ਅਸ਼ੋਕ ਵਰਮਾ
ਬਠਿੰਡਾ,23 ਫਰਵਰੀ2021: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਂਰਖਿਆਂ ਦੇ ਪਿੰਡ ਮਹਿਰਾਜ ’ਚ ਲੱਖਾ ਸਿਧਾਣਾ ਨੇ ਪਿੰਡਾਂ ’ਚ ਕਿਸੇ ਨੌਜਵਾਨ ਜਾਂ ਕਿਸਾਨਾਂ ਨੂੰ ਗ੍ਰਿਫਤਾਰ ਕਰਨ ਲਈ ਆਉਣ ਦੀ ਸੂਰਤ ’ਚ ਦਿੱਲੀ ਪੁਲਿਸ ਨੂੰ ਬੰਦੀ ਬਨਾਉਣ ਦਾ ਸੱਦਾ ਦਿੱਤਾ। ਦਿੱਲੀ ਪੁਲਿਸ ਵੱਲੋਂ ਲੱਖ ਰੁਪਏ ਦਾ ਇਨਾਮ ਰੱਖਣ ਉਪਰੰਤ ਗ੍ਰਿਫਤਾਰ ਕਰਨ ਦੀਆਂ ਚਿਤਾਵਨੀਆਂ ਦੌਰਾਨ ਅੱਜ ਲੱਖਾ ਸਿਧਾਣਾ ਸ਼ਰੇਆਮ ਮੋਟਰਸਾਈਕਲ ਰੈਲੀ ਨੂੰ ਸੰਬੋਧਨ ਕਰਨ ਲਈ ਪੁੱਜਿਆ ਅਤੇ ਬਿਨਾਂ ਕਿਸੇ ਰੋਕ ਟੋਕ ਵਾਪਿਸ ਚਲਿਆ ਗਿਆ। ਵਿਸ਼ੇਸ਼ ਪਹਿਲੂ ਇਹ ਵੀ ਹੈ ਕਿ ਲੱਖਾ ਸਿਧਾਣਾ ਦੇ ਜਾਣ ਵੇਲੇ ਪੰਡਾਲ ’ਚ ਆਏ ਲੋਕਾਂ ਨੇ ਉਸ ਦੇ ਆਲੇ ਦੁਆਲੇ ਸੁਰੱਖਿਆ ਦਿਵਾਰ ਬਣਾ ਲਈ। ਉੱਜ ਪੰਜਾਬ ਪੁਲਿਸ ਵੱਲੋਂ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਸੀ ਪਰ ਕਿਸੇ ਅਧਿਕਾਰੀ ਨੇ ਕੋਈ ਦਖਲ ਨਹੀਂ ਦਿੱਤਾ।
ਲੱਖਾ ਸਿਧਾਣਾ ਨੇ ਸਪਸ਼ਟ ਕੀਤਾ ਕਿ ਉਹ ਸ਼ਾਮ ਤੱਕ ਏਥੇ ਹੀ ਹੈ ਤੇ ਉਹ ਆਪਣੇ ਸਮਰਥਕਾਂ ਨੂੰ ਮਿਲਣ ਉਪਰੰਤ ਹੀ ਕਿਧਰੇ ਜਾਏਗਾ। ਉਸ ਨੇ ਪੰਜਾਬ ਦੇ ਲੋਕਾਂ ਨੂੰ ਸਬਰ ਸੰਤੋਖ ਬਣਾ ਕੇ ਰੱਖਣ ਦੀ ਅਪੀਲ ਵੀ ਕੀਤੀ। ਅੱਜ ਦੀ ਮਹਿਰਾਜ ਰੈਲੀ ਨੂੰ ਇੱਕ ਤਰਾਂ ਨਾਲ ਲੱਖਾ ਸਿਧਾਣਾ ਵੱਲੋਂ ਮੋਦੀ ਸਰਕਾਰ ਨੂੰ ਆਪਣੀ ਤਾਕਤ ਦਾ ਵਿਖਾਵਾ ਮੰਨਿਆ ਜਾ ਰਿਹਾ ਹੈ। ਲੱਖਾ ਸਿਧਾਣਾ ਨੂੰ ਸੁਣਨ ਲਈ ਪੰਜਾਬ ਅਤੇ ਹਰਿਆਣਾ ਹਜਾਰਾਂ ਦੀ ਗਿਣਤੀ ਵਿੱਚ ਨੌਜਵਾਨ ਪਹੁੰਚੇ ਅਤੇ ਪੰਡਾਲ ’ਚ ਤਿਲ ਸੁੱਟਣ ਲਈ ਵੀ ਥਾਂ ਬਾਕੀ ਨਹੀਂ ਬਚੀ ਸੀ। ਰੈਲੀ ਪੰਡਾਲ ਚ ਹਿੱਸਾ ਲੈਣ ਆਏ ਲੱਖਾ ਸਿਧਾਣਾ ਲੋਕਾਂ ਨੇ ਹੱਥਾਂ ਤੇ ਚੁੱਕ ਲਿਆ ਅਤੇ ਉਸ ਦੇ ਰੈਲੀ ਪੰਡਾਲ ’ਚ ਦਾਖਲ ਹੁੰਦਿਆਂ ਹੀ ਲੱਖਾ ਸਿਧਾਣਾ ਅਤੇ ਦੀਪ ਸਿੱਧੂ ਜਿੰਦਾਬਾਦ ਦੇ ਅਕਾਸ਼ ਗੁੰਜਾਊ ਨਾਅਰੇ ਲਾਏ।
