ਅਸ਼ੋਕ ਵਰਮਾ
ਬਠਿੰਡਾ, 17 ਫਰਵਰੀ2021: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਖ਼ੇਤੀ ਬਿੱਲਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਚੱਲ ਰਹੇ ਕਿਸਾਨ ਮੋਰਚੇ ਤੋਂ ਘਰ ਵਾਪਸ ਪਰਤਣ ਦੌਰਾਨ ਵਾਪਰੇ ਇੱਕ ਸੜਕ ਹਾਦਸੇ ਦੌਰਾਨ ਪਿੰਡ ਘੁੱਦਾ ਦੇ ਦੋ ਕਿਸਾਨ ਸ਼ਹੀਦ ਹੋ ਗਏ। ਕਿਸਾਨਾਂ ਨਾਲ ਵਾਪਰੀ ਅਣਹੋਣੀ ਦੀ ਖ਼ਬਰ ਮਿਲਦਿਆਂ ਹੀ ਸਮੁੱਚੇ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਕਿਸਾਨ ਗੁਰਦਾਸ ਸਿੰਘ (68) ਤੇ ਅਜੈਬ ਸਿੰਘ (58) ਦਿੱਲੀ ਕਿਸਾਨ ਧਰਨੇ ’ਚ ਪਿੰਡ ਦੇ ਦੂਸਰੇ ਕਿਸਾਨਾਂ ਨਾਲ ਸ਼ਮੂਲੀਅਤ ਕਰਨ ਲਈ ਗਏ ਸਨ। ਇੱਕ ਹਫ਼ਤਾ ਧਰਨੇ ’ਚ ਲਗਾ ਕੇ ਟਰੈਕਟਰ ਤੇ ਜਦੋਂ ਸਵੇਰ ਸਮੇਂ ਪਿੰਡ ਆ ਰਹੇ ਸਨ ਤਾਂ ਸੰਘਣੀ ਧੰੁਦ ਕਾਰਨ ਬੱਸ ਨੇ ਉਹਨਾਂ ਦੇ ਟਰੈਕਟਰ ਨੂੰ ਪਿੱਛੋ ਟੱਕਰ ਮਾਰ ਦਿੱਤੀ। ਟੱਕਰ ਐਨੀ ਭਿਆਨਕ ਸੀ ਕਿ ਦੋਵੇ ਕਿਸਾਨਾਂ ਦੀ ਮੌਤ ਹੋ ਗਈ ਜਦੋਂ ਕਿ ਕਿਸਾਨ ਰੇਸ਼ਮ ਸਿੰਘ ਤੇ ਰਾਮ ਕੁਮਾਰ ਜ਼ਖਮੀ ਹੋ ਗਏ।
ਜਾਣਕਾਰੀ ਅਨੁਸਾਰ ਇਸ ਹਾਦਸੇ ਦੌਰਾਨ ਟ੍ਰੈਕਟਰ ਟਰਾਲੀ ਦਾ ਵੀ ਭਾਰੀ ਨੁਕਸਾਨ ਹੋਇਆ ਹੈ । ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜਿਲਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਤੇ ਬਲਾਕ ਪ੍ਰਧਾਨ ਕੁਲਵੰਤ ਰਾਏ ਸ਼ਰਮਾ ਨੇ ਕਿਹਾ ਕਿ ਕਿਸਾਨਾਂ ਦੀ ਮੌਤ ਦੀ ਜਿੰਮੇਵਾਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਖ਼ੇਤੀ ਸਬੰਧੀ ਲਿਆਦੇ ਗਏ ਕਾਲੇ ਕਾਨੂੰਨ ਹਨ। ਉਹਨਾਂ ਪੀੜਤ ਪ੍ਰੀਵਾਰਾਂ ਨਾਲ ਦਿਲੀ ਹਮਦਰਦੀ ਜਾਹਰ ਕਰਦਿਆਂ ਸਰਕਾਰ ਤੋਂ ਮੰਗ ਕੀਤੀ ਕਿ ਦੋਵਾਂ ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ,ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਅਤੇ ਪਰਿਵਾਰਾਂ ਦਾ ਸਮੁੱਚਾ ਮੁਆਫ ਕੀਤਾ ਜਾਵੇ। ਉਹਨਾਂ ਦੱਸਿਆ ਕਿ ਸ਼ਹੀਦ ਕਿਸਾਨਾਂ ਦਾ ਸਸਕਾਰ ਯੂਨੀਅਨ ਦਾ ਝੰਡਾ ਪਾ ਕੇ ਕੀਤਾ ਜਾਵੇਗਾ ਜਿਸ ’ਚ ਵੱਡੀ ਗਿਣਤੀ ’ਚ ਕਿਸਾਨ ਸ਼ਹੀਦ ਕਿਸਾਨਾਂ ਨੂੰ ਅੰਤਿਮ ਵਿਦਾਈ ਦੇਣ ਲਈ ਪਹੁੰਚਣਗੇ।