ਅਸ਼ੋਕ ਵਰਮਾ
ਬਠਿੰਡਾ, 22 ਫਰਵਰੀ 2021 - ਬਠਿੰਡਾ ਦੀਆਂ ਪੜ੍ਹੀਆਂ ਲਿਖੀਆਂ ਅਤੇ ਸੁਚੇਤ ਵਸੋਂ ਵਾਲੀਆਂ ਕਲੋਨੀਆਂ ਭਾਰਤ ਨਗਰ, ਪਟੇਲ ਨਗਰ ਤੇ ਗਰੀਨ ਐਵਿਨਿਊ ਦੇ ਵਸਨੀਕਾਂ ਨੇ ਕਿਸਾਨੀ ਸੰਘਰਸ਼ ਦੇ ਹੱਕ ’ਚ ਰੈਲੀ ਕਰਨ ਉਪਰੰਤ ਕੈਂਡਲ ਮਾਰਚ ਕੀਤਾ। ਇਸ ਮਾਰਚ ’ਚ ਔਰਤਾਂ ਤੇ ਬੱਚੇ ਵੀ ਸ਼ਾਮਲ ਹੋਏ ਜਿੰਨ੍ਹਾਂ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜੀ ਕਰਦਿਆਂ ਕਿਸਾਨਾਂ ਖਿਲਾਫ ਬਣੇ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ। ਇਸ ਮੌਕੇ ਕਲੋਨੀਆਂ ਦੇ ਵਾਸੀਆਂ ਨੇ ਗੋਦੀ ਮੀਡੀਆ ,ਸਰਕਾਰ ਦੇ ਹੱਕ ਵਿੱਚ ਭੁਗਤਣ ਵਾਲੇ ਬਾਲੀਵੁੱਡ ਅਦਾਕਾਰਾਂ ਅਤੇ ਖਿਡਾਰੀਆਂ ਨੂੰ ਰੱਜ ਕੇ ਲਾਅਨਤਾਂ ਪਾਈਆਂ। ਰੈਲੀ ਨੂੰ ਡੈਮੋਕਰੈਟਿਕ ਟੀਚਰਜ ਫਰੰਟ ਬਠਿੰਡਾ ਅਧਿਆਪਕਾਂ ਦੀ ਔਰਤ ਆਗੂ ਨਵਚਰਨਪ੍ਰੀਤ, ਜਿਲ੍ਹੇ ਦੇ ਪ੍ਰਧਾਨ ਰੇਸ਼ਮ ਸਿੰਘ ਅਤੇ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਮਾਸਟਰ ਜਗਮੇਲ ਸਿੰਘ ਨੇ ਸੰਬੋਧਨ ਕੀਤਾ।
ਕਲੋਨੀਆਂ ਦੀ ਕਿਸਾਨ ਸੰਘਰਸ਼ ਹਮਾਇਤੀ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਟੀਨਾ,ਪਿ੍ਰ. ਹਰਬੰਸ ਸਿੰਘ ,ਜੋਗਿੰਦਰ ਸਿੰਘ ਦੰਦੀਵਾਲ, ਹਰਦੇਵ ਸਿੰਘ ਕਲਸੀ, ਰਤਨ ਪੁਰੀ, ਮੈਡਮ ਟੀਨਾ,ਮੈਡਮ ਕਲਸੀ ਅਤੇ ਪਰਮਜੀਤ ਸਿੰਘ ਨੇ ਅੰਨਦਾਤੇ ਵੱਲੋਂ ਦੇਸ਼ ਦੀ ਕੇਂਦਰ ਸਰਕਾਰ ਖਿਲਾਫ ਕੀਤੇ ਜਾ ਰਹੇ ਘੋਲ ਦੇ ਹਰ ਇੱਕ ਪਹਿਲੂ ਤੇ ਚਾਨਣਾ ਪਾਇਆ। ਉਨ੍ਹਾਂ ਆਖਿਆ ਕਿ ਸ਼ਾਂਤਮਈ ਢੰਗ ਨਾਲ ਧਰਨਾ ਪ੍ਰਦਰਸ਼ਨ ਕਰਨਾ ਜਮਹੂਰੀ ਜਿਸ ਤਹਿਤ ਦੇਸ਼ ਦੇ ਕਿਸਾਨ ਬਹੁਤ ਹੀ ਸੰਜਮ ਨਾਲ ਇਸ ਵਿਸ਼ਾਲ ਜਨ-ਅੰਦੋਲਨ ਨੂੰ ਚਲਾ ਰਹੇ ਹਨ ਜਿਸ ਦੀ ਨਾ ਸਿਰਫ ਭਾਰਤ ਸਗੋਂ ਵਿਸ਼ਵ ਦੇ ਇਨਸਾਫ ਪਸੰਦ ਲੋਕਾਂ ਵੱਲੋਂ ਇਸ ਅੰਦੋਲਨ ਦੀ ਹਮਾਇਤ ਕੀਤੀ ਜਾ ਰਹੀ ਹੈ। ਆਗੂਆਂ ਨੇ ਇਸ ਅੰਦੋਲਨ ਨੂੰ ਬਦਨਾਮ ਕਰਨ ਲਈ ਵਿੱਢੀਆਂ ਸਾਜਿਸ਼ਾਂ ਨੂੰ ਲੈਕੇ ਮੋਦੀ ਸਰਕਾਰ ਦੀ ਨਿਖੇਧੀ ਕੀਤੀ।
ਕਿਸਾਨ ਸੰਘਰਸ਼ ਸਮਰਥਨ ਕਮੇਟੀ ਬਠਿੰਡਾ ਦੇ ਕੋ ਕਨਵੀਨਰ ਹਰਜੀਤ ਜੀਦਾ ਅਤੇ ਮੈਂਬਰ ਬਲਜਿੰਦਰ ਸਿੰਘ ਨੇ 26 ਜਨਵਰੀ ਦੀਆਂ ਘਟਨਾਵਾਂ ਨੂੰ ਸਰਕਾਰੀ ਸਾਜਿਸ਼ ਕਰਾਰ ਦਿੰਦਿਆਂ ਇਸ ਨੂੰ ਅੰਦੋਲਨ ਨੂੰ ਬਦਨਾਮ ਕਰਨ ਦੀ ਘਟੀਆਂ ਚਾਲ ਦੱਸਿਆ। ਇੰਨ੍ਹਾਂ ਆਗੂਆਂ ਨੇ ਸਥਾਨਕ ਲੋਕਾਂ ਦਾ ਬਹਾਨਾ ਬਣਾ ਕੇ ਭਾਜਪਾਈ ਗੁੰਡਿਆਂ ਵੱਲੋਂ ਪੁਲਿਸ ਦੀ ਸ਼ਹਿ ‘ਤੇ ਕੀਤੀ ਗਈ ਗੁੰਡਾਗਰਦੀ ਅਤੇ ਮਾਰ ਕੁਟਾਈ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ । ਉਨ੍ਹਾਂ ਇਸ ਗੱਲ ’ਤੇ ਖੁਸ਼ੀ ਪ੍ਰਗਟ ਕੀਤੀ ਕਿ ਇਹ ਸਾਰੀਆਂ ਘਟਨਾਵਾਂ ਹੁਣ ਜਨਤਕ ਤੌਰ ‘ਤੇ ਨਸ਼ਰ ਹੋ ਚੁੱਕੀਆਂ ਹਨ ਕਿ ਕਿਸ ਤਰ੍ਹਾਂ ਸਰਕਾਰ, ਪ੍ਰਸ਼ਾਸਨ, ਪੁਲਿਸ ਅਤੇ ਗੁੰਡੇ ਇਸ ਅੰਦੋਲਨ ਨੂੰ ਬਦਨਾਮ ਕਰਨ ਵਿੱਚ ਲੱਗੇ ਰਹੇ ਹਨ। ਇਸ ਮਾਰਚ ਦੌਰਾਨ ਕਿਸਾਨ ਅੰਦੋਲਨ ਸ਼ਹੀਦ ਕਿਸਾਨਾਂ ਨੂੰ ਸ਼ਰਧਾਜਲੀਆਂ ਦੇ ਕੇ ਕਿਸਾਨ ਸੰਘਰਸ਼ ਦੀ ਹਮਾਇਤ ਜਾਰੀ ਰੱਖਣ ਦਾ ਅਹਿਦ ਲਿਆ ।