ਅਸ਼ੋਕ ਵਰਮਾ
ਨਵੀਂ ਦਿੱਲੀ , 01 ਮਾਰਚ 2021: ਟਿਕਰੀ ਬਾਰਡਰ ਤੇ ਬੀਕੇਯੂ ਏਕਤਾ ਉਗਰਾਹਾਂ ਦੀ ਸਟੇਜ ਤੋਂ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਹਰਜਿੰਦਰ ਸਿੰਘ ਬੱਗੀ ਅਤੇ ਸੁਖਪਾਲ ਸਿੰਘ ਮਾਣਕ ਨੇ ਕਿਹਾ ਕਿ ਪਹਿਲਾਂ ਹੀ 1967 ਵਿੱਚ ਕਾਰਪੋਰੇਟ ਕੰਪਨੀਆਂ ਦੇਸ਼ ਸੁਪਰ ਮੁਨਾਫ਼ਿਆਂ ਲਈ ਧੱਕੇ ਨਾਲ ਲਾਗੂ ਕੀਤੀ ਹਰੀ ਕ੍ਰਾਂਤੀ ਨੇ ਕਿਸਾਨਾਂ ਮਜ਼ਦੂਰਾਂ ਦੇ ਘਰਾਂ ਵਿੱਚ ਸੱਥਰ ਵਿਛਾ ਦਿੱਤੇ ਹਨ ।ਉਦੋਂ ਵੀ ਕਿਸਾਨਾਂ ਨੇ ਸਰਕਾਰਾਂ ਵੱਲੋਂ ਫ਼ਸਲਾਂ ਦੇ ਵਧੇਰੇ ਝਾੜ ਲਈ ਲਿਆਂਦੀਆਂ ਰਸਾਇਣਕ ਖਾਦਾਂ ਅਤੇ ਵੱਡੀ ਮਸ਼ੀਨਰੀ ਦਾ ਵਿਰੋਧ ਕੀਤਾ ਸੀ । ਉਨ੍ਹਾਂ ਕਿਹਾ ਕਿ ਹਰੇ ਇਨਕਲਾਬ ਦੇ ਨਾਂ ਹੇਠ ਬੀਜਾਂ , ਤੇਲ, ਮਸ਼ੀਨਰੀ ,ਖਾਦਾਂ ਆਦਿ ਵੇਚਣ ਵਾਲੀਆਂ ਕੰਪਨੀਆਂ ਤਾਂ ਮਾਲੋ ਮਾਲ ਹੋ ਗਈਆਂ ਪਰ ਫ਼ਸਲਾਂ ਦੇ ਝਾੜ ਵਧਣ ਦੇ ਬਾਵਜੂਦ ਵੀ ਕਿਸਾਨਾਂ ਮਜ਼ਦੂਰਾਂ ਗਲ਼ ਗਲ਼ ਤਕ ਕਰਜ਼ੇ ਚੜ੍ਹ ਗਏ ,ਕਰਜ਼ੇ ਚ ਜ਼ਮੀਨਾਂ ਵਿਕਣ ਕਾਰਨ ਬਹੁਤੇ ਕਿਸਾਨ ਬੇਜ਼ਮੀਨੇ ਹੋ ਗਏ ।
ਉਨ੍ਹਾਂ ਕਿਹਾ ਕਿ ਰਸਾਇਣਕ ਖਾਦਾਂ ਅਤੇ ਸਪਰੇਆਂ ਦੀ ਵਰਤੋਂ ਨੇ ਵਾਤਾਵਰਨ ਖ਼ਰਾਬ ਕਰ ਦਿੱਤਾ ਜਿਸਦੇ ਸਿੱਟੇ ਵਜੋਂ ਘਰ ਘਰ ਬਿਮਾਰੀਆਂ ਦੇ ਢੇਰ ਲੱਗ ਗਏ । ਪਿੰਡਾਂ ਵਿੱਚ ਪਰਿਵਾਰਕ ਸਮਾਜਿਕ ਸਾਂਝਾਂ ਖ਼ਤਮ ਹੋ ਗਈਆਂ ।ਘਰ ਘਰ ਵਾਧੂ ਪਿਆ ਦੁੱਧ ਲੱਸੀ ਘਿਉ ਖ਼ਤਮ ਹੋ ਗਏ । ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਹੀ ਧੱਕੇ ਨਾਲ ਕੀਤੀਆਂ ਨੀਤੀਆਂ ਨੇ ਕਿਸਾਨਾਂ ਕੋਲੋਂ ਇਨ੍ਹਾਂ ਕੁਝ ਖੋਹ ਲਿਆ ਹੈ ਅਤੇ ਹੁਣ ਫਿਰ ਦੇਸ਼ ਦੇ ਹਾਕਮ ਕਾਰਪੋਰੇਟ ਘਰਾਣਿਆਂ ਦੇ ਮੁਨਾਫ਼ਿਆਂ ਵਿੱਚ ਹੋਰ ਵਾਧਾ ਕਰਨ ਲਈ ਧੱਕੇ ਨਾਲ ਖੇਤੀ ਵਿਰੋਧੀ ਕਾਲੇ ਕਾਨੂੰਨ ਲਾਗੂ ਕਰਨ ਜਾ ਰਹੇ ਹਨ ਜੋ ਕਿਰਤੀ ਲੋਕਾਂ ਦੇ ਮੌਤ ਦੇ ਵਾਰੰਟ ਹਨ ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਸਰਕਾਰ ਦੀਆਂ ਚਾਲਾਂ ਸਮਝ ਆ ਚੁੱਕੀਆਂ ਹਨ ਅਤੇ ਉਹ ਹੁਣ ਲੰਮੇ ਵਿਸਾਲ ਦ੍ਰਿੜ੍ਹ ਸੰਘਰਸ਼ਾਂ ਰਾਹੀਂ ਆਪਣੀ ਜ਼ਿੰਦਗੀ ਅਤੇ ਜ਼ਮੀਨਾਂ ਬਚਾਉਣ ਦੀ ਲੜਾਈ ਨੂੰ ਜਿੱਤ ਕੇ ਹੀ ਵਾਪਸ ਮੋੜਨਗੇ । ਅੱਜ ਦੇ ਇਕੱਠ ਨੂੰ ਸੱਤਪਾਲ ਸਿੰਘ ਫਾਜ਼ਿਲਕਾ ,ਜਸਵੰਤ ਸਿੰਘ ਤੋਲਾਵਾਲ, ਮਨਜੀਤ ਸਿੰਘ ਘਰਾਚੋਂ ,ਗੁਰਦੇਵ ਸਿੰਘ ਕਿਸ਼ਨਪੁਰਾ, ਹਰਜੀਤ ਸਿੰਘ ਦੀਵਾਨਾ ,ਡਾ ਰੁਪਿੰਦਰ ਸਿੰਘ ,ਜਗਸੀਰ ਸਿੰਘ ,ਹਰਪਾਲ ਕੌਰ ਚੌਕੇ ਅਤੇ ਪਰਮਜੀਤ ਕੌਰ ਪਿੱਥੋ ਨੂੰ ਵੀ ਸੰਬੋਧਨ ਕੀਤਾ ।