ਸੁਖਜਿੰਦਰ ਸਿੰਘ ਪੰਜਗਰਾਈ
- ਨੌਦੀਪ ਕੌਰ ਦੀ ਵੀ ਇਕ ਕੇਸ ਚੋਂ ਜਮਾਨਤ ਹੋਈ ਮੰਨਜੂਰ ਬਾਕੀ ਦੋ ਕੇਸਾਂ ਚੋਂ ਵੀ ਜਲਦੀ ਜਮਾਨਤ ਹੋਣ ਦੀ ਸੰਭਾਵਨਾ
- ਗ੍ਰਿਫਤਾਰ ਕੀਤੇ ਸਾਰੇ ਕਿਸਾਨਾਂ ਨੂੰ ਰਿਹਾਅ ਵੀ ਕਰਾਵਾਂਗੇ ਤੇ ਦਿੱਲੀ ਪੁਲਿਸ ਨੂੰ ਕਟਿਹਰੇ 'ਚ ਖੜੀ ਵੀ ਕਰਾਂਗੇ: ਬੀਬੀ ਰਣਜੀਤ ਕੌਰ
ਨਵੀਂ ਦਿੱਲੀ,12 ਫ਼ਰਵਰੀ 2021 - ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਲੀਗਲ ਸੈੱਲ ਦੀ ਟੀਮ ਦੀ ਮਿਹਨਤ ਸਦਕਾ 26 ਜਨਵਰੀ ਨੂੰ ਕਿਸਾਨ ਟਰੈਕਟਰ ਮਾਰਚ ਵਿੱਚੋਂ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਜ਼ਮਾਨਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਅੱਜ ਦੋ ਸਾਬਕਾ ਫ਼ੌਜੀਆਂ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਜ਼ਮਾਨਤ ਦਿੱਤੀ ਹੈ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਦਿੱਤੀ ਗਈ ਹੈ।
ਉਨ੍ਹਾਂ ਨੇ ਦੱਸਿਆ ਕਿ ਸਾਬਕਾ ਫੌਜੀ ਜੀਤ ਸਿੰਘ (70) ਵਾਸੀ ਜ਼ਿਲ੍ਹਾ ਸੰਗਰੂਰ ਤੇ ਸਾਬਕਾ ਫੌਜੀ ਗੁਰਮੁਖ ਸਿੰਘ (80) ਵਾਸੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੂੰ ਦਿੱਲੀ ਦੀ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਇਹ ਵੀ ਮੰਨਿਆ ਹੈ ਕਿ ਦੋਹਾਂ ਨੂੰ ਜੇਲ੍ਹ 'ਚ ਰੱਖਣਾ ਸਹੀ ਨਹੀਂ। ਉਹਨਾਂ ਕਿਹਾ ਕੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀ ਮੈਨੇਜਮੈਂਟ ਦੇ ਲੀਗਲ ਸੈੱਲ ਦੀ ਟੀਮ ਦੇ ਸਹਿਯੋਗ ਨਾਲ ਅੱਜ ਸੰਘਰਸ਼ੀਲ ਨੌਜਵਾਨ ਲੜਕੀ ਨੌਦੀਪ ਕੌਰ ਦੀ ਵੀ ਇਕ ਕੇਸ ਵਿਚੋਂ ਜਮਾਨਤ ਹੋ ਗਈ ਹੈ ਤੇ ਬਾਕੀ ਦੋ ਕੇਸਾਂ ਚੋਂ ਵੀ ਨੌਦੀਪ ਕੌਰ ਦੀ ਜਮਾਨਤ ਜਲਦੀ ਮੰਨਜੂਰ ਹੋ ਜਾਵੇਗੀ ਤੇ ਅਗਲੇ ਹਫਤੇ ਨੌਦੀਪ ਕੌਰ ਦੇ ਜੇਲ੍ਹ ਚੋਂ ਰਿਹਾਅ ਹੋਣ ਦੀ ਪੂਰੀ ਆਸ ਹੈ।
ਪ੍ਰਧਾਨ ਸਿਰਸਾ ਨੇ ਕਿਹਾ ਕੇ ਬਾਕੀ ਗਿ੍ਰਫਤਾਰ ਕਿਸਾਨਾਂ ਦੀਆਂ ਰਿਹਾਈਆਂ ਵੀ ਅਗਲੇ ਹਫਤੇ ਹੋਣ ਦੀ ਪੂਰੀ ਉਮੀਦ ਹੈ ਜਿੰਨਾਂ ਦੀਆਂ ਜਮਾਨਤਾਂ ਆਦਾਲਤ ਵਿੱਚ ਜਲਦੀ ਲਗਾ ਰਹੇ ਹਾਂ। ਫੋਨ ਤੇ 'ਰੋਜ਼ਾਨਾ ਪਹਿਰੇਦਾਰ' ਨਾਲ ਗੱਲਬਾਤ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਰਣਜੀਤ ਕੌਰ ਦਿੱਲੀ ਨੇ ਦੱਸਿਆ ਕੇ ਉਹ ਸਾਰੇ ਕਿਸਾਨਾਂ ਨੂੰ ਰਿਹਾਅ ਕਰਵਾ ਕੇ ਰਹਿਣਗੇ ਤੇ ਮੈਨੇਜਮੈਂਟ ਕਮੇਟੀ ਦੇ ਲੀਗਲ ਸੈੱਲ ਦੀ ਟੀਮ ਕਿਸਾਨਾਂ ਦੀਆਂ ਜਮਾਨਤਾਂ ਲਗਾ ਕੇ ਉਹਨਾਂ ਨੂੰ ਰਿਹਾਅ ਕਰਵਾਉਣ ਲਈ ਪੂਰੀ ਮਿਹਨਤ ਦੇ ਨਾਲ ਕੰਮ ਕਰ ਰਹੀ ਹੈ।
ਉਹਨਾਂ ਦੱਸਿਆ ਕੇ 29 ਜਨਵਰੀ ਨੂੰ ਕੁੰਡਲੀ ਬਾਰਡਰ ਤੋਂ ਦਿੱਲੀ ਪੁਲਿਸ ਵੱਲੋਂ ਬੁਰੀ ਤਰਾਂ ਕੁੱਟਮਾਰ ਕਰਕੇ ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਕਿਸਾਨ ਰਣਜੀਤ ਸਿੰਘ ਨੂੰ ਜੇਲ੍ਹ ਵਿੱਚ ਉਸ ਦੇ ਭਰਾ ਨੂੰ ਵੀ ਮਿਲਾਇਆ ਗਿਆ ਹੈ ਤੇ ਉਸ ਦਾ ਕੇਸ ਵੀ ਲੜਾਂਗੇ ਤੇ ਉਸਦੀ ਜਲਦੀ ਜਮਾਨਤ ਵੀ ਲਗਾਈ ਜਾਵੇਗੀ । ਉਹਨਾਂ ਕਿਹਾ ਕੇ ਟਰੈਕਟਰ ਮਾਰਚ ਦੌਰਾਨ ਨੌਜਵਾਨ ਕਿਸਾਨਾਂ ਤੇ ਤਸ਼ੱਦਦ ਕਰਕੇ ਉਹਨਾਂ ਨੂੰ ਨਜਾਇਜ ਤੌਰ ਤੇ ਗ੍ਰਿਫਤਾਰ ਕਰਨ ਵਾਲੀ ਦਿੱਲੀ ਪੁਲਿਸ ਨੂੰ ਕਟਹਿਰੇ ਵਿੱਚ ਵੀ ਖੜੀ ਕਰਾਂਗੇ।