- ਸਥਾਨਕ ਸਰਕਾਰ ਚੋਣਾਂ ਨੂੰ ਕਿਸਾਨ ਅੰਦੋਲਨ ਨਾਲ ਜੋੜਨ ਦੀ ਬਜਾਏ ਸਥਾਨਕ ਵਿਕਾਸ ਅਤੇ ਲੋੜਾਂ ਦੀ ਸਮੀਖਿਆ ਨਾਲ ਜੋੜ ਕੇ ਵੋਟਾਂ ਪਾਈਆਂ ਜਾਣ
ਜਲੰਧਰ, 10 ਫਰਵਰੀ 2021 - ਪੰਜਾਬ ਦੇ ਹਿਤਾਂ ਦੀ ਝੰਡਾ ਬਰਦਾਰ ਜਥੇਬੰਦੀਆਂ ਵਿਚੋਂ ਇੱਕ ਜਾਗਦਾ ਪੰਜਾਬ ਜਥੇਬੰਦੀ ਦੇ ਕਨਵੀਨਰ ਰਾਕੇਸ਼ ਸ਼ਾਂਤੀਦੂਤ ਨੇ ਸੁੱਬੇ ਵਿੱਚ ਸਥਾਨਕ ਸਰਕਾਰ ਸੰਸਥਾਂਵਾ ਦੀਆਂ ਚੋਣਾਂ ਦੇ ਜਾਰੀ ਪ੍ਰਚਾਰ ਦੌਰਾਨ ਭਾਜਪਾ ਦੇ ਚੋਣ ਦਫਤਰ ਬੰਦ ਕਰਵਾਏ ਜਾਣ ਅਤੇ ਭਾਜਪਾ ਨੇਤਾਵਾਂ ਉੱਤੇ ਹੋ ਰਹੇ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਕਿਹਾ ਹੈ ਕਿ ਲੋਕਤੰਤਰ ਵਿੱਚ ਐਸੀਆਂ ਹਰਕਤਾਂ ਦੀ ਨਾਂ ਤਾਂ ਕੋਈ ਥਾਂ ਹੈ ਅਤੇ ਨਾ ਹੀ ਇਸ ਦੀ ਆਗਿਆ ਦਿੱਤੀ ਜਾ ਸਕਦੀ ਹੈ।
ਅੱਜ ਇੱਥੇ ਜਾਰੀ ਇੱਕ ਪ੍ਰੈਸ ਨੋਟ ਵਿੱਚ ਸ਼ਾਂਤੀਦੂਤ ਨੇ ਕਿਹਾ ਹੈ ਕਿ ਇਹ ਕਾਰਾ ਕਰਨ ਵਾਲੇ ਬੇਸ਼ਕ ਇਸ ਨੂੰ ਕਿਸਾਨ ਅੰਦੋਲਨ ਨਾਲ ਜੁੜੀਆਂ ਭਾਵਨਾਵਾਂ ਪ੍ਰਕਟ ਕਰਨ ਦੀ ਕੋਸ਼ਿਸ਼ ਕਰਨ ਪਰ ਲੋਕਰਾਜੀ ਪ੍ਰਬੰਧ ਵਿੱਚ ਭਾਵਨਾਵਾਂ ਤੋਂ ਉੱਪਰ ਸੰਵਿਧਾਨਕ ਮਰਿਯਾਦਾ ਹੈ ਅਤੇ ਇਸ ਦੀ ਪਾਲਣਾ ਲੋਕਰਾਜ ਨੂੰ ਬਚਾਉਣ ਲਈ ਜਰੂਰੀ ਹੈ।
ਸ਼ਾਂਤੀਦੂਤ ਨੇ ਆਖਿਆ ਕਿ ਸਮੁੱਚਾ ਪੰਜਾਬ ਕਿਸਾਨ ਦੇ ਅੰਦੋਲਨ ਦੇ ਸੰਵਿਧਾਨਕ ਹੱਕ ਦਾ ਸਮਰਥਨ ਕਰਨ ਰਿਹਾ ਅਤੇ ਜੋ ਕਿਸਾਨ ਆਪਣੇ ਸੰਵਿਧਾਨਕ ਹੱਕ ਲਈ ਲੜ ਰਿਹਾ ਹੈ ਉਹ ਕਿਸੇ ਦੂਜੇ ਦੇ ਚੋਣ ਲੜਨ ਜਾਂ ਚੋਣ ਪ੍ਰਚਾਰ ਕਰਨ ਦਾ ਵਿਰੋਧ ਕਿੰਵੇ ਕਰ ਸਕਦਾ ਹੈ। ਇਸ ਲਈ ਸੂਬਾ ਸਰਕਾਰ ਨੂੰ ਜਾਂਚ ਪੜਤਾਲ ਕਰਨੀ ਚਾਹੀਦੀ ਹੈ ਕਿ ਉਪਰੋਕਤ ਘਟਨਾਵਾਂ ਮਗਰਲੇ ਸਰੋਤਾਂ ਦੀ ਭਾਲ ਕਰੇ ਅਤੇ ਇਹਨਾਂ ਨੂੰ ਨੱਥ ਪਾਵੇ।
ਜਾਗਦਾ ਪੰਜਾਬ ਦੇ ਕਨਵੀਨਰ ਨੇ ਕਿਹਾ ਨਵੇਂ ਕੇਂਦਰੀ ਖੇਤੀ ਕਾਨੂੰਨਾਂ ਪ੍ਰਤੀ ਕਿਸਾਨਾਂ ਦੀ ਅਸਹਮਤਿ ਵੱਖਰੀ ਥਾਂ ਹੈ ਅਤੇ ਸਥਾਨਕ ਚੋਣਾਂ ਦਾ ਵਿਸ਼ਾ ਅਲਗ ਤੌਰ 'ਤੇ ਸਥਾਨਕ ਪ੍ਰਬੰਧਾਂ ਨਾਲ ਜੁੜਿਆ ਹੋਇਆ ਹੈ। ਉਹਨਾਂ ਕਿਹਾ ਕਿ ਇਹਨਾਂ ਚੋਣਾਂ ਨੂੰ ਕਿਸਾਨ ਅੰਦੋਲਨ ਨਾਲ ਜੋੜਨਾ ਸਥਾਨਕ ਸਰਕਾਰ ਸੰਸਥਾਵਾਂ ਵੱਲੋਂ ਕੀਤੇ ਗਏ ਹੁਣ ਤਕ ਦੇ ਵਿਕਾਸ ਦੀ ਸਮੀਖਿਆ ਕਰਨ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਜਾਪਦੀ ਹੈ। ਉਹਨਾਂ ਕਿਹਾ ਕਿ ਭਾਜਪਾ ਦੇ ਵਿਰੋਧੀ ਹਮਲਾਵਰ ਆਪਣਾ ਵਿਰੋਧ ਵੋਟ ਪਾਉਣ ਦੇ ਆਪਣੇ ਅਧਿਕਾਰ ਦੇ ਇਸਤੇਮਾਲ ਰਾਹੀਂ ਵੀ ਕਰ ਸਕਦੇ ਹਨ। ਹਮਲੇ ਅਤੇ ਧੱਕੇਸ਼ਾਹੀ ਕਰ ਕੇ ਤਾਂ ਅਸਲ ਵਿੱਚ ਉਹ ਕਿਸਾਨੀ ਅੰਦੋਲਨ ਨੂੰ ਕਮਜ਼ੋਰ ਹੀ ਕਰ ਰਹੇ ਹਨ।
ਸ਼ਾਂਤੀਦੂਤ ਨੇ ਕਿਹਾ ਕਿ ਭਾਜਪਾ ਨੇਤਾਵਾਂ ਨੂੰ ਇਹਨਾਂ ਘਟਨਾਵਾਂ ਉੱਪਰ ਟਿੱਪਣੀ ਕਰਦਿਆਂ ਇਸ ਨੂੰ ਪੰਜਾਬ ਦੀ ਭਾਈਚਾਰਕ ਸਾਂਝ ਆਦਿ ਨੂੰ ਖਤਰਾ ਕਹਿਣੋਂ ਗੁਰੇਜ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਰਾਜਨੀਤਿਕ ਖਹਿਬਾਜ਼ੀ ਅਤੇ ਇਸਨੂੰ ਰਾਜਨੀਤਿਕ ਤਰੀਕੇ ਨਾਲ ਹੀ ਲੈਣਾ ਚਾਹੀਦਾ ਹੈ।
ਸ਼ਾਂਤੀਦੂਤ ਨੇ ਕਿਹਾ ਕਿ ਇਹ ਘਟਨਾਵਾਂ ਸੁੱਬੇ ਵਿੱਚ ਅਮਨ ਅਤੇ ਕਾਨੂੰਨ ਵਿਵਸਥਾ ਦੇ ਮਾਮਲੇ ਵਿੱਚ ਸੂਬਾ ਸਰਕਾਰ ਨੂੰ ਕੱਟਘਰੇ ਵਿੱਚ ਖੜਾ ਕਰ ਰਹੀਆਂ ਹਨ ਇਸ ਲਈ ਮੁਖਮੰਤਰੀ ਨੂੰ ਚਾਹੀਦਾ ਹੈ ਕਿ ਇਹਨਾਂ ਚੋਣਾਂ ਵਿੱਚ ਉਹ ਸਾਰੇ ਪੱਖਾਂ ਦੇ ਲੋਕਰਾਜੀ ਅਧਿਕਾਰਾਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਅਤੇ ਭੈ ਮੁਕਤ ਚੋਣਾਂ ਦਾ ਰਾਹ ਪੱਧਰਾਂ ਕਰਣ।
ਸ਼ਾਂਤੀਦੂਤ ਨੇ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਨਿਧੜਕ ਹੋਕੇ ਸਥਾਨਕ ਵਿਕਾਸ ਲਈ ਆਪਣੇ ਪਹਿਲਾਂ ਚੁਣੇ ਪ੍ਰਤੀਨਿਧਾਂ ਵਲੋਂ ਨਿਭਾਈ ਜਿੱਮੇਵਾਰੀ ਦਾ ਸਮੀਖਿਆ ਕਰਕੇ ਆਪਣੇ ਸੋਚ ਸਮਝ ਅਨੁਸਾਰ ਵੋਟਾਂ ਪਾਉਣ। ਉਹਨਾਂ ਕਿਹਾ ਕਿ ਸਥਾਨਕ ਸਰਕਾਰ ਚੋਣਾਂ ਨੂੰ ਕਿਸਾਨ ਅੰਦੋਲਨ ਨਾਲ ਜੋੜਕੇ ਦੇਖਣ ਨਾਲ ਵੋਟਰ ਸਥਾਨਕ ਵਿਕਾਸ ਉੱਪਰ ਮੌਜੂਦਾ ਜਿੰਮੇਦਾਰ ਲੋਕਾਂ ਦੀ ਕਾਰਗੁਜ਼ਾਰੀ ਜਾਚਣ ਤੋਂ ਵਾਂਝੇ ਰਹਿ ਜਾਣ ਗੇ ਜੋ ਸਥਾਨਕ ਵਿਕਾਸ ਅਤੇ ਲੋੜਾਂ ਦੇ ਨਜ਼ਰੀਏ ਨਾਲ ਠੀਕ ਨਹੀਂ ਹੈ।