ਮਾਨਸਾ, 19 ਫਰਵਰੀ 2021 - ਅੱਜ ਮਿਤੀ 19 ਫਰਵਰੀ 2021 ਨੂੰ ਭਾਰਤੀ ਕਿਸਾਨ ਯੂਨੀਅਨ ਮਾਨਸਾ ਪਿੰਡ ਇਕਾਈ ਖੋਖਰ ਦੀ ਮੀਟਿੰਗ ਸੁਖਵਿੰਦਰ ਸਿੰਘ ਸਕੱਤਰ ਬਲਾਕ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਖੋਖਰ ਵਿਖੇ ਹੋਈ। ਜਿਸ ਵਿੱਚ ਬੋਘ ਸਿੰਘ ਮਾਨਸਾ ਪ੍ਰਧਾਨ ਪੰਜਾਬ ਅਤੇ ਸੁਖਦੇਵ ਸਿੰਘ ਕੋਟਲੀ ਕਲਾਂ ਪ੍ਰਧਾਨ ਜਿਲ੍ਹਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਸਮੇਂ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਪ੍ਰਧਾਨ ਸ੍ਰ. ਬੋਘ ਸਿੰਘ ਮਾਨਸਾ ਨੇ ਕਿਹਾ ਕਿ ਲਗਾਤਾਰ ਦਿੱਲੀ ਬਾਰਡਰਾਂ ਤੇ ਚੱਲ ਰਹੇ ਧਰਨਿਆਂ ਵਿੱਚ ਵੱਡੀ ਪੱਧਰ ਤੇ ਕਿਸਾਨ ਸ਼ਾਮਲ ਹੋ ਰਹੇ ਹਨ ਅਤੇ ਲਗਾਤਾਰ ਸੰਯੋਕਤ ਕਿਸਾਨ ਮੋਰਚੇ ਵੱਲੋਂ ਦਿੱਤੇ ਜਾ ਰਹੇ ਪ੍ਰੋਗਰਾਮਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ।
ਸੋ ਆਉਣ ਵਾਲੇ ਦਿਨਾਂ ਵਿੱਚ ਵੀ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਾਂ ਸਮੇਤ ਦਿੱਲੀ ਦੇ ਬਾਰਡਰਾਂ ਉਤੇ ਚੱਲ ਰਹੇ ਧਰਨਿਆਂ ਵਿੱਚ ਵਧ ਚੜ੍ਹ ਕੇ ਸਮੂਲੀਅਤ ਕਰਨ ਤਾਂ ਕਿ ਕੇਂਦਰ ਸਰਕਾਰ ਨੂੰ ਤਿੰਨੇ ਕਾਲੇ ਕਾਨੂੰਨ ਵਾਪਸ ਲੈਣ ਲਈ ਅਤੇ ਐਮ.ਐਸ.ਪੀ. ਦਾ ਗਾਰੰਟੀ ਕਾਨੂੰਨ ਬਣਾਉਣ ਸਮੇਤ ਸਰਕਾਰੀ ਖਰੀਦ ਜਾਰੀ ਰੱਖਣ ਸਬੰਧੀ ਫੈਸਲੇ ਕਰਨ ਲਈ ਮਜ਼ਬੂਰ ਕੀਤਾ ਜਾ ਸਕੇ ਅਤੇ ਕਿਸਾਨੀ ਘੋਲ ਦੀ ਜਿੱਤ ਨੂੰ ਯਕੀਨੀ ਬਣਾਇਆ ਜਾ ਸਕੇ।
ਇਸ ਸਮੇਂ ਪਿੰਡ ਕਮੇਟੀ ਦੀ ਚੋਣ ਕੀਤੀ ਗਈ ਜਿਸ ਵਿੱਚ ਰਾਮ ਸਿੰਘ ਪ੍ਰਧਾਨ, ਗੁਰਜੀਤ ਸਿੰਘ ਜਨਰਲ ਸਕੱਤਰ, ਸੁਖਵਿੰਦਰ ਸਿੰਘ ਖਜ਼ਾਨਚੀ, ਗੁਰਜੰਟ ਸਿੰਘ ਮੀਤ ਪ੍ਰਧਾਨ, ਹਰਪ੍ਰੀਤ ਸਿੰਘ ਹਰੀ ਮੀਤ ਪ੍ਰਧਾਨ, ਬਲਵਿੰਦਰ ਸਿੰਘ ਪ੍ਰੈਸ ਸਕੱਤਰ ਅਤੇ ਲਵਪ੍ਰੀਤ ਸਿੰਘ ਹਨੀ ਨੂੰ ਸਕੱਤਰ ਚੁਣਿਆ ਗਿਆ। ਸਾਰੇ ਸਾਥੀਆਂ ਨੇ ਆਪਣੇ-ਆਪਣੇ ਅਹੁਦਿਆਂ ਦੀ ਜਿੰਮੇਵਾਰੀ ਨੂੰ ਕਬੂਲਦਿਆਂ ਹੋਇਆ ਕਿਸਾਨ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਤਨਦੇਹੀ ਨਾਲ ਕਿਸਾਨੀ ਅੰਦੋਲਨ ਵਿੱਚ ਵਧ ਚੜ੍ਹ ਕੇ ਭਾਗ ਲੈਣਗੇ ਅਤੇ ਘੋਲ ਦੀ ਜਿੱਤ ਤੱਕ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਣਗੇ। ਇਸ ਸਮੇਂ ਸੁਖਦੇਵ ਸਿੰਘ ਕੋਟਲੀ ਕਲਾਂ ਨੇ ਸਾਰੇ ਕਿਸਾਨਾਂ ਦਾ ਧੰਨਵਾਦ ਕੀਤਾ ਅਤੇ ਦਿੱਲੀ ਬਾਰਡਰਾਂ ਤੇ ਪਹੁੰਚਣ ਦੀ ਅਪੀਲ ਕੀਤੀ।