ਅਸ਼ੋਕ ਵਰਮਾ
ਬਠਿੰਡਾ ,18 ਫਰਵਰੀ2021: ਮੋਦੀ ਹਕੂਮਤ ਵੱਲੋਂ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਮਜ਼ਦੂਰਾਂ ਅਤੇ ਇਹਨਾਂ ਦੀ ਮਾਰ ਹੇਠ ਆਉਣ ਵਾਲੇ ਸਭਨਾਂ ਤਬਕਿਆਂ ਨੂੰ ਇੱਕਜੁਟ ਹੋਕੇ ਲੜਿਆਂ ਹੀ ਕਾਰਪੋਰੇਟ ਘਰਾਣਿਆਂ ਤੇ ਵਿਦੇਸ਼ੀ ਕੰਪਨੀਆਂ ਦੇ ਹੱਥ ਵਿੱਚ ਦਿੱਤੇ ਇਹਨਾਂ ਮਾਰੂ ਹਥਿਆਰਾਂ ਨੂੰ ਠੁੱਸ ਕੀਤਾ ਜਾ ਸਕਦਾ ਹੈ। ਰਾਮਪੁਰਾ ਦੀ ਦਾਣਾ ਮੰਡੀ ਵਿੱਚ ਹੋਈ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਜਿਲ੍ਹਾ ਪੱਧਰੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੱਥੇਬੰਦੀ ਦੇ ਜਿਲ੍ਹਾ ਕਨਵੀਨਰ ਮਾਸਟਰ ਸੇਵਕ ਸਿੰਘ ਮਹਿਮਾ ਸਰਜਾ ਤੇ ਜਿਲ੍ਹਾ ਕਮੇਟੀ ਮੈਂਬਰ ਤੀਰਥ ਸਿੰਘ ਕੋਠਾ ਗੁਰੂ ਨੇ ਕੀਤਾ। ਉਹਨਾਂ ਇਸੇ ਮਕਸਦ ਦੀ ਪੂਰਤੀ ਲਈ ਬਰਨਾਲਾ ਵਿਖੇ ਹੋ ਰਹੀ ਮਜਦੁਰ ਕਿਸਾਨ ਏਕਤਾ ਮਹਾਂ ਰੈਲੀ ਵਿੱਚ ਘਰਾਂ ਨੂੰ ਜਿੰਦੇ ਕੁੰਡੇ ਮਾਰਕੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ।
ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਦੱਸਿਆ ਕਿ ਬੁਲਾਰਿਆਂ ਨੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਹਨਾਂ ਕਾਨੂੰਨਾਂ ਦੇ ਲਾਗੂ ਹੋਣ ਨਾਲ ਮਜ਼ਦੂਰਾਂ ਦੇ ਰੁਜਗਾਰ ਉਜਾੜਾ,ਜਨਤਕ ਵੰਡ ਪ੍ਰਣਾਲੀ ਦੇ ਖਤਮ ਹੋਣ ਅਤੇ ਮਜ਼ਦੂਰਾਂ ਨੂੰ ਭੁੱਖਮਰੀ ਦੇ ਸ਼ਿਕਾਰ ਹੋਣਾ ਬਿਲਕੁਲ ਤਹਿ ਹੈ। ਇਸ ਤੋਂ ਇਲਾਵਾ ਪੰਚਾਇਤੀ ਜਮੀਨਾਂ ਵਿੱਚੋਂ ਮਜ਼ਦੂਰਾਂ ਨੂੰ ਤੀਜਾ ਹਿੱਸਾ ਰਾਖਵੇਂਕਰਨ ਰਾਹੀਂ ਲੈਣ,ਸਰਕਾਰੀ, ਨਜੂਲ ਅਤੇ ਜਮੀਨੀ ਹੱਦਬੰਦੀ ਤੋਂ ਉਪਰਲੀਆਂ ਜਮੀਨਾਂ ਨੂੰ ਖੇਤ ਮਜ਼ਦੂਰਾਂ ਤੇ ਬੇਜਮੀਨੇ ਕਿਸਾਨਾਂ ਵਿੱਚ ਵੰਡਾਉਣ ਦੀ ਮੰਗ ਦਾ ਭੋਗ ਵੀ ਪੈ ਜਾਵੇਗਾ। ਉਹਨਾਂ ਕਿਹਾ ਕਿ ਮੋਦੀ ਹਕੂਮਤ ਵੱਲੋਂ ਲੋਕਾਂ ‘ਤੇ ਵਿੱਢੇ ਇਸ ਹਮਲੇ ਨੂੰ ਲਾਗੂ ਕਰਨ ਲਈ ਫਿਰਕੂ ਚਾਲਾਂ ਚੱਲਣ ਅਤੇ ਜਾਬਰ ਕਦਮਾਂ ਰਾਹੀਂ ਦਬਾਉਣ ਦੀਆਂ ਕੋਸ਼ਿਸ਼ ਕੀਤੀਆਂ ਜਾ ਰਹੀਆਂ ਹਨ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਆਪਣੇ ਹਿੰਦੂਤਵੀ ਏਜੰਡੇ ਨੂੰ ਲਾਗੂ ਕਰਨ ਲਈ ਦਲਿਤਾਂ /ਖੇਤ ਮਜ਼ਦੂਰਾਂ ‘ਤੇ ਅਣਖ ਮਨੁੱਖੀ ਜਬਰ ਜੁਲਮ ਕਰਕੇ ਉਹਨਾਂ ਨੂੰ ਜਾਤ ਪਾਤ ਦੀ ਵਿਵਸਥਾ ਕਾਇਮ ਰੱਖਣ ਲਈ ਬਣਾਏ ਕਾਨੂੰਨਾਂ ਨੂੰ ਲਾਗੂ ਕਰਨ ਰਾਹੀਂ ਸਾਰੇ ਹੱਕਾਂ ਤੋਂ ਵੰਚਿਤ ਕਰਨਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਰੁਜਗਾਰ ਦਾ ਪੱਕਾ ਪ੍ਰਬੰਧ ਤੇ ਮਨਰੇਗਾ ਦਿਹਾੜੀ 600 ਰੁਪਏ ਕਰਵਾਉਣ, ਕਰਜੇ ਤੇ ਦਲਿਤਾਂ ‘ਤੇ ਹੁੰਦੇ ਜਬਰ ਨੂੰ ਖਤਮ ਕਰਵਾਉਣ,ਕਿਰਤ ਕਾਨੂੰਨਾਂ ਨੂੰ ਬਹਾਲ ਕਰਨ ਅਤੇ ਬੁੱਧੀਜੀਵੀਆਂ ਨੂੰ ਰਿਹਾ ਕਰਵਾਉਣ ਲਈ ਇਕਜੁੱਟ ਹੋਕੇ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਮਨਦੀਪ ਸਿੰਘ ਸਿਬੀਆ, ਰਮਜ਼ਾਨ ਖਾਨ , ਭਰਾਤਰੀ ਜੱਥੇਬੰਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਆਗੂ ਹਰਪ੍ਰੀਤ ਕੌਰ ਜੇਠੂਕੇ , ਨੌਜਵਾਨ ਭਾਰਤ ਸਭਾ ਦੇ ਆਗੂ ਸੁਖਵੀਰ ਸਿੰਘ ਖੇਮੂਆਣਾ ਅਤੇ ਲਹਿਰਾ ਥਰਮਲ ਕਾਮਿਆਂ ਦੇ ਆਗੂ ਜਗਰੂਪ ਸਿੰਘ ਆਦਿ ਬੁਲਾਰਿਆਂ ਨੇ ਆਪਣੇ ਸੰਬੋਧਨ ਰਾਹੀਂ ਮਜ਼ਦੂਰਾਂ ਕਿਸਾਨ ਨੂੰ ਜਾਤ ਪਾਤ ਤੇ ਧਰਮ ਦੀਆਂ ਵਲਗਣਾਂ ਤੋਂ ਉੱਪਰ ਉੱਠ ਕੇ ਸਾਂਝੇ ਸੰਘਰਸ਼ਾਂ ਨੂੰ ਤੇਜ਼ ਕਰਨ ਦੀ ਲੋੜ ਤੇ ਜੋਰ ਦਿੱਤਾ।