ਨਵਾਂਸ਼ਹਿਰ 11 ਫਰਵਰੀ 2021 - ਅੱਜ ਮਜਦੂਰ ਅਧਿਕਾਰ ਸੰਗਠਨ ਦੀ ਆਗੂ ਨੌਦੀਪ ਕੌਰ ਅਤੇ ਸਾਥੀਆਂ ਦੀ ਰਿਹਾਈ ਦੀ ਮੰਗ ਨੂੰ ਲੈਕੇ ਜਨਤਕ ਜਥੇਬੰਦੀਆਂ ਵਲੋਂ ਨਵਾਂਸ਼ਹਿਰ ਵਿਚ ਹਰਿਆਣਾ ਸਰਕਾਰ ਵਿਰੁੱਧ ਅਰਥੀ ਫੂਕ ਮੁਜਾਹਰਾ ਕੀਤਾ ਗਿਆ।ਇਸਤੋਂ ਪਹਿਲਾਂ ਸਥਾਨਕ ਬੱਸ ਅੱਡੇ ਉੱਤੇ ਕੀਤੀ ਗਈ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਜਿਲਾ ਮੁਕਤਸਰ ਦੇ ਪਿੰਡ ਗੰਧੜ ਦੀ ਨੌਦੀਪ ਕੌਰ ਨੂੰ ਹਰਿਆਣਾ ਦੀ ਪੁਲਸ ਨੇ 12 ਜਨਵਰੀ ਦੀ ਰਾਤ ਨੂੰ ਸਿੰਘੂ-ਕੁੰਡਲੀ ਹੱਦ ਤੋਂ ਉਸਦੇ ਟੈਂਟ ਵਿਚੋਂ ਗ੍ਰਿਫਤਾਰ ਕੀਤਾ।ਪੁਲਸ ਨੇ ਉਸ ਉੱਤੇ ਇਰਾਦਾ ਕਤਲ, ਫਿਰੌਤੀਆਂ ਲੈਣ ਦੀਆਂ ਨਜਾਇਜ਼ ਤੌਰ ਉੱਤੇ ਧਾਰਾਵਾਂ ਲਾਈਆਂ।
ਪੁਲਸ ਨੇ ਉਸ ਉੱਤੇ ਅੰਨ੍ਹਾ ਤਸ਼ੱਦਦ ਢਾਹਿਆ, ਉਸਦਾ ਯੌਨ ਸ਼ੋਸ਼ਣ ਕੀਤਾ।23 ਸਾਲਾ ਇਹ ਲੜਕੀ ਫੈਕਟਰੀ ਮਾਲਕਾਂ ਵਲੋਂ ਮਜਦੂਰਾਂ ਦੀ ਮਿਹਨਤ ਦੀ ਕੀਤੀ ਜਾਂਦੀ ਜਾਂਦੀ ਲੁੱਟ ਵਿਰੁੱਧ ਸੰਘਰਸ਼ ਕਰ ਰਹੀ ਸੀ।ਪੁਲਸ ਅਤੇ ਫੈਕਟਰੀ ਮਾਲਕਾਂ ਦੇ ਗੱਠਜੋੜ ਵਲੋਂ ਉਸ ਉੱਤੇ ਝੂਠੇ ਕੇਸ ਬਣਾਏ ਗਏ।ਨੌਦੀਪ ਕੌਰ ਮਜਦੂਰਾਂ ਨੂੰ ਦਿੱਲੀ ਦੇ ਕਿਸਾਨੀ ਮੋਰਚੇ ਵਿਚ ਸ਼ਮੂਲੀਅਤ ਕਰਾਉਣ ਲਈ ਲਾਮਬੰਦੀ ਕਰਦੀ ਸੀ ਜਿਸ ਕਾਰਨ ਉਹ ਹਰਿਆਣਾ ਸਰਕਾਰ ਦੀਆਂ ਅੱਖਾਂ ਵਿਚ ਰੜਕਦੀ ਸੀ।ਪੁਲਸ ਵਲੋਂ ਉਸ ਉੱਤੇ ਕੀਤੇ ਗਏ ਅਣਮਨੁੱਖੀ ਜਬਰ ਕਾਰਨ ਇਹ ਮਾਮਲਾ ਕੌਮਾਂਤਰੀ ਪੱਧਰ ਉੱਤੇ ਵੀ ਜੋਰ ਫੜ ਗਿਆ ਜਿਸ ਕੲਰਨ ਕੌਮਾਂਤਰੀ ਪ੍ਰਸਿੱਧੀ ਪ੍ਰਾਪਤ ਕਈ ਹਸਤੀਆਂ ਨੇ ਪੁਲਸ ਕਾਰਵਾਈ ਦੀ ਨਿੰਦਾ ਕਰਦਿਆਂ ਨੌਦੀਪ ਕੌਰ ਦੀ ਰਿਹਾਈ ਦੀ ਮੰਗ ਵੀ ਕੀਤੀ।