ਚੰਡੀਗੜ੍ਹ, 12 ਫ਼ਰਵਰੀ, 2021: ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚਾ ਦੇ ਸੀਨੀਅਰ ਆਗੂ ਅਤੇ ਬੁਲਾਰੇ ਸ: ਬਲਬੀਰ ਸਿੰਘ ਰਾਜੇਵਾਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਵੀਰਵਾਰ ਨੂੰ ਜਗਰਾਉਂ ਵਿੱਚ ਹੋਈ ਕਿਸਾਨ ਮਹਾਂਪੰਚਾਇਤ 'ਚ ਰਾਜੇਵਾਲ ਨੂੰ ਜਾਨੋਂ ਮਾਰਨ ਦੀ ਧਮਕੀ ਦੀ ਖ਼ਬਰ ਸਾਹਮਣੇ ਆਈ ਸੀ। ਖੁਫੀਆ ਏਜੰਸੀਆਂ ਦੁਆਰਾ ਰਾਜੇਵਾਲ 'ਤੇ ਅਟੈਕ ਹੋਣ ਦੀ ਸੂਚਨਾ ਦੇ ਅਧਾਰ 'ਤੇ ਪੰਜਾਬ ਪੁਲਿਸ ਵੱਲੋਂ ਰਾਜੇਵਾਲ ਨੂੰ ਸੁਰੱਖਿਆ ਦੇਣ ਦੀ ਗੱਲ ਆਖੀ ਗਈ ਸੀ, ਪਰ ਰਾਜੇਵਾਲ ਨੇ ਸਕਿਉਰਿਟੀ ਲੈਣ ਤੋਂ ਮਨ੍ਹਾ ਕਰ ਦਿੱਤਾ। ਇਸਤੋਂ ਪਹਿਲਾਂ ਰਾਜੇਵਾਲ ਨੂੰ ਹਰਿਆਣਾ ਪੁਲਿਸ ਦੁਆਰਾ ਵੀ ਸਕਿਉਰਿਟੀ ਦੇਣ ਬਾਰੇ ਪੇਸ਼ਕਸ਼ ਕੀਤੀ ਗਈ ਸੀ , ਪਰ ਰਾਜੇਵਾਲ ਨੇ ਉਸ ਤੋਂ ਵੀ ਇਨਕਾਰ ਕਰ ਦਿੱਤਾ ਸੀ।
26 ਜਨਵਰੀ ਦੀ ਘਟਨਾ ਤੋਂ ਬਾਅਦ ਇੱਕ ਧੜਾ ਰਾਜੇਵਾਲ ਸਣੇ ਕਈ ਕਿਸਾਨ ਆਗੂਆਂ ਤੋਂ ਖਫਾ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ 'ਤੇ ਲਗਾਤਾਰ ਕਿਸਾਨ ਜਥੇਬੰਦੀਆਂ 'ਤੇ ਸਵਾਲ ਕੀਤੇ ਜਾ ਰਹੇ ਨੇ ਤੇ ਕਈ ਕਿਸਾਨ ਆਗੂਆਂ ਖਿਲਾਫ ਪ੍ਰਚਾਰ ਕੀਤਾ ਜਾ ਰਿਹਾ ਹੈ। ਦੀਪ ਸਿੱਧੂ ਅਤੇ ਲੱਖਾ ਸਿਧਾਣਾ ਬਾਰੇ ਰਾਜੇਵਾਲ ਦੇ ਤਿੱਖੇ ਤੇਵਰ ਤੋਂ ਬਾਅਦ ਹੀ ਇਹ ਸਭ ਵਾਪਰਨ ਲੱਗਾ ਹੈ।