ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 21 ਫ਼ਰਵਰੀ 2021-ਕਿਸਾਨ ਸੰਘਰਸ਼ ਦੇ ਚੱਲਦਿਆਂ ਲਾਲ ਕਿਲ੍ਹਾ ਮਾਮਲੇ ਸਬੰਧੀ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼ਾਂ ਅਧੀਨ ਪੁਲਸ ਵੱਲੋਂ ਕਾਬੂ ਕੀਤੇ ਦੀਪ ਸਿੱਧੂ ਤੇ ਪੁਲਸ ਗਿ੍ਰਫਤਾਰੀ ਤੋਂ ਹਾਲ ਤੱਕ ਬਚੇ ਹੋਏ ਲੱਖਾ ਸਿਧਾਣਾ ਦੇ ਹੱਕ ’ਚ ਇਕ ਮਾਰਚ ਸਮਾਲਸਰ ਤੋਂ ਚੱਲਕੇ ਪਿੰਡ ਉਦੇਕਰਣ ਵਿਖੇ ਆਇਆ, ਜਿਸਦਾ ਆਮ ਲੋਕਾਂ ਦਾ ਮੱਠਾ ਹੁੰਗਾਰਾ ਵੇਖਣ ਨੂੰ ਮਿਲਿਆ। ਮਾਰਚ ਦੀ ਅਗਵਾਈ ਕਰਨ ਵਾਲੇ ਬੇਅੰਤ ਸਿੰਘ ਹਰਨੌ, ਮਨਿੰਦਰਪਾਲ ਸਿੰਘ ਉਰਫ ਸ਼ਨੀ, ਸ਼ਮਜੀਤ ਸਿੰਘ ਉਦੇਕਰਨ, ਬਾਬਾ ਬਖਸ਼ੀਸ਼ ਸਿੰਘ, ਪਲਵਿੰਦਰ ਸਿੰਘ ਤਲਵਾੜਾ, ਸਰਪੰਚ ਬੋਹੜ ਸਿੰਘ ਜਟਾਣਾ, ਸੁਖਰਾਜ ਸਿੰਘ ਨਿਆਮੀਵਾਲਾ, ਪਿੰਦਾ ਉਦੇਕਰਨ ਤੇ ਅਰਸ਼ਦੀਪ ਸਿੰਘ, ਹਰਜੀਤ ਸਿੰਘ ਕਰਨਾਲ, ਗੁਰਸੇਵਕ ਸਿੰਘ ਭਾਣਾ, ਕੁਲਵੀਰ ਸਿੰਘ ਨਰੂਆਣਾ, ਬੀਰਦਵਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਦੀਪ ਸਿੱਧੂ ਹੋਰਾਂ ਨੇ ਸਿਰਫ ਕਿਸਾਨ ਅੰਦੋਲਨ ਦੀ ਸਫਲਤਾ ਤੇ ਕਿਸਾਨਾਂ ਦੀਆਂ ਮੰਗਾਂ ਪੂਰੀਆਂ ਕਰਨ ਲਈ ਕੇਂਦਰ ਸਰਕਾਰ ਉਪਰ ਦਬਾਅ ਪਾਉਣ ਲੲਂੀ ਆਪਣਾ ਹਿੱਸਾ ਪਾਇਆ ਹੈ, ਪਰ ਸਰਕਾਰ ਤੇ ਕਿਸਾਨ ਸੰਘਰਸ਼ ਮੋਰਚੇ ਦੇ ਆਗੂਆਂ ਨੇ ਉਨ੍ਹਾਂ ਨੂੰ ਬੇਵਜ੍ਹਾ ਦੋਸ਼ੀ ਕਰਾਰ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਨੌਜਵਾਨਾਂ ਦੇ ਜਜ਼ਬਿਆਂ ਨੂੰ ਸੱਟ ਲੱਗੀ ਹੈ ਤੇ ਉਹ ਸੰਘਰਸ਼ ਤੋਂ ਪਿੱਛੇ ਹਟ ਗਏ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕਿਸਾਨ ਸੰਘਰਸ਼ ਦੇ ਆਗੂਆਂ ਦੀ ਦਿਸ਼ਾਹੀਣ ਅਗਵਾਈ ਕਾਰਣ ਦਿੱਲੀ ਸੰਘਰਸ਼ ਫੇਲ੍ਹ ਹੋ ਗਿਆ ਹੈ। ਉਨ੍ਹਾਂ ਨੌਜਵਾਨ ਆਗੂ ਰਜਿੰਦਰ ਦੀਪ ਸਿੰਘ ਵਾਲਾ ਨੂੰ ਕਿਸਾਨ ਦੋਖੀ ਕਰਾਰ ਦਿੰਦਿਆਂ ਉਸਨੂੰ ਸਬਕ ਸਿਖਾਉਣ ਦੀ ਚੇਤਾਵਨੀ ਵੀ ਦਿੱਤੀ। ਇਸ ਲਈ ਉਹ ਨੌਜਵਾਨਾਂ ਨੂੰ ਜਾਗਿ੍ਰਤ ਕਰਨ ਲਈ 23 ਫਰਵਰੀ ਨੂੰ ਜ਼ਿਲ੍ਹਾ ਬਠਿੰਡਾ ਦੇ ਪਿੰਡ ਮਹਿਰਾਜ ਵਿਖੇ ਇਕ ਰੈਲੀ ਕਰ ਰਹੇ ਹਨ। ਇਸ ਮੌਕੇ ਰੈਲੀ ਦੇ ਪ੍ਰਬੰਧਕਾਂ ਤੋਂ ਬਿਨ੍ਹਾਂ ਬਹੁਤ ਘੱਟ ਗਿਣਤੀ ’ਚ ਆਮ ਲੋਕ ਵੇਖੇ ਗਏ ਜਿਸਤੇ ਪ੍ਰਬੰਧਕਾਂ ਨੇ ਚਿੰਤਾ ਵੀ ਜਾਹਿਰ ਕੀਤੀ।