ਬੁਲਾਰਿਆਂ ਨੇ ਇਸ ਘਟਨਾਕ੍ਰਮ ਲਈ ਹਰਿਆਣਾ ਸਰਕਾਰ ਨੂੰ ਇਸਦੇ ਲਈ ਸਿੱਧੇ ਤੌਰ ਉੱਤੇ ਜੁੰਮੇਵਾਰ ਦੱਸਦਿਆਂ ਨੌਦੀਪ ਕੌਰ ਅਤੇ ਸਾਥੀਆਂ ਨੂੰ ਰਿਹਾ ਕਰਨ ਦੀ ਮੰਗ ਕੀਤੀ।
ਇਸ ਇਕੱਠ ਨੂੰ ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾ ਪ੍ਰਧਾਨ ਗੁਰਬਖਸ਼ ਕੌਰ ਸੰਘਾ, ਇਫਟੂ ਦੇ ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ, ਜਮਹੂਰੀ ਅਧਿਕਾਰ ਸਭਾ ਦੇ ਸੂਬਾ ਪ੍ਰੈੱਸ ਸਕੱਤਰ ਬੂਟਾ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ,ਰਾਜ ਕੁਮਾਰ, ਸੁਰਜੀਤ ਕੌਰ ਉਟਾਲ, ਸਿਮਰਨਜੀਤ ਸਿੰਮੀ,ਗੁਰਦਿਆਲ ਰੱਕੜ, ਬਗੀਚਾ ਸਿੰਘ ਸਹੂੰਗੜਾ,ਤਰਕਸ਼ੀਲ ਸੁਸਾਇਟੀ ਦੇ ਆਗੂਆਂ ਜੁਗਿੰਦਰ ਕੁੱਲੇਵਾਲ, ਸਤਪਾਲ ਸਲੋਹ, ਆਟੋ ਵਰਕਰ ਯੂਨੀਅਨ ਦੇ ਪੁਨੀਤ ਕੁਮਾਰ ਅਤੇ ਭੀਮ ਆਰਮੀ ਦੇ ਕ੍ਰਿਸ਼ਨ ਲਾਲ ਨੇ ਸੰਬੋਧਨ ਕੀਤਾ।ਬਾਅਦ ਵਿਚ ਸ਼ਹਿਰ ਵਿਚ ਮੁਜਾਹਰਾ ਕਰਕੇ ਹਰਿਆਣਾ ਦੀ ਮਨੋਹਰ ਲਾਲ ਖੱਟਰ ਸਰਕਾਰ ਦੀ ਅਰਥੀ ਫੂਕੀ ਗਈ। ਆਗੂਆਂ ਵਲੋਂ ਭਾਰਤ ਦੇ ਗ੍ਰਹਿ ਸਕੱਤਰ ਨੂੰ ਡੀ.ਸੀ ਸ਼ਹੀਦ ਭਗਤ ਸਿੰਘ ਨਗਰ ਰਾਹੀਂ ਦਿੱਤਾ ਜਾਣ ਵਾਲਾ ਮੰਗ ਪੱਤਰ ਲੈਣ ਲਈ ਜਦੋਂ ਕਾਫੀ ਸਮਾਂ ਡੀ.ਸੀ ਵਲੋਂ ਆਗੂਆਂ ਨੂੰ ਕਮਰੇ ਦੇ ਅੰਦਰ ਨਾ ਬੁਲਾਇਆ ਗਿਆ ਤਾਂ ਆਗੂ ਕਾਫੀ ਦੇਰ ਉਡੀਕ ਕਰਨ ਤੋਂ ਬਾਅਦ ਇਹ ਮੰਗ ਪੱਤਰ ਡੀ.ਸੀ ਦੇ ਕਮਰੇ ਦੀ ਕੰਧ ਨਾਲ ਚਿਪਕਾ ਕੇ ਵਾਪਸ ਪਰਤ ਆਏ।