ਅਸ਼ੋਕ ਵਰਮਾ
ਮਹਿਲਕਲਾਂ,26ਫਰਵਰੀ2021: ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ ਟੋਲ ਪਲਾਜਾ ਮਹਿਲਕਲਾਂ ਦੇ ਮੁਕੰਮਲ ਬੰਦ ਦੌਰਾਨ ਚੱਲ ਰਹੇ ਸੰਘਰਸ਼ ਦੇ ਅੱਜ 148 ਵੇਂ ਦਿਨ ਕਿਸਾਨ ਬੁਲਾਰਿਆਂ ਨੇ27 ਫਰਵਰੀ ਦਾ ਦਿਨ ਭਗਤ ਰਵੀਦਾਸ ਜੀ ਅਤੇ ਸ਼ਹੀਦ ਚੰਦਰ ਸ਼ੇਖਰ ਦੇ ਜਨਮ ਦਿਵਸ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ। ਸੰਘਰਸ਼ ਵੱਲੋਂ ਤਿੰਨ ਮਹੀਨਿਆਂ ਦਾ ਸਫਰ ਪੂਰਾ ਕਰਨ ਤੇ ਨੌਜਵਾਨ ਕਿਸਾਨ ਕਾਫਲਿਆਂ ਨੇ ਵੱਡੀ ਪੱਧਰ ਤੇ ਸ਼ਮੂਲੀਅਤ ਕੀਤੀ। ਨੌਜਵਾਨ ਕਿਸਾਨ ਆਗੂਆਂ ਜੱਗਾ ਸਿੰਘ ਛਾਪਾ,ਗੁਰਪ੍ਰੀਤ ਸਿੰਘ,ਸੁਖਦੇਵ ਸਿੰਘ,ਤਰਸੇਮ ਸਿੰਘ ਛਾਪਾ, ਲਵਲੀ ਸਿੰਘ ਟਿੱਬਾ ਆਦਿ ਨੇ ਕਿਹਾ ਕਿ ਭਾਵੇਂ ਕੁੱਝ ਲੋਕ ਸੰਘਰਸ਼ ਨੂੰ ਕਮਜੋਰ ਕਰਨ ਹਿੱਤ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਕਰ ਰਹੀ ਲੀਡਰਸ਼ਿਪ ਪ੍ਰਤੀ ਬੇਹੂਦਾ ਕਿਸਮ ਦੇ ਸਵਾਲ ਖੜ੍ਹੇ ਕਰਕੇ ਸੰਘਰਸ਼ ਕਮਜੋਰ ਕਰਨ ਦੀਆਂ ਸਜਿਸ਼ਾਂ ਰਚ ਰਹੇ ਹਨ ਫਿਰ ਵੀ ਟਿੱਕਰੀ, ਸਿੰਘੂ ਅਤੇ ਗਾਜੀਪੁਰ ਬਾਰਡਰਾਂ ਸਮੇਤ ਵੱਖ-ਵੱਖ ਥਾਵਾਂ ਤੇ ਚੱਲ ਰਹੇ ਸੰਘਰਸ਼ਾਂ ’ਚ ਨੌਜਵਾਨਾਂ ਦੀ ਸ਼ਮੂਲੀਅਤ ਵਧੀ ਹੈ।
ਨੌਜਵਾਨ ਆਗੂਆਂ ਨੇ ਕਿਹਾ ਕਿ ਅੱਜ ਦੀ ਜੁਆਨੀ ਖਰੂਦ ਪਾਉਣ,ਲੀਡਰਸ਼ਿਪ ਪ੍ਰਤੀ ਬੇਵਿਸ਼ਵਾਸ਼ੀ ਪੈਦਾ ਕਰਨ ਵਾਲੀ ਨਹੀਂ ਸਗੋਂ ਆਪਣੇ ਫਰਜਾਂ ਅਤੇ ਜਿੰਮੇਵਾਰੀਆਂ ਪ੍ਰਤੀ ਸੁਚੇਤ ਹਨ ਕਿਉਂਕਿ ਇਹ ਸੰਘਰਸ਼ ਹੋਂਦ ਦੇ ਸਵਾਲ ਲਈ ਲੜਿਆ ਜਾ ਰਿਹਾ ਹੈ। ਬੁਲਾਰਿਆਂ ਮਲਕੀਤ ਸਿੰਘ ਈਨਾ, ਗੁਰਮੇਲ ਸਿੰਘ ਠੁੱਲੀਵਾਲ ,ਸੋਹਣ ਸਿੰਘ ਮਹਿਲਕਲਾਂ,ਪਿਸ਼ੌਰਾ ਸਿੰਘ ਹਮੀਦੀ, ਲਾਲ ਸਿੰਘ,ਬੂਟਾ ਸਿੰਘ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਜਸਬੀਰ ਕੌਰ ਨੇ ਕਿਹਾ ਕਿ ਨੌਜਵਾਨ ਕਿਸਾਨ ਵੀ ਸਮਝ ਚੁੱਕੇ ਹਨ ਕਿ ਇਨ੍ਹਾਂ ਕਾਲੇ ਕਾਨੂੰਨਾਂ ਦੇ ਲਾਗੂ ਹੋਣ ਨਾਲ ਖੇਤੀ ਖੇਤਰ ਦੇ ਨਾਲ-ਨਾਲ ਸਮੁੱਚਾ ਅਰਥਚਾਰਾ ਸਮੇਤ ਜੀਵਨ ਅਧਾਰ ਹੀ ਤਬਾਹ ਹੋਣ ਲਈ ਸਰਾਪਿਆ ਜਾਵੇਗਾ।ਇਸੇ ਕਰਕੇ ਹੁਣ ਸਮੁੱਚੇ ਭਾਰਤ ਅੰਦਰ ਚੱਲ ਰਿਹਾ ਸੰਘਰਸ਼ ਕਿਸਾਨਾਂ ਦਾ ਨਾਂ ਰਹਿਕੇ ਲੋਕ ਸੰਘਰਸ਼ ਵਿੱਚ ਤਬਦੀਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਵਿੱਚ ਨੌਜਵਾਨਾਂ ਦੀ ਅਹਿਮ ਭੂਮਿਕਾ ਹੈ ਜਿੰਨ੍ਹਾਂ ਨੂੰ ਲੀਡਰਸ਼ਿਪ ਨਾਲੋਂ ਨਿਖੇੜਨ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ
ਬੁਲਾਰਿਆਂ ਨੇ 27 ਫਰਵਰੀ ਨੂੰ ਸਮੂਹ ਕਿਸਾਨਾਂ-ਮਜਦੂਰਾਂ ਨੂੰ ਹਰ ਪਿੰਡ ਵਿੱਚੋਂ ਕਾਫਲੇ ਬੰਨ੍ਹ ਟੋਲ ਪਲਾਜਾ ਮਹਿਲਕਲਾਂ ਵੱਲ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਓਧਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਹੇਠ ਰਿਲਾਇੰਸ ਮਾਲ ਬਾਜਾਖਾਨਾ ਰੋਡ ਬਰਨਾਲਾ ਦਾ ਘਿਰਾਓ 145 ਵੇਂ ਦਿਨ ਜਾਰੀ ਰਿਹਾ। ਇਸ ਸਮੇਂ ਪਰਮਿੰਦਰ ਸਿੰਘ ਹੰਢਿਆਇਆ, ਮੇਜਰ ਸਿੰਘ ਸੰਘੇੜਾ, ਜਸਵੰਤ ਸਿੰਘ ਸੰਘੇੜਾ ਨੇ ਵਿਚਾਰ ਪੇਸ਼ ਕਰਦਿਆਂ 27 ਫਰਵਰੀ ਨੂੰ ਭਗਤ ਰਵੀਦਾਸ ਜੀ ਅਤੇ ਸ਼ਹੀਦ ਚੰਦਰ ਸ਼ੇਖਰ ਆਜਾਦ ਦੇ ਜਨਮ ਦਿਨ ਨੂੰ ਸਮਰਪਿਤ ਕਰਨ ਸਮੇਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਲਈ ਕਿਹਾ।ਇਸ ਮੌਕੇ ਭਜਨ ਸਿੰਘ,ਨਾਜਰ ਸਿੰਘ, ਮੱਘਰ ਸਿੰਘ, ਦਲੀਪ ਸਿੰਘ,ਮਲਕੀਤ ਸਿੰਘ ਅਤੇ ਤੇਜਾ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ।