਰ ਡੋਬਕਾ ਦੀ ਅਗਵਾਈ ਵਿੱਚ ਔਰਤਾਂ ਦਾ ਇਕ ਸਮੂਹ ਬੁੱਧਵਾਰ ਰਾਤ ਨੂੰ ਸਿੰਘੂ ਤੋਂ ਗੁਰੂਦੁਆਰਾ ਰਕਾਬਗੰਜ ਸਾਹਿਬ ਲਈ ਰਵਾਨਾ ਹੋਇਆ ਸੀ। ਸਿਰਫ ਇਸੇ ਕਰਕੇ ਕਿ ਉਨ੍ਹਾਂ ਨੇ ਕਾਰਾਂ 'ਤੇ ਸ੍ਰੀ ਨਿਸ਼ਾਨ ਸਾਹਿਬ ਅਤੇ ਕਿਸਾਨ ਜਥੇਬੰਦੀਆਂ ਦੇ ਝੰਡੇ ਲਾਏ ਹੋਏ ਸੀ, ਇਸ ਲਈ ਉਨ੍ਹਾਂ ਦੀ ਗੱਡੀ ਨੂੰ ਦਿੱਲੀ ਪੁਲਿਸ ਦੀ ਆਊਟਰ ਰਿੰਗ ਰੋਡ ਚੈੱਕ ਪੋਸਟ ਦੇ ਨੇੜੇ ਰੋਕ ਦਿੱਤਾ ਗਿਆ। ਉਨ੍ਹਾਂ ਨੂੰ ਉਨ੍ਹਾਂ ਦੀ ਗੱਡੀ ਤੋਂ ਝੰਡੇ ਹਟਾਉਣ ਲਈ ਕਿਹਾ ਗਿਆ ਸੀ। ਜਦੋਂ ਉਨ੍ਹਾਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਨ੍ਹਾਂ ਨੂੰ ਤਿਲਕ ਮਾਰਗ ਥਾਣੇ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਇਸ ਸਮੂਹ ਵਿੱਚ ਬਰਨਾਲਾ ਦੀ ਰਹਿਣ ਵਾਲੀ ਯਸਮੀ ਕੌਰ ਨਾਮੀ 2 ਸਾਲ ਦੀ ਇੱਕ ਬੱਚੀ ਵੀ ਸ਼ਾਮਲ ਸੀ। ਕਾਨੂੰਨ ਅਨੁਸਾਰ 7 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਇੱਕ ਥਾਣੇ ਵਿੱਚ ਨਜ਼ਰਬੰਦ ਨਹੀਂ ਕੀਤਾ ਜਾਣਾ ਚਾਹੀਦਾ, ਦੂਜਾ, ਸ਼ਾਮ ਤੋਂ ਬਾਅਦ ਕਿਸੇ ਵੀ ਔਰਤ ਨੂੰ ਇੱਕ ਪੁਲਿਸ ਸਟੇਸ਼ਨ 'ਤੇ ਰੱਖਿਆ ਨਹੀਂ ਜਾਣਾ ਚਾਹੀਦਾ, ਪਰ ਸਪੱਸ਼ਟ ਤੌਰ 'ਤੇ ਦਿੱਲੀ ਪੁਲਿਸ ਦੀਆਂ ਕਾਰਵਾਈਆਂ ਗੈਰ-ਕਾਨੂੰਨੀ ਹਨ ਅਤੇ ਸੰਯੁਕਤ ਕਿਸਾਨ ਮੋਰਚਾ ਇਸ ਦੀ ਸਖ਼ਤ ਨਿਖੇਧੀ ਕਰਦਾ ਹੈ।