ਅਸ਼ੋਕ ਵਰਮਾ
ਚੰਡੀਗੜ੍ਹ, 27 ਫਰਵਰੀ 2021 - ਸੰਯੁਕਤ ਕਿਸਾਨ ਮੋਰਚੇ ਦੇ ਮੁਲਕ ਪੱਧਰੇ ਸੱਦੇ ‘ਤੇ ਅੱਜ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਟਿੱਕਰੀ ਬਾਰਡਰ ਦਿੱਲੀ ਤੋਂ ਇਲਾਵਾ ਪੰਜਾਬ ਦੇ 42 ਮੋਰਚਿਆਂ ਵਿੱਚ ਬੇਗਮਪੁਰਾ ਸਮਾਜ ਦੇ ਮੁਦੱਈ ਭਗਤ ਰਵਿਦਾਸ ਜੀ ਦਾ ਪ੍ਰਕਾਸ਼ ਉਤਸਵ ਅਤੇ ਦੇਸ਼ ਦੀ ਆਜ਼ਾਦੀ ਲਹਿਰ ਵਿੱਚ ਅੰਗਰੇਜ਼ ਸਾਮਰਾਜ ਖਿਲਾਫ਼ ਜੂਝਦਿਆਂ ਜਾਨ ਵਾਰਨ ਵਾਲੇ ਇਨਕਲਾਬੀ ਜੁਝਾਰੂ ਚੰਦਰ ਸ਼ੇਖਰ ਆਜ਼ਾਦ ਦਾ ਸ਼ਹੀਦੀ ਦਿਹਾੜਾ ਸ਼ਰਧਾ ਅਤੇ ਜੋਸ਼ ਨਾਲ ਮਨਾਏ ਗਏ। ਜਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਾਰੇ ਥਾਂਵਾਂ ‘ਤੇ ਕੁੱਲ ਮਿਲਾ ਕੇ ਦਹਿ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ, ਔਰਤਾਂ ਤੇ ਨੌਜਵਾਨਾਂ ਨੇ ਇਨ੍ਹਾਂ ਸਮਾਗਮਾਂ ਵਿੱਚ ਜੋਸ਼ ਭਰਪੂਰ ਸ਼ਿਰਕਤ ਕੀਤੀ।
ਉਨ੍ਹਾਂ ਕਿਹਾ ਕਿ ਇਹ ਜੋਸ਼ੀਲਾ ਹੁੰਗਾਰਾ ਕਾਲੇ ਖੇਤੀ ਕਾਨੂੰਨ ਧੱਕੇ ਨਾਲ਼ ਮੜ੍ਹਨ ਰਾਹੀਂ ਮੋਦੀ ਭਾਜਪਾ ਹਕੂਮਤ ਦੀ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨਾਲ ਗੂੜ੍ਹੀ ਵਫ਼ਾਦਾਰੀ ਅਤੇ ਕਿਸਾਨਾਂ ਪ੍ਰਤੀ ਦੁਸ਼ਮਣਾਨਾ ਨੀਤੀ ਵਿਰੁੱਧ ਦਿਨੋਂ ਦਿਨ ਪ੍ਰਚੰਡ ਹੋ ਰਹੇ ਰੋਹ ਦਾ ਪ੍ਰਗਟਾਵਾ ਹੋ ਨਿੱਬੜਿਆ । ਥਾਂ ਥਾਂ ਭਾਰੀ ਇਕੱਠਾਂ ਵਲੋ ਗੁਰੂ ਰਵੀਦਾਸ ਜੀ ਦੇ ਊਚ ਨੀਚ ਰਹਿਤ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਦੇ ਸੰਕਲਪ ‘ਤੇ ਡਟ ਕੇ ਪਹਿਰਾ ਦੇਣ ਦਾ ਅਹਿਦ ਕੀਤਾ ਗਿਆ। ਸ਼ਹੀਦ ਚੰਦਰ ਸ਼ੇਖਰ ਆਜ਼ਾਦ ਵੱਲੋਂ ਜ਼ਾਲਮ ਅੰਗਰੇਜ਼ੀ ਹਕੂਮਤ ਵਿਰੁੱਧ ਆਖਰੀ ਦਮ ਤੱਕ ਲੜੀ ਗਈ ਹਰ ਜਾਤ-ਧਰਮ ਦੇ ਕਿਰਤੀ ਲੋਕਾਂ ਦੀ ਆਪਾਵਾਰੂ ਲੜਾਈ ਦੀ ਜੈ-ਜੈਕਾਰ ਕੀਤੀ ਗਈ ਅਤੇ ਮੌਜੂਦਾ ਘੋਲ਼ ਵਿੱਚ ਇਸ ਸੋਚ ‘ਤੇ ਪਹਿਰਾ ਦੇਣ ਦਾ ਪ੍ਰਣ ਕੀਤਾ ਗਿਆ।
ਬੁਲਾਰਿਆਂ ਵੱਲੋਂ ਤਿੰਨੇ ਕਾਲੇ ਖੇਤੀ ਕਾਨੂੰਨਾਂ ਤੋਂ ਇਲਾਵਾ ਬਿਜਲੀ ਸੋਧ ਬਿੱਲ 2020 ਅਤੇ ਪਰਾਲ਼ੀ ਆਰਡੀਨੈਂਸ ਰੱਦ ਕਰਨ, ਘੱਟੋ-ਘੱਟ ਖਰੀਦ ਮੁੱਲ 'ਤੇ ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦੀ ਕਾਨੂੰਨੀ ਗਾਰੰਟੀ , ਜਨਤਕ ਵੰਡ ਪ੍ਰਣਾਲੀ ਪੂਰੇ ਮੁਲਕ ‘ਚ ਲਾਗੂ ਕਰਨ; ਝੂਠੇ ਦੇਸ਼ਧ੍ਰੋਹੀ ਦੇ ਕੇਸ ਮੜ੍ਹ ਕੇ ਜੇਲ੍ਹੀਂ ਡੱਕੇ ਸਾਰੇ ਬੇਦੋਸ਼ੇ ਕਿਸਾਨਾਂ ਮਜ਼ਦੂਰਾਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਤੇ ਉਨ੍ਹਾਂ ਦੇ ਟ੍ਰੈਕਟਰ ਵਾਪਸ ਕਰਨ, 26 ਜਨਵਰੀ ਮੌਕੇ ਲਾਲ ਕਿਲ੍ਹੇ ਵਿੱਚ ਰਚੀ ਗਈ ਸਰਕਾਰੀ ਸਾਜਿਸ਼ ਦੀ ਪੜਤਾਲ ਕਰਵਾ ਕੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ, ਪੁਲਸ ਦੁਆਰਾ ਸ਼ਹੀਦ ਕੀਤੇ ਨਵਰੀਤ ਸਿੰਘ ਸਮੇਤ ਘੋਲ਼ ਦੇ ਸਮੂਹ ਸ਼ਹੀਦਾਂ ਦੇ ਵਾਰਸਾਂ ਨੂੰ ਯੋਗ ਮੁਆਵਜ਼ਾ ਦੇਣ ਅਤੇ ਕਿਸਾਨ ਘੋਲ਼ ਦੀ ਹਿਮਾਇਤ ਬਦਲੇ ਜੇਲ੍ਹੀਂ ਡੱਕੀਆਂ ਔਰਤਾਂ ਨੌਦੀਪ ਤੇ ਦਿਸ਼ਾ ਰਵੀ ਸਮੇਤ ਸਾਰੇ ਬੁੱਧੀਜੀਵੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ ਵਰਗੀਆਂ ਮੰਗਾਂ ਉੱਤੇ ਜੋਰ ਦਿੱਤਾ ਗਿਆ।
ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਨਕ ਸਿੰਘ ਭੁਟਾਲ,ਜਗਤਾਰ ਸਿੰਘ ਕਾਲਾਝਾੜ, ਚਮਕੌਰ ਸਿੰਘ ਨੈਣੇਵਾਲ,ਸਰੋਜ ਕੁਮਾਰੀ ਦਿਆਲਪੁਰਾ, ਹਰਪ੍ਰੀਤ ਕੌਰ ਜੇਠੂਕੇ, ਸੁਖਜੀਤ ਸਿੰਘ ਕੋਠਾਗੁਰੂ ਅਤੇ ਸੁਨੀਲ ਕੁਮਾਰ ਭੋਡੀਪੁਰਾ ਤੋਂ ਇਲਾਵਾ ਸਾਰੇ ਜਿਲ੍ਹਿਆਂ ਦੇ ਪ੍ਰਧਾਨ ਸਕੱਤਰ ਸ਼ਾਮਲ ਸਨ। ਉਹਨਾਂ ਨੇ ਸਮੂਹ ਧਰਨਾਕਾਰੀਆਂ ਨੂੰ ਸੱਦਾ ਦਿੱਤਾ ਕਿ ਆਪੋ ਆਪਣੇ ਧਰਨਿਆਂ ਨੂੰ ਹੋਰ ਮਜਬੂਤ ਕਰਦੇ ਹੋਏ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਮੌਕੇ ਜਥੇਬੰਦੀ ਵੱਲੋਂ ਦਿੱਲੀ ਟਿਕਰੀ ਬਾਰਡਰ ਧਰਨੇ ਵਿੱਚ ਔਰਤਾਂ ਦੀ ਜ਼ੋਰਦਾਰ ਸ਼ਮੂਲੀਅਤ ਕਰਵਾਈ ਜਾਵੇ ਅਤੇ ਪੰਜਾਬ ਦੇ ਧਰਨੇ ਵੀ ਇਸ ਕੌਮਾਂਤਰੀ ਦਿਹਾੜੇ ਨੂੰ ਸਮਰਪਿਤ ਕੀਤੇ ਜਾਣ।