ਅਸ਼ੋਕ ਵਰਮਾ
ਬਰਨਾਲਾ,23ਫਰਵਰੀ2021: ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਚੱਲ ਰਹੇ ਸੰਘਰਸ਼ ਦੌਰਾਨ ਕਿਸਾਨਾਂ ਮਜਦੂਰਾਂ ਅਤੇ ਜਨਤਕ ਧਿਰਾਂ ਨੇ ਪਗੜੀ ਸੰਭਾਲ ਜੱਟਾ ਲਹਿਰ ਦੇ ਬਾਨੀ ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਨੂੰ ਯਾਦ ਕਰਦਿਆਂ ਕਾਲੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀਕਲਾਂ, ਅਮਰਜੀਤ ਕੌਰ,ਪ੍ਰੇਮਪਾਲ ਕੌਰ, ਹਰਚਰਨ ਚੰਨਾ, ਜਗਰਾਜ ਰਾਮਾ, ਕਰਨੈਲ ਸਿੰਘ ਗਾਂਧੀ, ਮੇਲਾ ਸਿੰਘ ਕੱਟੂ, ਬਾਰਾ ਸਿੰਘ ਬਦਰਾ,ਖੁਸ਼ੀਆ ਸਿੰਘ, ਗੁਲਾਬ ਸਿੰਘ ਗਿੱਲ,ਮਹਿੰਦਰ ਸਿੰਘ ਵੜੈਚ,ਗੋਰਾ ਸਿੰਘ ਢਿੱਲਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੇ ਤਿੰਨ ਕਾਨੂੰਨਾਂ ਖਿਲਾਫ ਚਾਚਾ ਅਜੀਤ ਸਿੰਘ ਹੋਰਾਂ 9 ਮਹੀਨੇ ਲੰਬਾ ਸੰਘਰਸ਼ ਲੜਿਆ ਸੀ ਉਸ ਦੀ ਅੱਜ ਵੀ ਓਨੀ ਹੀ ਸਾਰਥਿਕਤਾ ਹੈ ਕਿਉਂਕਿ ਮੋਦੀ ਸਰਕਾਰ ਤਾਂ ਉਸ ਤੋਂ ਵੀ ਲੋਕ ਮਾਰੂ ਕਾਨੂੰਨ ਲੈ ਕੇ ਆਈ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਭੋਇੰ ਦੀ ਆਬਾਦਕਾਰੀਅਤ (ਪੰਜਾਬ) ਦਾ ਬਿੱਲ (1907),ਪੰਜਾਬ ਇੰਤਕਾਲੇ ਅਰਾਜੀ (ਵਾਹੀ ਹੇਠਲੀ ਜਮੀਨ) ਐਕਟ ਬਿੱਲ ਮੁਜਰੀਆ(1907),ਜਿਲ੍ਹਾ ਰਾਵਲ ਪਿੰਡੀ ਵਿੱਚ ਵਾਹੀ ਹੇਠ ਜਮੀਨ ਦੇ ਮਾਲੀਆ ਵਿੱਚ ਵਾਧਾ, ਬਾਰੀ ਦੁਆਬ ਨਹਿਰ ਦੀ ਜਮੀਨਾਂ ਦੇ ਪਾਣੀ ਟੈਕਸ ਵਿੱਚ ਵਾਧਾ ਬਿੱਲ ਬਰਤਾਨਵੀ ਸਾਮਰਾਜੀਆਂ ਵੱਲੋਂ ਗੁਲਾਮੀ ਦੀ ਜੂਨ ਹੰਢਾ ਰਹੇ ਭਾਰਤੀ ਲੋਕਾਂ ਖਾਸ ਕਰ ਪੰਜਾਬੀ ਕਿਸਾਨਾਂ ਦੇ ਉਜਾੜੇ ਲਈ ਲਿਆਂਦੇ ਗਏ ਸਨ। ਉਨ੍ਹਾਂ ਦੱਸਿਆ ਕਿ ਸਾਮਰਾਜੀਆਂ ਦੇ ਦਲਾਲ ਹਕੂਮਤੀ ਗੱਦੀ ਉੱਪਰ ਕਾਬਜ ਭਾਰਤੀ ਹਾਕਮ ਖੇਤੀ ਵਿਰੋਧੀ ਠੇਕਾ ਖੇਤੀ, ਮੰਡੀ ਕਾਨੂੰਨ, ਜਖੀਰੇਬਾਜੀ ਕਾਨੂੰਨ ਲੈਕੇ ਆਏ ਹਨ, ਉਹ ਵੀ ਮੁਲਕ ਦੇ ਕਿਸਾਨਾਂ ਨੂੰ ਹੋਰ ਵੀ ਵੱਧ ਜਾਬਰ ਢੰਗ ਨਾਲ ਖੇਤੀ ਵਿੱਚੋਂ ਉਜਾੜਨ ਵਾਲੇ ਹਨ। ਉਨ੍ਹਾਂ ਕਿਹਾ ਕਿ ਸਮੁੱਚਾ ਅਰਥਚਾਰਾ ਹੀ ਇਨ੍ਹਾਂ ਕਾਨੂੰਨਾਂ ਦੀ ਜੱਦ ਵਿੱਚ ਆਵੇਗਾ ।ਇਸੇ ਕਰਕੇ ਹੁਣ ਸੰਘਰਸ਼ ਕਿਸਾਨਾਂ ਦਾ ਨਾਂ ਰਹਿਕੇ ਲੋਕ ਸੰਘਰਸ਼ ਵਿੱਚ ਤਬਦੀਲ ਹੋ ਗਿਆ ਹੈ।
ਓਧਰ ਅੱਜ ਬੰਗਾਲ ਤੋਂ ਮਿਹਨਤਕਸ਼ ਟੀਵੀ ਤੋਂ ਸੁਭਾਸ਼ਿਨੀ ਅਤੇ ਸੌਰਵ ਨੇ ਬਰਨਾਲਾ ਅਤੇ ਆਸ ਪਾਸ ਦੇ ਇਲਾਕੇ ਵਿੱਚ ਚੱਲ ਰਹੇ ਸੰਘਰਸ਼ਸ਼ੀਲ ਕਾਫਲਿਆਂ ਨਾਲ ਬੇਸ਼ਕੀਮਤੀ ਤਜਰਬੇ ਸਾਂਝੇ ਕੀਤੇ ਅਤੇ ਆਗੂਆਂ ਦੇ ਰੂਬਰੂ ਵੀ ਹੋਏ। ਉਨ੍ਹਾਂ ਸਿੱਧੇ ਰੂਪ ਵਿੱਚ ਪਿੰਡਾਂ ਅੰਦਰ ਕਿਸਾਨਾਂ ਮਜਦੂਰਾਂ ਨਾਲ ਖੇਤੀ ਸਬੰਧੀ,ਫਸਲਾਂ ਦੇ ਮੰਡੀਕਰਨ,ਭੰਡਾਰਨ ਸਬੰਧੀ ਗੱਲਬਾਤ ਕੀਤੀ। ਇਨਕਲਾਬੀ ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਨਾਲ ਪੰਜਾਬ ਦੇ ਇਨਕਲਾਬੀ ਲਹਿਰ ਸਮੇਤ ਕਿਸਾਨ ਸੰਘਰਸ਼ਾਂ ਦੇ ਇਤਿਹਸਕ ਪਿਛੋਕੜ ਸਬੰਧੀ ਗੰਭੀਰ ਵਿਚਾਰਾਂ ਕੀਤੀਆਂ। ਮਿਹਨਤਕਸ਼ ਟੀਵੀ ਦੀ ਟੀਮ ਦੇ ਆਗੂਆਂ ਨਾਲ ਦਿੱਲੀ ਟਿਕਰੀ,ਸਿੰਘ ਅਤੇ ਗਾਜੀਪੁਰ ਬਾਰਡਰ ਵਿਖੇ ਬਿਤਾਏ ਸਮੇਂ ਬਾਰੇ ਵੀ ਜਾਣਕਾਰੀ ਦਿੱਤੀ। ਮੋਦੀ ਹਕੂਮਤ ਵੱਲੋਂ ਕਿਸਾਨ ਸੰਘਰਸ਼ ਨੂੰ ਜਬਰ ਦੀ ਮਾਰ ਹੇਠ ਲਿਆਉਣ ਦੇ ਵਿਰੁੱਧ 24 ਫਰਵਰੀ ਨੂੰ ‘ਜਬਰ ਵਿਰੋਧੀ ਦਿਵਸ’ ਵਜੋਂ ਮਨਾਉਣ ਦਾ ਐਲਾਨ ਕਰਦਿਆਂ ਆਗੂਆਂ ਨੇ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਵੱਡੀ ਗਿਣਤੀ ਵਿੱਚ ਪਹੁੰਚਣ ਦੀ ਜੋਰਦਾਰ ਅਪੀਲ ਕੀਤੀ।
ਇਸ ਸਮੇਂ ਸ਼ਹਿਰ ਵਿੱਚ ਵਿਸ਼ਾਲ ਮਾਰਚ ਕਰਨ ਤੋਂ ਬਾਅਦ ਡੀਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਕੇ ਜੇਲ੍ਹੀਂ ਡੱਕੇ ਕਿਸਾਨਾਂ ਨੂੰ ਰਿਹਾਅ ਕਰਨ, ਲਾਲ ਕਿਲੇ ਦੀਆਂ ਘਟਨਾਵਾਂ ਨਾਲ ਜੋੜਕੇ ਕਿਸਾਨ ਆਗੂਆਂ ਖਿਲਾਫ ਦਰਜ ਕੀਤੇ ਪੁਲਿਸ ਕੇਸ ਰੱਦ ਕਰਨ, ਸੰਯੁਕਤ ਕਿਸਾਨ ਮੋਰਚੇ ਦੇ ਹੱਕ ਵਿੱਚ ਟੂਲ ਕਿੱਟ ਰਾਹੀਂ ਪ੍ਰਚਾਰ ਕਰਨ ਵਾਲੀ ਦਿਸ਼ਾ ਰਾਵੀ ਹੋਰਾਂ ਖਿਲ਼ਾਫ ਦਰਜ ਕੀਤੇ ਦੇਸ਼ ਧ੍ਰੋਹ ਵਰਗੇ ਮੁਕੱਦਮੇ ਖਾਰਜ ਕਰਨ ਦੀ ਮੰਗ ਕੀਤੀ ਜਾਵੇਗੀ। ਅੱਜ ਜਗਰੂਪ ਸਿੰਘ ਠੁੱਲੀਵਾਲ,ਨਰਿੰਦਰਪਾਲ ਸਿੰਗਲਾ ,ਜਗਦੇਵ ਭੁਪਾਲ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਇਸ ਸਮੇਂ ਪਰਮਿੰਦਰ ਸਿੰਘ ਹੰਢਿਆਇਆ, ਬਿੱਕਰ ਸਿੰਘ ਔਲਖ, ਹਰਚਰਨ ਸਿੰਘ ਚਹਿਲ ,ਗੁਰਦਰਸ਼ਨ ਸਿੰਘ,ਬੂਟਾ ਸਿੰਘ ਫਰਵਾਹੀ,ਪਰਮਜੀਤ ਕੌਰ,ਬਲਵੀਰ ਕੌਰ,ਜਸਪਾਲ ਕੌਰ,ਮਨਜੀਤ ਕੌਰ,ਗਿਆਨੀ ਰਾਮ ਸਿੰਘ ਵੀ ਹਾਜਰ ਸਨ। ਅੱਜ 143 ਵੇਂ ਦਿਨ ਵੀਆਰ ਸੀ ਰਿਲਾਇੰਸ ਮਾਲ ਬਾਜਾ ਖਾਨਾ ਰੋਡ ਬਰਨਾਲਾ ਵਿਖੇ ਵੀ ਬੀਕੇਯੂ ਏਕਤਾ ਡਕੌਂਦਾ ਦੇ ਆਗੂਆਂ ਮੇਜਰ ਸਿੰਘ,ਜਸਵੰਤ ਸਿੰਘ ਦੀ ਅਗਵਾਈ ਹੇਠ ਘਿਰਾਓ ਜਾਰੀ ਰਿਹਾ।