ਅਸ਼ੋਕ ਵਰਮਾ
ਬਰਨਾਲਾ, 21ਫਰਵਰੀ 2021: ਫਾਸ਼ੀ ਹਮਲਿਆਂ ਵਿਰੋਧੀ ਫਰੰਟ ਨੇ ਕੇਂਦਰੀ ਹਕੂਮਤ ਵੱਲੋਂ ਕਰੋਨਾ ਸੰਕਟ ਬਹਾਨੇ ਆਮ ਲੋਕਾਈ ਤੇ ਬੋਲੇ ਹੱਲੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਚੱਲ ਰਹੇ ਸੰਘਰਸ਼ ਦੀ ਹਮਾਇਤ ’ਚ ਰੈਲੀ ਕਰਨ ਤੋਂ ਬਾਅਦ ਸ਼ਹਿਰ ਵਿੱਚ ਮਾਰਚ ਕਰਦਿਆਂ ਰੇਲਵੇ ਸਟੇਸ਼ਨ ਬਰਨਾਲਾ ’ਚ ਲੱਗੇ। ਕਿਸਾਨ ਮੋਰਚੇ ’ਚ ਭਰਵੀਂ ਸ਼ਮੂਲੀਅਤ ਕੀਤੀ ।ਇਨਕਲਾਬੀ ਜਥੇਬੰਦੀਆਂ ਦੀ ਸਾਂਝੀ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰੇ ਆਗੂਆਂ ਨਰਾਇਣ ਦੱਤ, ਨਵਕਿਰਨ ਪੱਤੀ, ਗੁਰਪ੍ਰੀਤ ਰੂੜੇਕੇ, ਮਲਕੀਤ ਸਿੰਘ, ਰਜਿੰਦਰਪਾਲ, ਜਗਰਾਜ ਸਿੰਘ ਰਾਮਾ,ਗੁਰਮੇਲ ਸਿੰਘ ਠੁੱਲੀਵਾਲ, ਗੁਰਪ੍ਰੀਤ ਗੋਪੀ ਅਤੇ ਚਰਨਜੀਤ ਕੌਰ ਨੇ ਕਿਹਾ ਕਿ ਮੋਦੀ ਹਕੂਮਤ ਨੇ ਸੰਘਰਸ਼ ਉੱਪਰ ਪੁਲਸੀ ਜਬਰ ਅਤੇ ਡੰਡੇ ਦੇ ਜੋਰ ਖਤਮ ਕਰਨ ਦਾ ਭਰਮ ਪਾਲਿਆ ਹੋਇਆ ਹੈ ਅਤੇ ਬਾਰਡਰਾਂ ਤੇ ਸਖਤ ਬੈਰੀਕੇਡਿੰਗ ਕੀਤੀ ਜਾ ਰਹੀ ਹੈ ਪਰ ਇਹ ਲੜਾਈ ਬਿਨਾਂ ਕਿਸੇ ਪ੍ਰਾਪਤੀ ਦੇ ਖਤਮ ਨਹੀਂ ਕੀਤੀ ਜਾਏਗੀ।
ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਕਿਸਾਨ ਸੰਘਰਸ਼ ਨੂੰ ਪਰਜੀਵੀ ਕਹਿਕੇ ਭੰਡਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ਅੰਦੋਲਨ ਦੇ ਹੱਕ ’ਚ ਉੱਠਣ ਵਾਲੀਆਂ ਅਵਾਜਾਂ ਖਿਲ਼ਾਫ ਦੇਸ਼ ਧਰੋਹ ਵਰਗੇ ਮੁਕੱਦਮੇ ਦਰਜ ਕਰਕੇ ਅਸਿਹਮਤੀ ਦੀ ਹਰ ਅਵਾਜ ਨੂੰ ਦਬਾਉਣ ਦਾ ਭਰਮ ਪਾਲਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੋਦੀ ਹਕੂਮਤ ਭੀਮਾ ਕੋਰੇਗਾਉਂ ਕੇਸ ਅਤੇ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਸ਼ਹੀਨ ਬਾਗ ਵਿਖੇ ਚੱਲੇ ਸੰਘਰਸ਼ ਵਿੱਚ ਭਾਗ ਲੈਣ ਵਾਲੇ ਬੁੱਧੀਜੀਵੀਆਂ,ਵਕੀਲਾਂ, ਦਲਿਤ, ਜਮਹੂਰੀ ਕਾਰਕੁਨਾਂ ਅਤੇ ਵਿਦਿਆਰਥੀਆਂ ਨੂੰ ਹਕੂਮਤੀ ਜਬਰ ਦੀ ਮਾਰ ਹੇਠ ਲਿਆਂਦਾ ਹੋਇਆ ਹੈ। ਇਸ ਲਈ ਅਜਿਹੀਆਂ ਹਾਲਤਾਂ ’ਚ ਇਸ ਵਿਸ਼ਾਲ ਅਧਾਰ ਵਾਲੇ ਸੰਘਰਸ਼ ਨੂੰ ਹਰ ਪੱਖੋਂ ਸਹਿਯੋਗ ਕਰਨ ਦੀ ਲੋੜ ਹੈ।
ਉਹਨਾਂ ਕਿਹਾ ਕਿ ਮੋਦੀ ਹਕੂਮਤ ਨੇ ਇਹ ਫੈਸਲੇ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਬੈਂਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮੁਲਕ ਦੇ ਖਜਾਨੇ ਕਾਰਪੋਰੇਟਾਂ ਨੂੰ ਕੌਡੀਆਂ ਦੇ ਭਾਅ ਲੁਟਾਉਣ ਲਈ ਲਏ ਹਨ। ਮੋਦੀ ਹਕੂਮਤ ਨੇ ਜਨਤਕ ਖੇਤਰ ਦੇ ਅਦਾਰਿਆਂ ਦਾ ਨਿੱਜੀਕਰਨ ਅਤੇ ਕਿਰਤ ਕਾਨੂੰਨਾਂ ਵਿੱਚ ਸੋਧਾਂ ਕਰਕੇ ਹਾਸ਼ੀਏ ਤੇ ਧੱਕੇ ਕਰੋੜਾਂ ਲੋਕ ਬਦ ਤੋਂ ਬਦਤਰ ਜਿੰਦਗੀ ਜਿਉਣ ਲਈ ਮਜਬੂਰ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਕੀਮਤਾਂ ਅਸਮਾਨੀਂ ਚੜ੍ਹ ਰਹੀਆਂ ਹਨ ਜਿਹਨਾਂ ਖਿਲਾਫ ਤੂਫਾਨੀ ਵੇਗ ਨਾਲ ਉੱਠਣ ਵਾਲੇ ਸੰਘਰਸ਼ ਰੋਕਣ ਲਈ ਮੋਦੀ ਹਕੂਮਤ ਵੱਲੋਂ ਆਪਣਾ ਫਾਸ਼ੀ ਏਜੰਡਾ ਲਾਗੂ ਕੀਤਾ ਜਾ ਰਿਹਾ ਹੈ। ਬੁਲਾਰਿਆਂ ਨੌਦੀਪ ਕੌਰ ਅਤੇ ਦਿਸ਼ਾ ਰਾਵੀ ਨੂੂੰ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮਾਰਚ ਵਿੱਚ ਕਰਮਜੀਤ ਬੀਹਲਾ, ਖੁਸ਼ੀਆ ਸਿੰਘ, ਅਮਰਜੀਤ ਕੌਰ, ਸੁਖਵਿੰਦਰ ਸਿੰਘ, ਨਵਨਿਰਮਾਣ ਪੱਤੀ ਅਤੇ ਇਕਬਾਲ ਕੌਰ ਉਦਾਸੀ ਆਦਿ ਆਗੂ ਸ਼ਾਮਲ ਸਨ।