ਅਸ਼ੋਕ ਵਰਮਾ
ਬਠਿੰਡਾ, 9 ਫਰਵਰੀ 2021: ਖੇਤੀ ਕਾਨੂੰਨਾਂ ਕਾਰਨ ਕਿਸਾਨਾਂ ਵੱਲੋਂ ਕੀਤੇ ਜਬਰਦਸਤ ਵਿਰੋਧ ਕਾਰਨ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਅੱਜ ਜਨਤਕ ਤੌਰ ਤੇ ਨਾਂ ਵਿਚਰ ਸਕੇ ਅਤੇ ਉਹਨਾਂ ਨੂੰ ਪਾਰਟੀ ਆਗੂਆਂ ਨਾਲ ਗੁਪਤ ਮੀਟਿੰਗ ਕਰਕੇ ਚੁੱਚ ਚੁਪੀਤੇ ਹੀ ਖਿਸਕਣਾ ਪਿਆ। ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਅੱਜ ਬਠਿੰਡਾ ’ਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਅਤੇ ਵਰਕਰਾਂ ਨੂੰ ਮਿਲਣ ਦਾ ਪ੍ਰੋਗਰਾਮ ਸੀ । ਇਸ ਦੌਰੇ ਦਾ ਜਦੋਂ ਕਿਸਾਨਾਂ ਨੂੰ ਪਤਾ ਚੱਲਿਆ ਤਾਂ ਉਹਨਾਂ ਨੇ ਵਿਰੋਧ ਦਾ ਪ੍ਰੋਗਰਾਮ ਉਲੀਕ ਲਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ’ਚ ਰਿਲਾਇੰਸ ਮਾਲ ਕੋਲ ਇਕੱਠੇ ਹੋਏ ਕਿਸਾਨ ਖੇਡ ਸਟੇਡੀਅਮ ਕੋਲ ਉਸ ਪੈਲੇਸ ਕੋਲ ਪੁੱਜ ਗਏ ਜਿੱਥੇ ਭਾਜਪਾ ਦਾ ਸਮਾਗਮ ਤੈਅ ਕੀਤਾ ਗਿਆ ਸੀ।
ਕਿਸਾਨਾਂ ਦੇ ਵਿਰੋਧ ਨੂੰ ਦੇਖਦਿਆਂ ਪੁਲਿਸ ਨੇ ਭਾਰੀ ਬੈਰੀਕੇਡਿੰਗ ਕੀਤੀ ਹੋਈ ਸੀ ਸੁਰੱਖਿਆ ਪ੍ਰਬੰਧਾਂ ਦੀ ਦੇਖਰੇਖ ਲਈ ਆਈ ਜੀ ਬਠਿੰਡਾ ਪੁਲਿਸ ਜੋਨ ਜਸਕਰਨ ਸਿੰਘ ਅਤੇ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਖੁਦ ਕਰ ਰਹੇ ਸਨ। ਕਿਸਾਨਾਂ ਦਾ ਇਕੱਠ ਲਗਾਤਾਰ ਵਧਦਾ ਰਿਹਾ ਤਾਂ ਭਾਜਪਾ ਸੂਬਾ ਪ੍ਰਧਾਨ ਪੈਲੇਸ ’ਚ ਨਹੀਂ ਪੁੱਜ ਸਕੇ ਅਤੇ ਭਾਜਪਾ ਆਗੂਆਂ, ਵਰਕਰਾਂ ਤੇ ਉਮੀਦਵਾਰਾਂ ਨੂੰ ਅਸ਼ਵਨੀ ਸ਼ਰਮਾ ਡੱਬਵਾਲੀ ਰੋਡ ’ਤੇ ਸਥਿਤ ਏਮਜ਼ ਹਸਪਤਾਲ ਕੋਲ ਹੀ ਮਿਲਕੇ ਵਾਪਿਸ ਪਰਤ ਗਏ ।ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ’ਚ ਸ਼ਾਮਲ ਔਰਤਾਂ ਨੇ ਭਾਜਪਾ ਆਗੂਆਂ ਨੂੰ ਕਰੜੇ ਹੱਥੀਂ ਲੈਂਦਿਆਂ ਦੋ ਟੁੱਕ ਗੱਲ ਨਿਬੇੜੀ ਕਿ ਜਦੋਂ ਤੱਕ ਖੇਤੀ ਕਾਨੂੰਨ ਵਾਪਿਸ ਨਹੀਂ ਹੁੰਦੇ ਬੀਜੇਪੀ ਨੂੰ ਕੋਈ ਪ੍ਰੋਗਰਾਮ ਨਹੀਂ ਕਰਨ ਦਿੱਤਾ ਜਾਏਗਾ।