ਆਪਣੇ ਤੱਤੇ ਭਾਸ਼ਨ ਲਈ ਜਾਣੇ ਜਾਂਦੇ ਲੱਖਾ ਸਿਧਾਣਾ ਨੇ ਆਖਿਆ ਕਿ ਉਸ ਦੀਆਂ ਰਗਾਂ ’ਚ ਵਗਦਾ ਖੂਨ ਪੰਜਾਬ ਲਈ ਹੈ ਅਤੇ ਉਹ ਡੁੱਲਿ੍ਹਆ ਤਾਂ ਪੰਜਾਬੀਆਂ ਲਈ ਹੀ ਡੁੱਲ੍ਹੇਗਾ। ਉਨ੍ਹਾਂ ਕਿਹਾ ਕਿ ਅਸਲ ’ਚ ਮੋਦੀ ਸਰਕਾਰ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਜਬਰ ਰਾਹੀਂ ਕਿਸਾਨ ਸੰਘਰਸ਼ ਨੂੰ ਖਤਮ ਕਰਨਾ ਚਾਹੁੰਦੀ ਹੈ ਪਰ ਪੰਜਾਬ ਦੇ ਬਹਾਦਰ ਲੋਕ ਅਜਿਹਾ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਇਹ ਫਸਲਾਂ ਦੀ ਨਹੀਂ ਭਵਿੱਖ ਦੀਆਂ ਨਸਲਾਂ ਦੀ ਲੜਾਈ ਹੈ ਜੋ ਸਾਨੂੰ ਸਾਰਿਆਂ ਨੂੰ ਮਿਲਕੇ ਲੜਨੀ ਪਵੇਗੀ। ਉਨ੍ਹਾਂ ਕਿਹਾ ਕਿ ਜੋ ਕੌਮਾਂ ਆਪਣੇ ਹੱਕਾਂ ਲਈ ਲੜਨ ਦੀ ਥਾਂ ਬੈਠ ਜਾਂਦੀਆਂ ਹਨ ਤਾਂ ਉਹ ਆਪਣੀ ਹੋਂਦ ਹਮੇਸ਼ਾ ਲਈ ਗੁਆ ਬੈਠਦੀਆਂ ਹਨ। ਉਨ੍ਹਾਂ ਕਿਹਾ ਕਿ ਦਿੱਲੀ ਪੁਲਿਸ ਜਿੰਨਾਂ ਮਰਜੀ ਤਸ਼ੱਦਦ ਕਰ ਲਵੇ ਪੰਜਾਬ ਦੇ ਲੋਕ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਤੋਂ ਬਿਨਾਂ ਪਿੱਛੇ ਨਹੀਂ ਹਟਣਗੇ।
ਲੱਖਾ ਸਿਧਾਣਾ ਨੇ ਦਿੱਲੀ ਸੰਘਰਸ਼ ਕਰ ਰਹੇ ਕਿਸਾਨ ਆਗੂਆਾਂ ਨੂੰ ਕਿਹਾ ਕਿ ਉਹ ਕੋਈ ਵੱਡਾ ਪ੍ਰੋਗਰਾਮ ਉਲੀਕਣ ਤਾਂ ਪੰਜਾਬ ਦੇ ਨੌਜਵਾਨ ਉਨ੍ਹਾਂ ਦੇ ਨਾਲ ਖੜ੍ਹਣਗੇ । ਉਨ੍ਹਾਂ ਨੋਜਵਾਨਾਂ ਨੂੰ 26 ਫਰਵਰੀ ਨੂੰ ਵੱਡੀ ਗਿਣਤੀ ਵਿੱਚ ਦਿੱਲੀ ਪਹੁੰਚਣ ਦੀ ਅਪੀਲ ਕੀਤੀ। ਲੱਖਾ ਸਿਧਾਣਾ ਨੇ ਖੇਤੀ ਕਾਨੂੰਨਾਂ ’ਚ ਸੋਧ ਜਾਂ ਰੋਕ ਨੂੰ ਮੁੱਢੋਂ ਰੱਦ ਕਰਦਿਆਂ ਆਪਿਆ ਕਿ ਲੋਕ ਸੰਘਰਸ਼ ਲਈ ਵਾਰ ਵਾਰ ਇਕੱਠੇ ਨਹੀ ਹੁੰਦੇ ਇਸ ਲਈ ਹੁਣ ਆਰ ਪਾਰ ਦੀ ਲੜਾਈ ਕਰਨੀ ਹੋਵੇਗੀ। ਉਨ੍ਹਾਂ ਲੋਕਾਂ ਨੂੰ ਆਖਿਆ ਕਿ ਜੇਕਰ ਦਿੱਲੀ ਪੁਲਿਸ ਆਵੇ ਤਾਂ ਉਹ ਘਿਰਾਓ ਕਰਨ। ਲੱਖਾ ਸਿਧਾਣਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਦਿੱਲੀ ਪੁਲਿਸ ਕਿਸੇ ਨੂੰ ਗ੍ਰਿਫਤਾਰ ਕਰਕੇ ਲਿਜਾਂਦੀ ਹੈ ਤਾਂ ਇਸ ਦੀ ਜਿੰਮੇਵਾਰੀ ਮੁੱਖ ਮੰਤਰੀ ਪੰਜਾਬ ਦੀ ਹੋਵੇਗੀ।
ਦੱਸਣਯੋਗ ਹੈ ਕਿ 26 ਜਨਵਰੀ ਨੂੰ ਲਾਲ ਕਿਲੇ ਲਾਗੇ ਵਾਪਰੀਆਂ ਘਟਾਨਵਾਂ ਨੂੰ ਲੈਕੇ ਹੋਰਨਾਂ ਦੇ ਨਾਲ ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਖਿਲਾਫ ਸੰਗੀਨ ਦੋਸ਼ਾਂ ਵਾਲੀਆਂ ਧਾਰਵਾਂ ਤਹਿਤ ਕੇਸ ਦਰਜ ਕੀਤਾ ਸੀ। ਨੋਟਿਸਾਂ ਦੇ ਬਾਵਜੂਦ ਜਦੋਂ ਉਹ ਪੇਸ਼ ਨਾਂ ਹੋਇਆ ਤਾਂ ਦਿੱਲੀ ਪੁਲਿਸ ਨੇ ਲੱਖਾ ਸਿਧਾਣਾ ਨੂੰ ਗ੍ਰਿਫਤਾਰ ਕਰਵਾਉਣ ਵਾਲੇ ਨੂੰ ਇੱਕ ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਸੀ। ਅਜਿਹੇ ਹਾਲਾਤਾਂ ਦਰਮਿਆਨ ਦਿੱਲੀ ਪੁਲਿਸ ਨੂੰ ਚੁਣੌਤੀ ਦੇਣ ਲਈ ਮਹਿਰਾਜ ’ਚ ਰੈਲੀ ਰੱਖੀ ਸੀ । ਇਸ ਮੌਕੇ ਬੁਲਾਰਿਆਂ ਨੇ ਸ਼ੋਸਲ ਮੀਡੀਆਂ ਤੇ ਕੂੜ ਪ੍ਰਚਾਰ ਦਾ ਫਿਕਰ ਨਾਂ ਕਰਦਿਆਂ ਕਿਸਾਨ ਮੋਰਚੇ ਦਾ ਹਿੱਸਾ ਬਣਨ ਲਈ ਆਖਿਆ। ਇਸ ਮੌਕੇ ਕੁਲਵੀਰ ਨਰੂਆਣਾ, ਅਜ਼ਾਦ ਗਰੇਵਾਲ, ਨਿੱਕਾ ਸਿਧਾਣਾ, ਸੁਖਵਿੰਦਰ ਕੌਰ , ਹਰਦੀਪ ਸਿੰਘ ਬਡਬਰ, ਵਾਟਰ ਕੈਨਨ ਵਾਲਾ ਨਵਦੀਪ ਹਰਿਆਣੇ ਵਾਲਾ, ਪਲਵਿੰਦਰ ਸਿੰਘ ਤਲਵਾੜਾ, ਸੁਖਵਿੰਦਰ ਅਤੇ ਜਗਦੀਪ ਰੰਧਾਵਾ, ਆਦਿ ਨੇ ਵੀ ਸਬੰਧੋਨ ਕੀਤਾ।