ਅਸ਼ੋਕ ਵਰਮਾ
ਟਿਕਰੀ ਬਾਰਡਰ, 28 ਫ਼ਰਵਰੀ 2021 - ਅੱਜ ਸੰਯੁਕਤ ਕਿਸਾਨ ਮੋਰਚੇ ਦੀ ਟਿਕਰੀ ਬਾਰਡਰ ਸਟੇਜ ਤੇ ਵੱਖ-ਵੱਖ ਜੇਲ੍ਹਾਂ ਵਿੱਚੋਂ ਰਿਹਾਅ ਹੋਕੇ ਪਹੁੰਚੇ ਨੌਜਵਾਨ ਕਿਸਾਨਾਂ ਦਾ ਕਿਸਾਨ ਆਗੂਆਂ ਵੱਲੋਂ ਸਿਰੋਪਾ ਪਾਕੇ ਸਨਮਾਨਿਤ ਕੀਤਾ ਗਿਆ।ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਜੇਲ੍ਹਾਂ ਵਿੱਚ ਬੰਦ ਬੇਦੋਸ਼ੇ ਨੌਜਵਾਨਾਂ ਦੀ ਰਿਹਾਈ ਲਈ ਲੀਗਲ ਪੈਨਲ ਸਥਾਪਤ ਕੀਤਾ ਗਿਆ ਹੈ ਜੋ ਕਿ ਲਗਾਤਾਰ ਕੇਸਾਂ ਦੀ ਪੈਰਵਾਈ ਕਰ ਰਿਹਾ ਹੈ ਅਤੇ ਰੋਜ਼ਾਨਾ ਨੌਜਵਾਨਾਂ ਦੀਆਂ ਜ਼ਮਾਨਤਾਂ ਹੋ ਰਹੀਆਂ ਹਨ।
ਉਹਨਾਂ ਕਿਹਾ ਕਿ ਸਰਕਾਰ ਵੱਲੋਂ ਸਾਜਿਸ਼ ਤਹਿਤ ਨੌਜਵਾਨ ਬਨਾਮ ਸੰਯੁਕਤ ਕਿਸਾਨ ਮੋਰਚਾ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦਕਿ ਨੌਜਵਾਨ ਮੋਰਚੇ ਨਾਲ ਡਟਕੇ ਖੜ੍ਹੇ ਹਨ। ਵੱਡੀ ਗਿਣਤੀ ਵਿੱਚ ਨੌਜਵਾਨ ਮੋਰਚੇ ਚ ਡਟੇ ਹੋਏ ਹਨ ਅਤੇ ਜਿਥੇ ਆਗੂ ਸਫ਼ਾਂ ਚ ਕੰਮ ਕਰਦੇ ਹਨ ਉਥੇ ਹੀ ਵਲੰਟੀਅਰ ਡਿਊਟੀ ਵੀ ਨਿਭਾਉਂਦੇ ਹਨ। ਅੱਜ ਤਿਹਾੜ ਜੇਲ੍ਹ ਅਤੇ ਰੋਹਿਨੀ ਜੇਲ੍ਹ ਚੋਂ ਰਿਹਾਅ ਹੋਕੇ ਆਏ ਜਗਸੀਰ ਸਿੰਘ, ਜਗਪਾਲ ਸਿੰਘ, ਜ਼ੋਰਾ ਸਿੰਘ, ਕੁਲਵਿੰਦਰ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ ਅਤੇ ਗੁਰਮੇਲ ਸਿੰਘ ਨੂੰ ਏਥੇ ਟਿਕਰੀ ਬਾਰਡਰ ਪਹੁੰਚਣ ਤੇ ਕਿਸਾਨ ਆਗੂਆਂ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਅਤੇ ਬਾਕੀ ਰਹਿੰਦੇ ਨੌਜਵਾਨਾਂ ਦੀ ਤੁਰੰਤ ਰਿਹਾਈ ਦੀ ਮੰਗ ਕੀਤੀ।
