ਅਸ਼ੋਕ ਵਰਮਾ
ਨਵੀਂ ਦਿੱਲੀ, 17 ਫਰਵਰੀ 2021 - ਟਿਕਰੀ ਬਾਡਰ ਤੇ ਪਕੌੜਾ ਚੌਂਕ ਨੇੜੇ ਲੱਗੀ ਸਟੇਜ ਤੋਂ ਸੰਬੋਧਨ ਕਰਦਿਆਂ ਬੀ ਕੇ ਯੂ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਨਵੇਂ ਖੇਤੀ ਕਾਨੂੰਨਾਂ ਨੂੰ ਛੋਟੇ ਕਿਸਾਨਾਂ ਦੇ ਪੱਖ ਵਿੱਚ ਦੱਸ ਕੇ ਝੂਠ ਬੋਲਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ 2006 ਵਿੱਚ ਬਿਹਾਰ ਦੀ ਨਿਤੀਸ਼ ਸਰਕਾਰ ਨੇ ਬਿਹਾਰ ਵਿੱਚ ਮੰਡੀਕਰਨ ਬੋਰਡ ਦਾ ਭੋਗ ਪਾ ਦਿੱਤਾ। ਉਸ ਤੋਂ ਬਾਅਦ ਉਥੋਂ ਦੇ ਕਿਸਾਨਾਂ ਦੀਆਂ ਫਸਲਾਂ ਵਪਾਰੀ ਸਰਕਾਰੀ ਰੇਟ ਤੋਂ ਅੱਧ ਰੇਟ 'ਤੇ ਖਰੀਦ ਰਹੇ ਹਨ ਅਤੇ ਪੰਜਾਬ ਅਤੇ ਹਰਿਆਣਾ ਦੀਆਂ ਮੰਡੀਆਂ ਵਿੱਚ ਵੇਚ ਕੇ ਦੁਗਣੇ ਮੁਨਾਫ਼ੇ ਕਮਾ ਰਹੇ ਹਨ।
ਉਨ੍ਹਾਂ ਕਿਹਾ ਕਿ ਵਪਾਰੀਆਂ ਦੇ ਮੁਨਾਫ਼ੇ ਤਾਂ ਦੁੱਗਣੇ ਜ਼ਰੂਰ ਹੋ ਗਏ ਪਰ ਕਿਸਾਨਾਂ ਦੇ ਲਾਗਤ ਖਰਚੇ ਵੀ ਪੂਰੇ ਨਹੀਂ ਹੋ ਰਹੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਭਾਰਤ ਦੇ ਕਿਸੇ ਵੀ ਰਾਜ ਦੀ ਉਦਾਹਰਨ ਦੱਸਣ ਜਿਥੇ ਵਪਾਰੀ ਕਿਸਾਨਾਂ ਨੂੰ ਫਸਲਾਂ ਦਾ ਸਰਕਾਰੀ ਮੁੱਲ ਤੋਂ ਵੱਧ ਰੇਟ ਦੇ ਰਹੇ ਹਨ । ਉਹਨਾਂ ਕਿਹਾ ਕਿ ਕਿਸਾਨਾਂ ਦੀਆਂ ਫਸਲਾਂ ਦੀ ਲੁੱਟ ਕਾਰਪੋਰੇਟ ਘਰਾਣਿਆਂ ਨੂੰ ਕਰਵਾਉਣ ਲਈ ਪ੍ਰਧਾਨ ਮੰਤਰੀ ਸ਼ਰੇਆਮ ਝੂਠ ਬੋਲ ਰਿਹਾ ਹੈ।
ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪੰਜਾਬ ਸਰਕਾਰ ਦੁਆਰਾ ਬਾਦਲ ਸਰਕਾਰ ਵੱਲੋਂ 2006 ਵਿਚ ਲਿਆਂਦੇ ਠੇਕਾ ਖੇਤੀ ਕਾਨੂੰਨ ਨੂੰ ਰੱਦ ਕਰਨ ਦੇ ਐਲਾਨ ਨੂੰ ਕਿਸਾਨ ਅੰਦੋਲਨ ਦੇ ਦਬਾਅ ਦਾ ਸਿੱਟਾ ਕਰਾਰ ਦਿੰਦਿਆਂ ਕੈਪਟਨ ਸਰਕਾਰ ਵੱਲੋਂ 2017 ਵਿੱਚ ਮੰਡੀਕਰਨ ਕਾਨੂੰਨ ਵਿੱਚ ਕੀਤੀਆਂ ਸਾਰੀਆਂ ਸੋਧਾਂ ਰੱਦ ਕਰਨ ਦੀ ਵੀ ਮੰਗ ਕੀਤੀ।
ਕਿਸਾਨ ਆਗੂਆਂ ਨੇ ਅੱਜ ਬਹਾਦਰਗੜ੍ਹ ਨੇੜੇ ਹਾਦਸੇ ਦੌਰਾਨ ਪਿੰਡ ਘੁੱਦਾ ਦੋ ਕਿਸਾਨਾਂ ਗੁਰਦਾਸ ਸਿੰਘ ( 68 ਸਾਲ) ਅਤੇ ਅਜੈਬ ਸਿੰਘ ( 62 ਸਾਲ ) ਦੀ ਮੌਤ ਰੇਸ਼ਮ ਸਿੰਘ ਅਤੇ ਰਾਜ ਕੁਮਾਰ ਦੇ ਜ਼ਖ਼ਮ ਹੋਣ ਤੇ ਅਫਸੋਸ ਜ਼ਾਹਰ ਕੀਤਾ । ਜਿਲ੍ਹਾ ਮੋਗਾ ਦੇ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਅੰਦੋਲਨ ਦੌਰਾਨ ਕਿਸਾਨਾਂ ਦੀਆਂ ਹੋ ਰਹੀਆਂ ਸ਼ਹਾਦਤਾਂ ਲਈ ਭਾਜਪਾ ਆਗੂਆ ਦੁਆਰਾ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਲਿਆਂਦੇ ਕਾਲ਼ੇ ਕਨੂੰਨਾਂ ਦੀ ਬਦੌਲਤ ਹੀ ਕਿਸਾਨ ਦਿੱਲੀ ਮੋਰਚੇ ਲਾਈ ਬੈਠੇ ਹਨ ਜਿਨ੍ਹਾਂ ਦੌਰਾਨ ਰੋਜ਼ਾਨਾ ਕਿਸਾਨ ਸ਼ਹੀਦ ਹੋ ਰਹੇ ਹਨ।
ਅੱਜ ਦੇ ਇਕੱਠ ਨੂੰ ਉਪਰੋਕਤ ਬੁਲਾਰਿਆਂ ਤੋਂ ਇਲਾਵਾ ਦਰਸ਼ਨ ਸਿੰਘ ਭੈਣੀ ਮਹਿਰਾਜ, ਜਸਵੰਤ ਸਿੰਘ ਤੋਲਾਵਾਲ, ਯੁਵਰਾਜ ਸਿੰਘ ਘੁਡਾਣੀ, ਮਲਕੀਤ ਸਿੰਘ ਹੇੜੀਕੇ, ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਸੁਖਵੰਤ ਸਿੰਘ ਅਤੇ ਹਿਮਾਚਲ ਪ੍ਰਦੇਸ਼ ਤੋਂ ਆਏ ਜਗਦੀਸ਼ ਠਾਕਰ ਨੇ ਵੀ ਸੰਬੋਧਨ ਕੀਤਾ। ਚੜਿੱਕ ਤੋਂ ਆਏ ਭੰਡਾਂ ਨੇ ਆਪਣੀ ਕਲਾ ਰਾਹੀਂ ਮੋਦੀ ਸਰਕਾਰ ਦੇ ਪਾਜ ਉਘੇੜੇ।