ਦਿੱਲੀ ਲਈ ਨੌਜਵਾਨਾਂ ਦੇ ਕਾਫਲੇ ਰਵਾਨਾ
ਚੰਡੀਗੜ੍ਹ, 22 ਮਾਰਚ 2021 : ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਿਤ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਪੰਜਾਬ ਭਰ 'ਚ 68 ਥਾਵਾਂ 'ਤੇ ਜਾਰੀ ਪੱਕੇ-ਧਰਨਿਆਂ 'ਚ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸ਼ਰਧਾਂਜ਼ਲੀਆਂ ਦਿੱਤੀਆਂ ਜਾਣਗੀਆਂ। ਸੰਯੁਕਤ ਕਿਸਾਨ ਮੋਰਚੇ ਦੇ 26 ਮਾਰਚ ਨੂੰ ਭਾਰਤ-ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਭਰਾਤਰੀ ਸਮਾਜਿਕ ਜਥੇਬੰਦੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ।
23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹਾਦਤ ਦਿਵਸ ਮੌਕੇ ਦਿੱਲੀ ਦੇ ਕਿਸਾਨ-ਮੋਰਚਿਆਂ 'ਚ ਸ਼ਮੂਲੀਅਤ ਕਰਨ ਲਈ ਪੰਜਾਬ ਤੋਂ ਹਜ਼ਾਰਾਂ ਨੌਜਵਾਨ ਦਿੱਲੀ ਲਈ ਰਵਾਨਾ ਹੋ ਗਏ ਹਨ। ਖਟਕੜ ਕਲਾਂ, ਸੁਨਾਮ ਅਤੇ ਸਰਾਭਾ ਦੀ ਧਰਤੀ ਨੂੰ ਸਲਾਮ ਕਰਦਿਆਂ ਨੌਜਵਾਨਾਂ ਨੇ ਦਿੱਲੀ ਲਈ ਚਾਲੇ ਪਾਏ। ਜਿਸਦੀਆਂ ਤਿਆਰੀਆਂ ਲਈ ਸੈਂਕੜੇ ਪਿੰਡਾਂ 'ਚ ਮੋਟਰਸਾਈਕਲ ਮਾਰਚ ਕਰਦਿਆਂ ਚੇਤਨਾ-ਮਾਰਚ ਕੱਢੇ ਗਏ ਹਨ।
ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ 23 ਮਾਰਚ ਦੇ ਸ਼ਹੀਦ ਨੌਜਵਾਨਾਂ ਲਈ ਪ੍ਰੇਰਨਾ-ਸ੍ਰੋਤ ਹਨ। ਕਿਸਾਨ-ਅੰਦੋਲਨ 'ਚ ਵੱਡੀ-ਗਿਣਤੀ 'ਚ ਜੁੜੇ ਨੌਜਵਾਨ ਇਤਿਹਾਸਕ ਗੌਰਵਮਈ ਵਿਰਸੇ ਨਾਲ ਜੁੜਨਗੇ।
ਸੰਸਾਰ ਵਪਾਰ ਸੰਸਥਾ ਦੀ ਖੁੱਲ੍ਹੀ ਮੰਡੀ ਦੀ ਨੀਤੀ ਤਹਿਤ ਕੇਂਦਰ-ਸਰਕਾਰ ਵੱਲੋਂ ਮੜ੍ਹੇ ਜਾ ਰਹੇ ਇਹ ਕਾਲੇ ਖੇਤੀ ਕਾਨੂੰਨ ਕਿਸਾਨਾਂ ਦੀਆਂ ਜ਼ਮੀਨਾਂ ਦੇਸੀ-ਵਿਦੇਸ਼ੀ ਸਾਮਰਾਜੀ ਕੰਪਨੀਆਂ ਨੂੰ ਸੌਂਪਣ ਦਾ ਰਾਹ ਖੋਲ੍ਹ ਕੇ ਵੱਡੇ ਵੱਡੇ ਕਾਰਪੋਰੇਟ ਖੇਤੀ ਫਾਰਮ ਬਣਾਉਣ ਅਤੇ ਕਿਸਾਨਾਂ ਦਾ ਸ਼ੋਸ਼ਣ ਕਰਨ ਵੱਲ ਸੇਧਤ ਹਨ। ਇਸ ਕਰਕੇ ਭਵਿੱਖ ਲਈ ਚਿੰਤਿਤ ਨੌਜਵਾਨੀ ਸੰਘਰਸ਼ਾਂ 'ਚ ਡਟੇ ਰਹਿਣ ਲਈ ਤਿਆਰ ਹੈ। ਬੁਰਜ ਅਕਲੀਆ, ਰਾਏਕੋਟ, ਭਦੌੜ, ਬਾਸੀਆਂ ਬੇਟ, ਭਾਈਰੂਪਾ, ਪੰਜਗਰਾਈਂ ਕਲਾਂ, ਸਿਵੀਆਂ, ਅਗਵਾੜ,ਲੋਪੋਕੇ ਅਤੇ ਦਬੜੀਖਾਨਾ ਤੋਂ ਵੱਡੀ ਗਿਣਤੀ 'ਚ ਨੌਜਵਾਨ ਦਿੱਲੀ ਲਈ ਰਵਾਨਾ ਹੋਏ।
ਪੰਜਾਬ 'ਚ ਕੁਝ ਜਿਲ੍ਹਿਆਂ 'ਚ ਬੇਮੌਸਮੀ ਬਾਰਿਸ਼ ਕਾਰਨ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਹੈ, ਜਗਮੋਹਨ ਸਿੰਘ ਪਟਿਆਲਾ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਨੁਕਸਾਨੀ ਫਸਲ ਦੀ ਫੌਰੀ ਗਿਰਦਾਵਰੀ ਕਰਕੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ।