ਅਸ਼ੋਕ ਵਰਮਾ
ਨਵੀਂ ਦਿੱਲੀ ,8ਫਰਵਰੀ2021:ਪੰਜਾਬ ਕਿਸਾਨ ਸਭਾ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਹਰਦੇਵ ਅਰਸ਼ੀ ਨੇ ਆਖਿਆ ਹੈ ਕਿ ਜ਼ਮੂਹਰੀ ਕਦਰਾਂ ਕੀਮਤਾਂ ਦੀ ਪਰਵਾਹ ਨਾ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੰਕਾਰੀ ਤੇ ਤਾਨਾਸ਼ਾਹ ਰਵੱਈਆ ਅਤੇ ਕਿਸਾਨਾਂ ਦਾ ਅੰਤਮ ਜਿੱਤ ਤੱਕ ਸੰਘਰਸ਼ ਜਾਰੀ ਰੱਖਣ ਲਈ ਦਿ੍ਰੜ ਸੰਕਲਪ ਹੋਣਾ ਕਿਸਾਨ ਅੰਦੋਲਨ ਦੇ ਲੰਮਾ ਹੋਣ ਦਾ ਮੁੱਖ ਕਾਰਨ ਹੈ। ਟਿਕਰੀ ਬਾਰਡਰ ਨੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਨੇ ਕਿਹਾ ਕਿ ਮੋਦੀ ਦੇਸ਼ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਹਨ। ਜੋ ਆਪਣੇ ਹੰਕਾਰ ਕਰਕੇ ਢਾਈ ਮਹੀਨੇ ਤੋਂ ਦੇਸ਼ ਦੇ ਕਰੋੜਾਂ ਕਿਸਾਨਾਂ ਦੇ ਸੰਘਰਸ਼ ਨੂੰ ਨਜ਼ਰ ਅੰਦਾਜ ਕਰ ਰਹੇ ਹਨ। ਉਹਨਾਂ ਦੀ ਥਾਂ ਜੇਕਰ ਕੋਈ ਹੋਰ ਪ੍ਰਧਾਨ ਮੰਤਰੀ ਹੁੰਦਾ ਤਾਂ ਕਿਸਾਨ ਆਗੂਆਂ ਨਾਲ ਗੱਲਬਾਤ ਕਰਕੇ ਮਸਲੇ ਦਾ ਹੱਲ ਕਰ ਦਿੱਤਾ ਹੋਣਾ ਸੀ ਜਦੋਂਕਿ ਹੁਣ ਬੇਮਤਲਬ ਢੰਗਾਂ ਨਾਲ ਲਟਕਾਇਆ ਜਾ ਰਿਹਾ ਹੈ
ਉਹਨਾਂ ਆਖਿਆ ਕਿ ਦੁਖਦਾਈ ਪਹਿਲੂ ਹੈ ਕਿ ਸਾਰੀਆਂ ਸ਼ਕਤੀਆਂ ਕੇਵਲ ਇੱਕ ਵਿਅਕਤੀ (ਮੋਦੀ) ਕੋਲ ਕੇਂਦਰਤ ਹੋ ਚੁੱਕੀਆਂ ਹਨ ਜਿਸ ਕਰਕੇ ਮੰਤਰੀ ਕੇਵਲ ਕਠਪੁਤਲੀਆਂ ਬਣੇ ਹੋਏ ਹਨ ਜੋ ਆਪਣੇ ਵੱਲੋ ਕੋਈ ਵੀ ਫੈਸਲਾ ਲੈਣ ਤੋਂ ਅਸਮਰੱਥ ਹਨ। ਉਹਨਾਂ ਕਿਹਾ ਕਿ ਇਸ ਕਰਕੇ ਹੀ ਕਿਸਾਨ ਨੇਤਾਵਾਂ ਨਾਲ ਹੋਈ ਕਈ ਗੇੜਾਂ ਦੀ ਗੱਲਬਾਤ ਦਾ ਕੋਈ ਸਾਰਥਕ ਨਤੀਜਾ ਸਾਹਮਣੇ ਨਹੀ ਆਇਆ ਹੈ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਪਹਿਲਾਂ ਨਾਲੋ ਵੀ ਮਜ਼ਬੂਤ ਹੋ ਰਿਹਾ ਹੈ ਜਿਸ ਦੀ ਮਿਸਾਲ ਮਹਾਂਪੰਚਾਇਤਾਂ ’ਚ ਲੱਖਾਂ ਦੇ ਇਕੱਠ ਤੇ 6 ਫਰਵਰੀ ਦਾ ਚੱਕਾ ਜਾਮ ਹਨ। ਉਹਨਾਂ ਆਖਿਆ ਕਿ ਗੋਦੀ ਮੀਡੀਆ ਵੀ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ’ਚ ਅਸਫਲ ਰਿਹਾ ਹੈ। ਅਰਸ਼ੀ ਨੇ ਕਿਹਾ ਕਿ ਮੰਗਾਂ ਮੰਨਣ ਤੋਂ ਬਗੈਰ ਸੰਘਰਸ਼ ਖਤਮ ਨਹੀਂ ਹੋਵੇਗਾ ਅਤੇ ਅੱਜ ਸੰਯੋਕਤ ਮੋਰਚੇ ਦੀ ਮੀਟਿੰਗ ’ਚ ਨਵਾਂ ਐਲਾਨ ਕੀਤਾ ਜਾਏਗਾ।