ਲੱਖਾ ਸਿਧਾਣਾ ਕਿਸਾਨ ਅੰਦੋਲਨ 'ਚੋਂ ਫੇਸਬੁੱਕ 'ਤੇ ਹੋਇਆ ਲਾਈਵ,ਪੜ੍ਹੋ ਪੰਜਾਬੀਆਂ ਨੂੰ ਕੀ ਕਿਹਾ ?
ਸੁਖਜਿੰਦਰ ਸਿੰਘ ਪੰਜਗਰਾਈਂ
ਪੰਜਗਰਾਈਂ ਕਲਾਂ,19 ਫ਼ਰਵਰੀ,2021: ਲੱਖਾ ਸਿਧਾਣਾ ਨੇ ਅੱਜ ਫਿਰ ਦੇਰ ਸ਼ਾਮ ਨੂੰ ਆਪਣੇ ਫੇਸਬੁੱਕ ਪੇਜ ਤੋਂ ਲਾਈਵ ਹੋ ਕੇ 21 ਫ਼ਰਵਰੀ ਨੂੰ ਆ ਰਹੇ ਕੌਮਾਂਤਰੀ ਮਾਂ ਬੋਲੀ ਪੰਜਾਬੀ ਭਾਸ਼ਾ ਦਿਵਸ ਦੀਆਂ ਵਧਾਈਆਂ ਦਿੱਤੀਆਂ। ਉਸ ਨੇ ਕਿਹਾ ਕੇ ਜਿਥੇ ਸਾਨੂੰ ਹੋਰ ਭਾਸ਼ਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਓਥੇ ਆਪਣੀ ਮਾਂ ਬੋਲੀ ਪੰਜਾਬੀ ਭਾਸ਼ਾ ਨੂੰ ਕਦੇ ਵੀ ਵਿਸਾਰਨਾ ਨਹੀ ਚਾਹੀਦਾ। ਉਸ ਨੇ ਕਿਹਾ ਕੇ ਸਾਨੂੰ ਗਮੀ-ਖੁਸ਼ੀ ਦੇ ਸੱਦਾ ਪੱਤਰ,ਘਰਾਂ ਮੂਹਰੇ ਨਾਮ ਵਾਲੀਆਂ ਤਖਤੀਆਂ ਪੰਜਾਬੀ ਵਿੱਚ ਲਿਖ ਕੇ ਹੀ ਲਗਾਉਣੀਆਂ ਚਾਹੀਦੀਆਂ ਹਨ ਅਤੇ ਆਪਣੇ ਦਸਤਖਤ ਵੀ ਆਪਣੀ ਮਾਤ ਭਾਸ਼ਾ ਪੰਜਾਬੀ ਵਿੱਚ ਹੀ ਕਰਨੇ ਚਾਹੀਦੇ ਹਨ। ਲੱਖਾ ਸਿਧਾਣਾ ਨੇ ਕਿਹਾ ਕੇ ਪੰਜਾਬੀ ਪੜ੍ਹੋ, ਪੰਜਾਬੀ ਲਿਖੋ ਤੇ ਪੰਜਾਬੀ ਬੋਲੋ ਦੇ ਨਾਅਰਿਆਂ ਹੇਠ ਪੰਜਾਬੀਆਂ ਨੂੰ ਆਪਣੀ ਮਾਂ ਬੋਲੀ ਪੰਜਾਬੀ ਦਾ ਮਾਣ ਸਤਿਕਾਰ ਬਹਾਲ ਰੱਖਣ ਲਈ ਜਾਗਰੂਕ ਕਰਨਾ ਚਾਹੀਦਾ ਹੈ। ਉਸ ਨੇ ਕਿਹਾ ਕੇ ਕਿਸਾਨ ਅੰਦੋਲਨ ਨੂੰ ਜਿੱਤਣ ਲਈ ਏਕਾ ਰੱਖਣਾ ਬਹੁਤ ਜਰੂਰੀ ਹੈ,ਨਹੀ ਤਾਂ ਸਾਡੀ ਪਾਟੋਧਾੜ ਦਾ ਦਿੱਲੀ ਸਰਕਾਰ ਨੂੰ ਲਾਭ ਹੋਵੇਗਾ ਤੇ ਸੰਘਰਸ਼ ਨੂੰ ਢਾਹ ਲੱਗੇਗੀ ।
ਉਹਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕੇ ਸ਼ੋਸ਼ਲ ਮੀਡੀਆ ਤੇ ਹੀ ਨਾ ਕਹੀ ਜਾਣ ਕੇ ਤੁਹਾਡੇ (ਲੱਖਾ ਸਿਧਾਣਾ) ਦੇ ਨਾਲ ਹਨ ਸਗੋਂ 23 ਫ਼ਰਵਰੀ ਨੂੰ ਦੀਪ ਸਿੱਧੂ ਸਮੇਤ ਦਿੱਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਸੈਂਕੜੇ ਕਿਸਾਨਾਂ ਦੇ ਹੱਕ ਵਿੱਚ ਬਠਿੰਡਾ ਜਿਲ੍ਹੇ ਦੇ ਪਿੰਡ ਮਹਿਰਾਜ ਵਿੱਚ ਰੱਖੇ ਇਕੱਠ ਵਿਚ ਲੱਖਾਂ ਦੀ ਗਿਣਤੀ ਵਿੱਚ ਸ਼ਮੂਲੀਅਤ ਕਰ ਕੇ ਦਿੱਲੀ ਦੀ ਜ਼ਾਬਰ ਸਰਕਾਰ ਨੂੰ ਦੱਸਣ ਕੇ ਪੰਜਾਬ ਚੜ੍ਹਦੀ ਕਲਾ ਵਿੱਚ ਹੈ ਤੇ ਹਮੇਸ਼ਾ ਹੀ ਚੜ੍ਹਦੀ ਵਿੱਚ ਰਹੇਗਾ। ਜਿਕਰਯੋਗ ਹੈ ਕੇ ਸੰਘਰਸ਼ਸ਼ੀਲ ਇਸ ਨੌਜਵਾਨ ਲੱਖਾ ਸਿਧਾਣਾ ਤੇ ਦਿੱਲੀ ਪੁਲਿਸ ਵੱਲੋਂ ਲਾਲ ਕਿਲਾ ਤੇ ਕੇਸਰੀ ਨਿਸ਼ਾਨ ਸਾਹਿਬ ਝੁਲਾਉਣ ਲਈ ਨੌਜਵਾਨਾਂ ਨੂੰ ਉਕਸਾਉਣ ਦਾ ਕੇਸ ਦਰਜ ਕੀਤਾ ਹੋਇਆ ਹੈ ਤੇ ਦਿੱਲੀ ਪੁਲਿਸ ਵੱਲੋਂ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਲਈ ਇੱਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਹੈ। ਬੀਤੇ ਦਿਨੀਂ ਕੁਝ ਪੰਜਾਬੀ ਟੀਵੀ ਚੈਨਲਾਂ ਸਮੇਤ ਲੋਕਾਂ ਵੱਲੋਂ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਹੋਣ ਦੀ ਖਬਰ ਵੀ ਫੈਲਾਈ ਗਈ ਸੀ,ਜੋ ਬਾਅਦ ਵਿੱਚ ਝੂਠੀ ਅਫਵਾਹ ਨਿੱਕਲੀ। ਇਥੇ ਇਹ ਵੀ ਦੱਸਣਾ ਬਣਦਾ ਹੈ ਕੇ ਜਿਸ ਜਗ੍ਹ ਤੋਂ ਲੱਖਾ ਸਿਧਾਣਾ ਅੱਜ ਲਾਈਵ ਹੋਇਆ ਸੀ,ਉਹ ਇੱਕ ਟਰਾਲੀ ਉਪਰ ਪਾਏ ਤਰਪਾਲ ਨਾਲ ਬਣਾਇਆ ਤੰਬੂ ਜਾਪ ਰਿਹਾ ਸੀ ਜਿਸ ਤੋਂ ਇਹ ਲੱਗ ਰਿਹਾ ਸੀ ਕੇ ਲੱਖਾ ਸਿਧਾਣਾ ਸਿੰਘੂ-ਕੁੰਡਲੀ ਬਾਰਡਰ ਤੇ ਅਜੇ ਵੀ ਕਿਸਾਨ ਅੰਦੋਲਨ ਵਿੱਚ ਹੀ ਡਟਿਆ ਹੋਇਆ ਹੈ।