ਅਸ਼ੋਕ ਵਰਮਾ
ਨਵੀਂ ਦਿੱਲੀ, 13 ਫਰਵਰੀ 2021 - ਟਿਕਰੀ ਬਾਡਰ ਤੇ ਪਕੌੜਾ ਚੌਂਕ ਨੇੜੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਸੰਬੋਧਨ ਕਰਦਿਆਂ ਬਰਨਾਲਾ ਦੇ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਅਤੇ ਮੁਕਤਸਰ ਦੇ ਪ੍ਰਧਾਨ ਗੁਰਭਗਤ ਸਿੰਘ ਭਲਾਈਆਣਾ ਨੇ ਮੋਦੀ ਸਰਕਾਰ ਵੱਲੋਂ ਬਜਟ ਵਿੱਚ ਖੇਤੀ ਨੂੰ ਪ੍ਰਫੁਲਤ ਕਰਨ ਦੇ ਨਾਂ ਹੇਠ ਵਿਦੇਸ਼ੀ ਨਿਵੇਸ਼ ਕਰਨ ਦੀ ਵਕਾਲਤ ਨੂੰ ਨੰਗੀ ਚਿੱਟੀ ਸਾਮਰਾਜੀ ਚਾਕਰੀ ਕਰਾਰ ਦਿੱਤਾ। ਉਹਨਾਂ ਕਿਹਾ ਕਿ ਖੇਤੀ ਖੇਤਰ ਨੂੰ ਪ੍ਰਫੁੱਲਤ ਕਰਨ ਲਈ ਵਿਦੇਸ਼ੀ ਨਿਵੇਸ਼ ਨਹੀਂ ਸਰਕਾਰੀ ਨਿਵੇਸ਼ ਦੀ ਜ਼ਰੂਰਤ ਹੈ। ਉਨ੍ਹਾਂ ਦੋਸ਼ ਲਾਇਆ ਕਿ ਸੰਨ ਸੰਤਾਲੀ ਤੋਂ ਬਾਅਦ ਬਦਲ ਬਦਲ ਕੇ ਆਈਆਂ ਸਰਕਾਰਾਂ ਵੱਲੋਂ ਵਿਦੇਸ਼ੀ ਨਿਵੇਸ਼ ਲਈ ਮੁਲਕ ਦੇ ਦਰ ਖੋਹਲਣ ਸਦਕਾ ਹੀ ਅੱਜ ਖੇਤੀ ਕਿੱਤਾ ਸੰਕਟ ਮੂੰਹ ਆਇਆ ਹੈ ਤੇ ਕਿਸਾਨਾ ਅਤੇ ਖੇਤ ਮਜ਼ਦੂਰਾਂ ਦੀਆਂ ਖ਼ੁਦਕੁਸ਼ੀਆਂ ਇਹਨਾਂ ਨੀਤੀਆਂ ਦਾ ਹੀ ਸਿੱਟਾ ਹੈ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਆਪਣੀਆਂ ਸਰਮਾਏਦਾਰੀ ਪੱਖੀ ਅਤੇ ਖੇਤੀ ਵਿਰੋਧੀ ਨੀਤੀਆਂ ਦੇ ਚਲਦਿਆਂ ਹੀ ਨਵੇਂ ਖੇਤੀ ਕਨੂੰਨਾਂ ਨੂੰ ਲਾਗੂ ਕਰਨ 'ਤੇ ਅੜੀ ਹੋਈ ਹੈ । ਉਹਨਾਂ ਕਿਹਾ ਕਿ ਖੇਤੀ ਨੂੰ ਪ੍ਰਫੁਲਤ ਕਰਨ ਲਈ ਖੇਤੀ ਖੇਤਰ ਵਿੱਚ ਸਰਕਾਰੀ ਨਿਵੇਸ਼ ਵਧਾਇਆ ਜਾਵੇ, ਖੇਤੀ ਲਈ ਬਿਜਲੀ, ਖਾਦਾਂ, ਬੀਜਾਂ ਅਤੇ ਡੀਜ਼ਲ ਖਰੀਦਣ ਲਈ ਵੱਧ ਸਬਸਿਡੀਆਂ ਦਿੱਤੀਆਂ ਜਾਣ, ਘੱਟ ਖਰਚੇ 'ਤੇ ਵਧੇਰੇ ਝਾੜ ਦੇਣ ਵਾਲੇ ਬੀਜ ਤਿਆਰ ਕੀਤੇ ਜਾਣ, ਸਾਰੇ ਰਾਜਾਂ ਵਿੱਚ ਸਾਰੀਆਂ ਫਸਲਾਂ ਦਾ ਸਰਕਾਰੀ ਖਰੀਦ ਮੁੱਲ ਤੈਅ ਕਰਕੇ ਖਰੀਦ ਦੀ ਸੰਵਿਧਾਨਕ ਗਾਰੰਟੀ ਕੀਤੀ ਜਾਵੇ, ਬੇਜ਼ਮੀਨੇ ਤੇ ਥੁੜ ਜਮੀਨੇ ਕਿਸਾਨਾਂ ਦੀ ਜਮੀਨੀ ਤੋਟ ਪੂਰੀ ਕੀਤੀ ਜਾਵੇ, ਖੇਤੀ ਖੇਤਰ ਵਿੱਚ ਕਾਰਪੋਰੇਟ ਘਰਾਣਿਆਂ ਦਾ ਦਖਲ ਬੰਦ ਕੀਤਾ ਜਾਵੇ।
ਹਰਿਆਣਾ ਤੋਂ ਪਹੁੰਚੇ ਬੁਲਾਰੇ ਆਤਮਾ ਰਾਮ ਝੋਰੜ ਅਤੇ ਦਲਬੀਰ ਸਿੰਘ ਨੇ ਕੇਂਦਰ ਸਰਕਾਰ ਵੱਲੋਂ ਸੰਘਰਸ਼ ਨੂੰ ਫੇਲ ਕਰਨ ਦੀਆਂ ਸਾਰੀਆਂ ਚਾਲਾਂ ਨਾਕਾਮ ਕਰਨ ਦੀ ਵਧਾਈ ਦਿੰਦਿਆਂ ਕਿਹਾ ਕਿ 26 ਜਨਵਰੀ ਤੋਂ ਬਾਅਦ ਸੂਝਵਾਨ ਕਿਸਾਨ ਆਗੂਆਂ ਦੀ ਸੁਚੱਜੀ ਅਗਵਾਈ ਹੇਠ ਕਿਸਾਨ ਘੋਲ ਵਿਚ ਉਹ ਜੋਸ਼ ਭਰਨਾ ਮੋਦੀ ਸਰਕਾਰ ਦੀ ਮੂੰਹ ਤੇ ਚਪੇੜ ਹੈ। ਬੁਢਲਾਡਾ ਤੋਂ ਬਾਰ ਐਸੋਸੀਏਸ਼ਨ ਦੇ ਵਡੇ ਜਥੇ ਵੱਲੋਂ ਮੋਰਚੇ ਵਿੱਚ ਪਹੁੰਚ ਕੇ ਸੰਘਰਸ਼ ਦੇ ਨਾਲ ਇਕਮੁੱਠਤਾ ਜ਼ਾਹਰ ਕੀਤੀ। ਅੱਜ ਦੇ ਧਰਨੇ ਨੂੰ ਗੁਰਪਾਲ ਸਿੰਘ ਦਿਉਣ, ਜਸਵੀਰ ਸਿੰਘ ਗੱਗੜਪੁਰ, ਹਰਬੰਸ ਸਿੰਘ ਲੱਡਾ, ਅਜੈਬ ਸਿੰਘ ਜਖੇਪਲ, ਗੁਰਭਿੰਦਰ ਸਿੰਘ ਕੋਕਰੀ, ਡਾਕਟਰ ਕੁਲਦੀਪ ਸਿੰਘ ਅੰਮ੍ਰਿਤਸਰ, ਬਾਰ ਐਸੋਸੀਏਸ਼ਨ ਬੁਢਲਾਡਾ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ, ਹਰਮੇਲ ਸਿੰਘ ਨਾਭਾ, ਰਿਟਾਇਰਡ ਬੀ ਪੀ ਈ ਓ ਪ੍ਰੀਤਮ ਸਿੰਘ ਨੇ ਵੀ ਸੰਬੋਧਨ ਕੀਤਾ। ਜਸਬੀਰ ਕੌਰ ਥਰਾਜ ,ਕਮਲਾ ਜੀਂਦ ਅਤੇ ਮੀਤ ਘਨੌਰੀ ਨੇ ਲੋਕ ਪੱਖੀ ਗੀਤ ਪੇਸ਼ ਕੀਤੇ।