ਸੁਖਜਿੰਦਰ ਸਿੰਘ ਪੰਜਗਰਾਈਂ
- ਨਵਰੀਤ ਸਿੰਘ ਦੀ ਮੌਤ ਦੀ ਜਾਂਚ ਕਰਵਾਉਣ ਵਾਲੇ ਮਾਮਲੇ ਤੇ ਕਿਸਾਨ ਆਗੂਆਂ ਵੱਲੋਂ ਵੱਟੀ ਚੁੱਪ ਕਾਰਨ ਨੌਜਵਾਨ ਪੀੜ੍ਹੀ ਨਿਰਾਸ਼ਤਾ ਦੇ ਆਲਮ 'ਚ
ਪੰਜਗਰਾਈਂ ਕਲਾਂ/ਦਿੱਲੀ,10 ਫ਼ਰਵਰੀ 2021 - ਕੇਂਦਰ ਸਰਕਾਰ ਵੱਲੋਂ ਨਵੇਂ ਬਣਾਏ ਗਏ ਤਿੰਨ ਖੇਤੀ ਵਿਰੋਧੀ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ ਢਾਈ ਮਹੀਨਿਆਂ ਤੋਂ ਭਾਰਤ ਦੀਆਂ ਕਈ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਗਾਜੀਪੁਰ,ਸਿੰਘੂ-ਕੁੰਡਲੀ ਤੇ ਟਿੱਕਰੀ ਬਾਰਡਰਾਂ ਤੇ ਕਿਸਾਨ ਅੰਦੋਲਨ ਸ਼ੁਰੂ ਕੀਤਾ ਹੋਇਆ ਹੈ, ਚੱਲ ਰਹੇ ਇਸ ਕਿਸਾਨ ਅੰਦੋਲਨ ਦੌਰਾਨ ਲੰਘੀ 26 ਜਨਵਰੀ ਨੂੰ ਸਮੂਹ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਦੇ ਰਿੰਗ ਰੋਡ ਤੇ ਟਰੈਕਟਰ ਮਾਰਚ ਕੱਢਣ ਦਾ ਫੈਸਲਾ ਕੀਤਾ ਗਿਆ ਸੀ,ਜਿਸ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਦੇਸ਼ ਭਰ ਦੇ ਨੌਜਵਾਨਾਂ ਨੂੰ ਆਪਣੇ ਟਰੈਕਟਰ ਲੈ ਕੇ ਇਸ ਮਾਰਚ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਸੀ। ਕਿਸਾਨ ਆਗੂਆਂ ਦੇ ਇਸ ਸੱਦੇ ਉਪਰ ਲੱਖਾਂ ਕਿਸਾਨ ਆਪਣੇ ਹਜ਼ਾਰਾਂ ਟਰੈਕਟਰ ਲੈ ਕੇ ਇਸ ਟਰੈਕਟਰ ਮਾਰਚ ਵਿੱਚ ਸ਼ਾਮਲ ਹੋਏ ਸਨ।
ਇਸੇ ਤਰ੍ਹਾਂ ਯੂਪੀ ਦੇ ਸੰਘਰਸ਼ਸ਼ੀਲ ਗੁਰਸਿੱਖ ਵਿਅਕਤੀ ਭਾਈ ਹਰਦੀਪ ਸਿੰਘ ਡਿਬਡੀਬਾ ਦਾ ਪੋਤਰਾ ਨੌਜਵਾਨ ਕਿਸਾਨ ਭਾਈ ਨਵਰੀਤ ਸਿੰਘ ਹੁੰਦਲ ਪੁੱਤਰ ਵਿਕਰਮਜੀਤ ਸਿੰਘ ਵਾਸੀ ਡਿਬਡੀਬਾ (ਯੂਪੀ) ਵੀ ਗਾਜੀਪੁਰ ਬਾਰਡਰ ਤੋਂ ਟਰੈਕਟਰ ਮਾਰਚ ਦੌਰਾਨ ਦਿੱਲੀ ਪੁਲਿਸ ਦੀਆਂ ਚਾਰ ਪੰਜ ਰੋਕਾਂ ਤੋੜਦਾ ਹੋਇਆ ਜਦੋਂ ਆਈ ਟੀ ਓ ( ਇੰਨਕਿਮ ਟੈਕਸ ਆਫਿਸ ਦਿੱਲੀ) ਦੇ ਨਜਦੀਕ ਪਹੁੰਚਿਆ ਤਾਂ ਉਸ ਦੇ ਸਿਰ ਵਿੱਚ ਕਿਸੇ ਨੇ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸਦਾ ਟਰੈਕਟਰ ਪਲਟ ਗਿਆ ਤੇ ਨਵਰੀਤ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ। ਨਵਰੀਤ ਸਿੰਘ ਦੀ ਮੌਤ ਦਿੱਲੀ ਪੁਲਿਸ ਦੀ ਗੋਲੀ ਲੱਗਣ ਕਾਰਨ ਹੋਣ ਦੀ ਗੱਲ ਵੀ ਕਹੀ ਜਾ ਰਹੀ ਹੈ।
ਅੱਜ ਸ਼ਹੀਦ ਨਵਰੀਤ ਸਿੰਘ ਦੇ ਦਾਦਾ ਭਾਈ ਹਰਦੀਪ ਸਿੰਘ ਡਿਬਡੀਬਾ ਵੱਲੋਂ ਦਿੱਲੀ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰ ਕੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਕੇ ਉਹਨਾਂ ਨੂੰ ਇਨਸਾਫ ਦੇਣ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਨਵਰੀਤ ਸਿੰਘ ਦੇ ਦਾਦਾ ਭਾਈ ਹਰਦੀਪ ਸਿੰਘ ਡਿਬਡੀਬਾ ਨੇ 'ਰੋਜ਼ਾਨਾ ਪਹਿਰੇਦਾਰ' ਨੂੰ ਦੱਸਿਆ ਕੇ ਉਹਨਾਂ ਨੇ ਅਦਾਲਤ ਤੋਂ ਮੰਗ ਕੀਤੀ ਹੈ ਕੇ ਸਾਨੂੰ ਨਿਰਪੱਖ ਜਾਂਚ ਕਰ ਕੇ ਦੱਸਿਆ ਜਾਵੇ ਕੇ ਉਹਨਾਂ ਦੇ ਜਿਗਰ ਦੇ ਟੋਟੇ ਇਕਲੋਤੇ ਪੋਤਰੇ ਨੌਜਵਾਨ ਸ਼ਹੀਦ ਨਵਰੀਤ ਸਿੰਘ ਨੂੰ ਗੋਲੀ ਮਾਰ ਕੇ ਕਿਸ ਨੇ ਸ਼ਹੀਦ ਕੀਤਾ ਹੈ ਤੇ ਅਸਲ ਦੋਸ਼ੀਆਂ ਨੂੰ ਸਖ਼ਤ ਸਜਾਵਾਂ ਦੇ ਕੇ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ।
ਕਿਸਾਨ ਆਗੂਆਂ ਦੀ ਇਸ ਮਾਮਲੇ ਤੇ ਵੱਟੀ ਚੁੱਪ ਦੇ ਕਾਰਨ ਨੌਜਵਾਨ ਪੀੜ੍ਹੀ ਨਿਰਾਸ਼ਤਾ ਦੇ ਆਲਮ ਵਿੱਚ ਹੈ,ਜਿਆਦਾਤਰ ਨੌਜਵਾਨਾਂ ਦਾ ਸ਼ੋਸ਼ਲ ਮੀਡੀਆ ਤੇ ਕਹਿਣਾ ਹੈ ਕੇ ਕਿਸਾਨ ਆਗੂਆਂ ਵੱਲੋਂ ਸ਼ਹੀਦ ਨਵਰੀਤ ਸਿੰਘ ਦੀ ਮੌਤ ਦੀ ਜਾਂਚ ਕਰਨ ਦੀ ਮੰਗ ਨਾ ਕਰਨਾ ਬਹੁਤ ਹੀ ਮੰਦਭਾਗਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਨੌਜਵਾਨ ਪੀੜ੍ਹੀ ਇਹਨਾਂ ਆਗੂਆਂ ਮਗਰ ਲੱਗ ਕੇ ਕਦੇ ਵੀ ਗੁੰਮਰਾਹ ਨਹੀ ਹੋਵੇਗੀ।