ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਹੁਣ ਕੇਂਦਰ ਸਰਕਾਰ ਨੂੰ ਸਬਕ ਸਿਖਾਉਣ ਲਈ ਤਿਆਰ: ਬਡਹੇੜੀ
ਚੰਡੀਗੜ੍ਹ, 19 ਫਰਵਰੀ 2021 - ਉੱਘੇ ਸਿੱਖ ਕਿਸਾਨ ਆਗੂ, ਆਲ ਇੰਡੀਆ ਜੱਟ ਮਹਾਂਸਭਾ ਦੇ ਚੰਡੀਗੜ੍ਹ ਸਟੇਟ ਪ੍ਰਧਾਨ ਅਤੇ ਮਹਾਂਸਭਾ ਦੇ ਰਾਸ਼ਟਰੀ ਡੈਲੀਗੇਟ ਸਰਦਾਰ ਰਾਜਿੰਦਰ ਸਿੰਘ ਬਡਹੇੜੀ ਨੇ ਆਮ ਜਨਤਾ ਉੱਤੇ ਨਿੱਤ ਵਧਦੀ ਜਾ ਰਹੀ ਮਹਿੰਗਾਈ ਦੀ ਮਾਰ ਉੱਤੇ ਡੂੰਘੀ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਹੈ ਕਿ ਦਰਅਸਲ, ਤੇਲ ਕੀਮਤਾਂ ਨੂੰ ਅੱਗ ਲੱਗਣ ਕਾਰਣ ਆਵਾਜਾਈ ਦੇ ਖ਼ਰਚੇ ਵਧਦੇ ਜਾ ਰਹੇ ਹਨ। ਇਸੇ ਲਈ ਮਹਿੰਗਾਈ ਵੀ ਨਿੱਤ ਵਧਦੀ ਜਾ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅਤੇ ਆਰਐੱਸਐੱਸ ਦੀ ਅਗਵਾਈ ਹੇਠਲੀ ਮੋਦੀ ਸਰਕਾਰ ਇਸ ਸਾਰੇ ਹਾਲਾਤ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ। ਇਹ ਸਰਕਾਰ ਮਹਿੰਗਾਈ ਦੀ ਮਾਰ ਨਾਲ ਹੀ ਗ਼ਰੀਬਾਂ ਦਾ ਖ਼ਾਤਮਾ ਕਰ ਕੇ ਸਰਮਾਏਦਾਰਾਂ ਤੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਸਦਾ ਲਈ ਦੇਸ਼ ਵਿੱਚ ਸਥਾਪਤ ਕਰਨਾ ਚਾਹੁੰਦੀ ਹੈ।
ਸ੍ਰ:ਬਡਹੇੜੀ ਨੇ ਕਿਹਾ ਕਿ ਇਸ ਵੇਲੇ ਮੋਦੀ ਸਰਕਾਰ ਨੂੰ ਹਰ ਤਰ੍ਹਾਂ ਦੀ ਝੰਡੀ ਕਾਰਪੋਰੇਟ ਘਰਾਣਿਆਂ ਤੋਂ ਹੀ ਮਿਲ ਰਹੀ ਹੈ ਤੇ ਇਹ ਸਰਮਾਏਦਾਰ ਤੱਤ ਆਪਣੀਆਂ ਵਸਤਾਂ ਮਹਿੰਗੇ ਭਾਅ ਵੇਚਣ ਲਈ ਕੇਂਦਰ ਸਰਕਾਰ ਨੂੰ ਆਪਣੇ ਹੱਕ ਵਿੱਚ ਨੀਤੀਆਂ ਬਣਾਉਣ ਲਈ ਮਜਬੂਰ ਕਰ ਰਹੇ ਹਨ।
ਕਿਸਾਨ ਨੇਤਾ ਸ. ਬਡਹੇੜੀ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਵੇਲੇ ਆਕਾਸ਼ ’ਚ ਉੱਡ ਰਹੇ ਹਨ ਅਤੇ ਉਨ੍ਹਾਂ ਨੂੰ ਨਾ ਤਾਂ ਮਹਿੰਗਾਈ ਦੀ ਮਾਰ ਝੱਲ ਰਹੇ ਆਮ ਲੋਕਾਂ ਦੀ ਪਰਵਾਹ ਹੈ ਤੇ ਨਾ ਹੀ ਉਨ੍ਹਾਂ ਦਾ ਪਿਛਲੇ ਲੰਮੇ ਸਮੇਂ ਤੋਂ ਅੰਦੋਲਨ ਕਰ ਰਹੇ ਕਿਸਾਨਾਂ ਦੇ ਦੁੱਖਾਂ ਤੋਂ ਕੋਈ ਲੈਣਾ–ਦੇਣਾ ਹੈ। ਇਸ ਵੇਲੇ ਉਹ ਇੱਕ ਤਰ੍ਹਾਂ ਆਕਾਸ਼ ਵਿੱਚ ਉੱਡ ਰਹੇ ਹਨ ਪਰ ਛੇਤੀ ਹੀ ਉਹ ਸਮੁੰਦਰ ਵਿੱਚ ਡਿੱਗਣ ਵਾਲੇ ਹਨ।
ਉਨ੍ਹਾਂ ਕਿਹਾ ਕਿ ਜਿੰਨੀ ਛੇਤੀ ਨਰਿੰਦਰ ਮੋਦੀ ਦਾ ਰਾਸ਼ਟਰੀ ਨੇਤਾ ਵਜੋਂ ਉਭਾਰ ਹੋਇਆ ਸੀ, ਓਨੀ ਹੀ ਛੇਤੀ ਆਮ ਜਨਤਾ ਹੁਣ ਉਨ੍ਹਾਂ ਪਤਨ ਦੀਆਂ ਡੂੰਘਾਣਾਂ ਵਿੱਚ ਗਰਕ ਕਰ ਦੇਵੇਗੀ। ਸ੍ਰ:ਬਡਹੇੜੀ ਨੇ ਕਿਹਾ ਕਿ ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਹੁਣ ਛੇਤੀ ਹੀ ਮੋਦੀ ਸਰਕਾਰ ਨੂੰ ਚੰਗਾ ਸਬਕ ਸਿਖਾਉਣ ਜਾ ਰਹੇ ਹਨ।
ਸ੍ਰ:ਬਡਹੇੜੀ ਨੇ ਇਹ ਵੀ ਕਿਹਾ ਕਿ ਡਾ. ਮਨਮੋਹਨ ਸਿੰਘ ਸਰਕਾਰ ਵੇਲੇ ਤੇਲ ਦੀ ਪ੍ਰਤੀ ਬੈਰਲ ਕੀਮਤ ਹੁਣ ਦੇ ਮੁਕਾਬਲੇ ਦੁੱਗਣੀ ਸੀ ਪਰ ਫਿਰ ਵੀ ਤੇਲ ਅੱਜ ਜਿੰਨਾ ਮਹਿੰਗਾ ਨਹੀਂ ਸੀ। ਤਦ ਭਾਜਪਾ ਦੇ ਆਗੂ ਨੰਗੇ ਹੋ–ਹੋ ਕੇ ਸੜਕਾਂ ਉੱਤੇ ‘ਅੰਦੋਲਨਜੀਵੀ’ ਹੋਏ ਘੁੰਮਦੇ ਸਨ। ਮੌਜੂਦਾ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਐੱਲਪੀਜੀ ਸਿਲੰਡਰ ਚੁੱਕ–ਚੁੱਕ ਕੇ ਸੜਕਾਂ ਉੱਤੇ ਘੁੰਮਦੀ ਹੁੰਦੀ ਸੀ। ਪਰ ਹੁਣ ਸਰਕਾਰ ਨੂੰ ਗ਼ਰੀਬਾਂ ਦੀ ਕੋਈ ਪਰਵਾਹ ਨਹੀਂ ਹੈ। ਸਰਕਾਰ ਨੇ ਜਿਸ ਹਿਸਾਬ ਨਾਲ ‘ਅੱਤ’ ਚੁੱਕੀ ਹੋਈ ਹੈ, ਉਸ ਦਾ ‘ਅੰਤ’ ਵੀ ਨੇੜੇ ਹੈ।