ਨਵਾਂਸ਼ਹਿਰ 24 ਫਰਵਰੀ 2021 - ਅੱਜ ਸੰਯੁਕਤ ਕਿਸਾਨ ਮੋਰਚਾ ਦਿੱਲੀ ਦੇ ਸੱਦੇ ਉੱਤੇ ਕਿਸਾਨ ਜਥੇਬੰਦੀਆਂ ਵਲੋਂ ਦਿੱਲੀ ਦੀਆਂ ਜੇਹਲਾਂ ਵਿਚ ਬੰਦ ਕਿਸਾਨਾਂ , ਨੌਜਵਾਨਾਂ ,ਮਜਦੂਰ ਆਗੂਆਂ, ਸਮਾਜਿਕ ਕਾਰਕੁਨਾਂ ਦੀ ਰਿਹਾਈ ਲਈ,ਪੁਲਸ ਕੇਸ ਰੱਦ ਕਰਾਉਣ ਅਤੇਸਰਕਾਰੀ ਏਜੰਸੀਆਂ ਵਲੋਂ ਭੇਜੇ ਜਾ ਰਹੇ ਨੋਟਿਸ ਬੰਦ ਕਰਨ,ਦਿੱਲੀ ਪੁਲਸ ਵਲੋਂ ਕਿਸਾਨ ਮੋਰਚਿਆਂ ਦੀ ਕੀਤੀ ਘੇਰਾਬੰਦੀ ਖਤਮ ਕਰਨ ਆਦਿ ਮੰਗਾਂ ਨੂੰ ਲੈਕੇ ਦੁਸਹਿਰਾ ਗਰਾਉਂਡ ਨਵਾਂਸ਼ਹਿਰ ਵਿਖੇ ਕਾਨਫਰੰਸ ਅਤੇ ਮੁਜਾਹਰਾ ਕੀਤਾ ਗਿਆ।
ਇਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਜਿਲਾ ਸਕੱਤਰ ਤਰਸੇਮ ਸਿੰਘ ਬੈਂਸ,ਇਫਟੂ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਵੜੈਚ,ਦੋਆਬਾ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਹਰਮਿੰਦਰ ਸਿੰਘ ਫੌਜੀ, ਇਸਤਰੀ ਜਾਗ੍ਰਿਤੀ ਮੰਚ ਦੇ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਕਿਸਾਨੀ ਘੋਲ ਨੂੰ ਖਤਮ ਕਰਨ ਲਈ ਜਬਰ ਅਤੇ ਅਨਿਆ ਦਾ ਸਹਾਰਾ ਲੈ ਰਹੀ ਹੈ।ਡਰ ਨੂੰ ਹਥਿਆਰ ਵਜੋਂ ਵਰਤਦਿਆਂ ਕਿਸਾਨਾਂ, ਨੌਜਵਾਨਾਂ, ਮਜਦੂਰ ਆਗੂਆਂ ਅਤੇ ਸਮਾਜਿਕ ਕਾਰਕੁਨਾਂ ਉੱਤੇਝੂਠੇ ਪੁਲਿਸ ਕੇਸ ਦਰਜ ਕਰਕੇ ਉਹਨਾਂ ਨੂੰ ਜੇਹਲੀਂ ਤਾੜ ਰਹੀ ਹੈ।ਦਿੱਲੀ ਦੀ ਪੁਲਿਸ ਕਿਸਾਨ ਮੋਰਚਿਆਂ ਦੀ ਘੇਰਾਬੰਦੀ ਕਰਕੇ ਦਹਿਸ਼ਤ ਦਾ ਮਹੌਲ ਸਿਰਜ ਰਹੀ ਹੈ।
ਇਸ ਘੋਲ ਵਿਚ 200 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਮੋਦੀ ਸਰਕਾਰ ਦਾ ਪੱਥਰ ਦਿਲ ਅਜੇ ਵੀ ਨਹੀਂ ਪਿਘਲਿਆ ।ਮੋਦੀ ਸਰਕਾਰ ਤਿੰਨ ਖੇਤੀ ਕਾਨੂੰਨ ਰੱਦ ਕਰਨ ਦੀ ਥਾਂ ਭਾਜਪਾ ਦੇ ਆਈ ਟੀ ਸੈੱਲ ਦੇ ਪ੍ਰਚਾਰ ਰਾਹੀਂ ਕਿਸਾਨ ਆਗੂਆਂ, ਕਿਸਾਨੀ ਘੋਲ ਵਿਰੁੱਧ ਝੂਠਾ ਅਤੇ ਗੁੰਮਰਾਹਕੁੰਨ ਪ੍ਰਚਾਰ ਕਰ ਰਹੀ ਹੈ।ਪਰ ਅੰਤ ਸਰਕਾਰ ਨੂੰ ਕਿਸਾਨੀ ਸੰਘਰਸ਼ ਅੱਗੇ ਗੋਡੇ ਟੇਕਦਿਆਂ ਕਿਸਾਨ ਵਿਰੋਧੀ ਖੇਤੀ ਕਾਨੂੰਨ ਵਾਪਸ ਲੈਣੇ ਹੀ ਪੈਣਗੇ।ਇਸ ਕਾਨਫਰੰਸ ਨੂੰ ਮੱਖਣ ਸਿੰਘ ਭਾਨਮਜਾਰਾ, ਅਵਤਾਰ ਸਿੰਘ ਕੱਟ, ਹਰਬੰਸ ਸਿੰਘ ਪੈਲੀ, ਸੁਰਿੰਦਰ ਸਿੰਘ ਮਹਿਰਮਪੁਰ ਨੇ ਵੀ ਸੰਬੋਧਨ ਕੀਤਾ।
ਕਾਨਫਰੰਸ ਉਪਰੰਤ ਸ਼ਹਿਰ ਵਿਚ ਮੁਜਾਹਰਾ ਕਰਕੇ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ ਰਾਹੀਂ ਭਾਰਤ ਦੇ ਰਾਸ਼ਟਰਪਤੀ ਦੇ ਨਾਂਅ ਮੰਗ ਪੱਤਰ ਵੀ ਦਿੱਤਾ ਗਿਆ।