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਤੋਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਪੂਰੇ ਦੇਸ਼ ਵਿੱਚ ਫੈਲ ਚੁੱਕਾ ਹੈ। ਅੱਜ ਟਿਕਰੀ ਬਾਰਡਰ ਤੇ ਤੇਲੰਗਾਨਾ, ਕਰਨਾਟਕਾ ਅਤੇ ਆਂਧਰਾ ਪ੍ਰਦੇਸ਼ ਤੋਂ ਵੱਖ ਵੱਖ ਕਿਸਾਨ ਮਜ਼ਦੂਰ ਜਥੇਬੰਦੀਆਂ ਦੇ ਆਗੂ ਹਮਾਇਤ ਵਿੱਚ ਪਹੁੰਚੇ। ਉਹਨਾਂ ਤਿੰਨੋ ਲੋਕ ਵਿਰੋਧੀ ਕਾਨੂੰਨ ਰੱਦ ਕਰਨ ਅਤੇ ਘੱਟੋ ਘੱਟ ਸਮਰਥਨ ਮੁੱਲ ਦੀ ਮੰਗ ਪੂਰੀ ਹੋਣ ਤਕ ਅੰਦੋਲਨ ਦਾ ਸਮਰਥਨ ਕਰਨ ਦਾ ਐਲਾਨ ਕੀਤਾ।
ਬੀ.ਕੇ.ਯੂ ਰਾਜੇਵਾਲ ਦੇ ਪਰਗਟ ਸਿੰਘ, ਬੀ.ਕੇ.ਯੂ ਲੱਖੋਵਾਲ ਦੇ ਦਰਸ਼ਨ ਸਿੰਘ ਜਟਾਣਾ, ਕਿਰਤੀ ਕਿਸਾਨ ਯੂਨੀਅਨ ਦੇ ਅਮਰਜੀਤ ਸਿੰਘ ਹਨੀ, ਬੀ.ਕੇ.ਯੂ ਮਾਨਸਾ ਦੇ ਬੇਅੰਤ ਸਿੰਘ ਮਹਿਮਾ ਸਰਜਾ, ਬੀ.ਕੇ.ਯੂ ਡਕੌਂਦਾ ਦੇ ਕੁਲਵੰਤ ਸਿੰਘ, ਪੰਜਾਬ ਕਿਸਾਨ ਯੂਨੀਅਨ ਦੇ ਜਸਬੀਰ ਕੌਰ ਨੱਤ, ਕੁਲ ਹਿੰਦ ਕਿਸਾਨ ਸਭਾ ਦੇ ਸੁਰਿੰਦਰ ਸਿੰਘ ਢੰਡੀਆਂ, ਜਮਹੂਰੀ ਕਿਸਾਨ ਸਭਾ ਦੇ ਅਮਰੀਕ ਸਿੰਘ ਫਫੜੇ ਭਾਈਕੇ, ਬੀ.ਕੇ.ਯੂ ਕਾਦੀਆਂ ਦੇ ਜਗਸੀਰ ਸਿੰਘ ਛੀਨੀਵਾਲ, ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਭਜਨ ਸਿੰਘ, ਬੀ.ਕੇ.ਯੂ ਹਰਿਆਣਾ ਦੇ ਜੋਗਿੰਦਰ ਸਿੰਘ ਨੈਨ, ਬੀ.ਕੇ.ਯੂ ਭਿਵਾਨੀ ਦੇ ਜੋਗਿੰਦਰ ਤਾਲੂ ਅਤੇ ਹਰਿਆਣਾ ਕਿਸਾਨ ਮੰਚ ਦੇ ਪ੍ਰਹਲਾਦ ਸਿੰਘ ਭਾਰੂਖੇੜਾ ਨੇ ਮੰਚ ਤੋਂ ਸੰਬੋਧਨ ਕੀਤਾ।
ਐਤਵਾਰ ਦੇ ਦਿਨ ਬੀਬੀਆਂ ਦੀ ਭਰਵੀਂ ਹਾਜ਼ਰੀ ਰਹੀ ਜਿਹਨਾਂ ਨੇ ਰਵਾਇਤੀ ਗੀਤਾਂ ਰਾਹੀਂ ਤਿੰਨੋ ਲੋਕ ਵਿਰੋਧੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ। ਪੰਜਾਬੀ ਦੇ ਮਸ਼ਹੂਰ ਗੀਤਕਾਰ ਬਚਨ ਬੇਦਿਲ ਅਤੇ ਉਹਨਾਂ ਦੇ ਸਪੁੱਤਰ ਤੇ ਗਾਇਕ ਅਰਮਾਨ ਬੇਦਿਲ ਨੇ ਵੀ ਟਿਕਰੀ ਬਾਰਡਰ ਵਿਖੇ ਅੰਦੋਲਨ ਦੇ ਸਮਰਥਨ ਚ ਹਾਜ਼ਰੀ ਭਰੀ।