ਨਵਾਂਸ਼ਹਿਰ 12 ਫਰਵਰੀ 2021 - ਅੱਜ ਪਿੰਡ ਹੰਸਰੋਂ ਦੀਆਂ ਬੀਬੀਆਂ ਦਾ ਜੱਥਾ ਕਿਰਤੀ ਕਿਸਾਨ ਯੂਨੀਅਨ ਵਲੋਂ ਰਿਲਾਇੰਸ ਕੰਪਨੀ ਦੇ ਨਵਾਂਸ਼ਹਿਰ ਸਟੋਰ ਅੱਗੇ ਚੱਲਦੇ ਧਰਨੇ ਤੋਂ ਦਿੱਲੀ ਮੋਰਚੇ ਵਿਚ ਸ਼ਾਮਲ ਹੋਣ ਲਈ ਟੈਂਪੂ ਟਰੈਵਲਰ ਰਾਹੀਂ ਰਵਾਨਾ ਹੋਇਆ।ਇਸ ਜੱਥੇ ਦੀ ਅਗਵਾਈ ਕਰਦੀਆਂ ਬਲਵਿੰਦਰ ਕੌਰ, ਜਸਵੀਰ ਕੌਰ, ਗੁਰਪ੍ਰੀਤ ਕੌਰ ਅਤੇ ਨਰਿੰਦਰ ਕੌਰ ਨੇ ਇਸ ਮੌਕੇ ਕਿਹਾ ਕਿ ਕਿਸਾਨੀ ਵਰਗ ਦੀਆਂ ਔਰਤਾਂ ਵੀ ਵੱਡੀ ਪੱਧਰ ਉੱਤੇ ਦਿੱਲੀ ਮੋਰਚੇ ਵਿਚ ਸ਼ਾਮਲ ਹੋ ਰਹੀਆਂ ਹਨ।
ਔਰਤਾਂ ਦੀ ਵੱਡੀ ਸ਼ਮੂਲੀਅਤ ਮੋਦੀ ਸਰਕਾਰ ਦੀਆਂ ਜੜ੍ਹਾਂ ਹਿਲਾ ਕੇ ਰੱਖ ਦੇਵੇਗੀ।ਜਿਸ ਘੋਲ ਵਿਚ ਔਰਤਾਂ ਸ਼ੇਰਨੀਆਂ ਬਣਕੇ ਗਰਜਣ ਉਸ ਘੋਲ ਦੇ ਮੱਥੇ ਉੱਤੇ ਜਿੱਤ ਸ਼ਬਦ ਅਮਿੱਟ ਤੌਰ ਉੱਤੇ ਉੱਕਰਿਆ ਜਾਂਦਾ ਹੈ।ਉਹਨਾਂ ਕਿਹਾ ਕਿ ਦੇਸ਼ ਦਾ ਕਿਸਾਨ ਜਿੱਤ ਦਾ ਪਰਚਮ ਲਹਿਰਾ ਕੇ ਰਹੇਗਾ।ਇਸ ਜੱਥੇ ਨੂੰ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਜਸਵੀਰ ਸਿੰਘ ਮਹਾਲੋਂ, ਜੋਗਾ ਸਿੰਘ ਮਹਿੰਦੀ ਪੁਰ ਅਤੇ ਗੁਰਦਿਆਲ ਰੱਕੜ ਨੇ ਰਵਾਨਾ ਕੀਤਾ।