ਉਹਨਾਂ ਆਖਿਆ ਕਿ ਜਦੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਸੜਕਾਂ ’ਤੇ ਰੁਲ ਰਹੇ ਹਨ ਤਾਂ ਭਾਰਤੀ ਜਨਤਾ ਪਾਰਟੀ ਪ੍ਰੋਗਰਾਮ ਕਰਕੇ ਕਿਸਾਨਾਂ ਦੇ ਜ਼ਖਮਾਂ ’ਤੇ ਲੂਣ ਛਿੜਕਦੀ ਹੈ। ਚੱਕ ਫਤਿਹ ਸਿੰਘ ਵਾਲਾ ਪਿੰਡ ਇਕਾਈ ਦੀ ਜਨਰਲ ਸਕੱਤਰ ਕਿਸਾਨ ਆਗੂ ਸੁਖਜੀਤ ਕੌਰ ਨੇ ਆਖਿਆ ਕਿ ਭਾਜਪਾ ਦਾ ਕੋਈ ਵੀ ਆਗੂ ਆਵੇ ਤਾਂ ਉਸਦਾ ਵਿਰੋਧ ਕੀਤਾ ਜਾਵੇਗਾ ਇਸੇ ਲਈ ਧਰਨਾ ਲਾਇਆ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਠਿੰਡਾ ਬਲਾਕ ਪ੍ਰਧਾਨ ਅਮਰੀਕ ਸਿੰਘ ਸਿਵੀਆਂ ਨੇ ਇਸ ਮੌਕੇ ਆਖਿਆ ਕਿ ਭਾਵੇਂ ਉਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ ਅੱਗੇ ਜ਼ਾਰੀ ਹੈ ਪਰ ਅੱਜ ਭਾਜਪਾ ਦੇ ਸੂਬਾ ਆਗੂ ਦੀ ਆਮਦ ਕਾਰਨ ਵੱਡਾ ਇਕੱਠ ਕੀਤਾ ਗਿਆ ਤਾਂ ਜੋ ਉਨਾਂ ਦਾ ਵਿਰੋਧ ਕੀਤਾ ਜਾ ਸਕੇ ।
ਉਹਨਾਂ ਆਖਿਆ ਕਿ ਕਿਸਾਨ ਜਥੇਬੰਦੀ ਨੇ ਇਹ ਪਹਿਲਾਂ ਹੀ ਐਲਾਨ ਕੀਤਾ ਹੋਇਆ ਹੈ ਕਿ ਪੰਜਾਬ ਭਰ ’ਚ ਜਿੱਥੇ ਕਿਤੇ ਵੀ ਭਾਜਪਾ ਆਗੂ ਆਉਂਦੇ ਹਨ ਤਾਂ ਉਹਨਾਂ ਦਾ ਘਿਰਾਓ ਕੀਤਾ ਜਾਵੇਗਾ। ਓਧਰ ਅੱਜ ਦੇ ਪ੍ਰੋਗਰਾਮ ’ਚ ਕਿਸਾਨ ਸੰਘਰਸ਼ ਸਮਰਥਨ ਕਮੇਟੀ ਆਗੂਆਂ ਨੇ ਸ਼ਮੂਲੀਅਤ ਕਰਕੇ ਭਰਾਤਰੀ ਹਮਾਇਤ ਦਿੱਤੀ। ਦੱਸਣਯੋਗ ਹੈ ਕਿ ਬਠਿੰਡਾ ’ਚ ਇਸ ਤੋਂ ਪਹਿਲਾਂ ਭਾਜਪਾ ਆਗੂਆਂ ਅਸ਼ਵਨੀ ਸ਼ਰਮਾਂ ਅਤੇ ਮਨੋਰੰਜਨ ਕਾਲੀਆ ਦਾ ਕਿਸਾਨ ਤਿੱਖਾ ਵਿਰੋਧ ਕਰ ਚੁੱਕੇ ਹਨ ਜਦੋਂਕਿ ਅਟਲ ਬਿਹਾਰਾ ਵਾਜਪਾਈ ਦੇ ਸ਼ਰਧਾਂਜਲੀ ਸਮਾਗਮ ਮੌਕੇ ਤਾਂ ਬੀਜੇਪੀ ਪੰਡਾਾਲ ’ਚ ਕੁਰਸੀਆਂ ਹੀ ਤੋੜ ਦਿੱਤੀਆਂ ਗਈਆਂ ਸਨ। ਅਜਿਹੇ ਹਾਲਾਤਾਂ ਨੂੰ ਦੇਖਦਿਆਂ ਭਾਜਪਾ ਉਮੀਦਵਾਰਾਂ ਲਈ ਚੋਣ ਪ੍ਰਚਾਰ ਚੁਣੌਤੀ ਬਣਿਆ ਹੋਇਆ ਹੈ।
ਭਾਜਪਾ ਵਰਕਰਾਂ ਨਾਲ ਮੀਟਿੰਗ:ਸਿੰਗਲਾ
ਭਾਜਪਾ ਦੇ ਸੂਬਾ ਮੀਡੀਆ ਸਕੱਤਰ ਸੁਨੀਲ ਸਿੰਗਲਾ ਨੇ ਦੱਸਿਆ ਕਿ ਭਾਜਪਾ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਡੱਬਵਾਲੀ ਰੋਡ ’ਤੇ ਭਾਜਪਾ ਆਗੂਆਂ, ਵਰਕਰਾਂ ਤੇ ਉਮੀਦਵਾਰਾਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਭਾਜਪਾ ਪ੍ਰਧਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਨਿਸ਼ਾਨਾ ਬਣਾਉਂਦਿਆਂ ਆਖਿਆ ਕਿ ਮੁੱਖ ਮੰਤਰੀ ਨੇ ਲੋਕਤੰਤਰ ਨੂੰ ਕਲੰਕਿਤ ਕੀਤਾ ਹੈ । ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸ਼ਨ ਮੁੱਖ ਮੰਤਰੀ ਦੀ ਕਠਪੁਤਲੀ ਬਣਿਆ ਹੋਇਆ ਹੈ । ਸੂਬਾ ਪ੍ਰਧਾਨ ਸ਼ਰਮਾ ਨੇ ਕਿਹਾ ਕਿ ਇਹ ਕਿਹੋ ਜਿਹੀਆਂ ਵੋਟਾਂ ਹਨ ਜਿਸ ਲਈ ਚੋਣ ਪ੍ਰਚਾਰ ਵੀ ਨਹੀਂ ਕਰਨ ਦਿੱਤਾ ਜਾ ਰਿਹਾ ਹੈ।