ਹਰੀਸ਼ ਕਾਲੜਾ
ਰੂਪਨਗਰ,17 ਫਰਵਰੀ 2021 : ਪਿੰਡ ਰੋਡਮਾਜਰਾ-ਚਕਲਾਂ ਵਿਖੇ ਹੋਣ ਵਾਲਾ ਇਕ ਰੋਜ਼ਾ ਅੰਤਰਰਾਸ਼ਟਰੀ ਸਲਾਨਾ ਖੇਡ ਮੇਲਾ ਜੋ ਕਿ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਿਤ ਹੋਵੇਗਾ ਦੇ ਪ੍ਰਬੰਧਾਂ ਦਾ ਜਾਇਜਾ ਲੈਂਦੇ ਹੋਏ ਬਾਬਾ ਗਾਜ਼ੀ ਦਾਸ ਕਲੱਬ ਦੇ ਪ੍ਰਧਾਨ ਸ਼੍ਰੀ ਦਵਿੰਦਰ ਸਿੰਘ ਬਾਜਵਾ ਨੇ ਦਸਿਆ ਕਿ ਇਹ ਖੇਡ ਸਲਾਨਾ ਮੇਲੇ ਦਾ ਅਗਾਜ਼ 19 ਫਰਵਰੀ ਨੂੰ ਪਿੰਡ ਰੋਡਮਾਜਰਾ-ਚਕਲਾਂ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਵਾਲੀ ਗਰਾਂਉਂਡ ਵਿਚ ਹੋਵੇਗਾ।ਇਸ ਮੇਲੇ ਦੇ ਪ੍ਰਬੰਧਾਂ ਨੂੰ ਅੰਤਿਮ ਛੋਹਾਂ ਦਿਤੀਆਂ ਜਾ ਰਹੀਆਂ ਹਨ।ਅੱਜ ਸ਼੍ਰੀ ਅਖੰਡ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਹਨ ਅਤੇ 19 ਫਰਵਰੀ ਨੂੰ ਸਭ ਤੋਂ ਪਹਿਲਾਂ ਸ਼੍ਰੀ ਅਖੰਡ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਕੀਰਤਨੀ ਜੱਥੇ ਸੰਗਤਾਂ ਨੂੰ ਗੁਰਬਾਣੀ ਨਾਲ ਕਰਨਗੇ।
ਇਸ ਉਪਰੰਤ 11 ਵਜੇ ਖੇਡ ਮੇਲੇ ਦੀ ਸ਼ੁਰੂਆਤ ਹੋਵੇਗੀ ।ਖੇਡ ਮੇਲੇ ਦੀ ਸ਼ੁਰੂਆਤ ਮੌਕੇ ਖਿਡਾਰੀਆਂ ਤੇ ਦਰਸ਼ਕਾਂ ਵਲੋਂ 02 ਮਿੰਟ ਦਾ ਮੋਨ ਰਖ ਕੇ ਸ਼ਰਧਾਂਜਲੀ ਦਿਤੀ ਜਾਵੇਗੀ।ਸਟੇਜ ਤੋਂ ਸਿਰਫ ਸ਼ਹੀਦ ਕਿਸਾਨ ਪ੍ਰੀਵਾਰਾਂ ਦਾ ਹੀ ਸਨਮਾਨਿਤ ਕੀਤਾ ਜਾਵੇਗਾ।ਸਟੇਜ ਤੋਂ ਕਿਸੇ ਵੀ ਸਿਆਸੀ ਲੀਡਰ ਦੀ ਤਕਰੀਰ ਨਹੀਂ ਹੋਵੇਗੀ।ਉਨਾਂ ਦਸਿਆ ਕਿ ਇਸ ਮੇਲੇ ਦਾ 31 ਲੱਖ ਦਾ ਬਜਟ ਰਖਿਆ ਗਿਆ ਹੈ ਇਸ ਵਿਚੋਂ 21 ਲੱਖ ਦੇ ਇਨਾਮ ਦਿਤੇ ਜਾਣਗੇ ਜਦਕਿ 11 ਲੱਖ ਰੁਪਏ ਦੇ ਸੋਨੇ ਦੇ ਸਿਕੇ ਦਿਤੇ ਜਾਣਗੇ।ਇਸ ਦੌਰਾਨ ਯੂ.ਪੀ.ਦੇ ਨਵਰੀਪ ਸਿੰਘ ਜਿਨਾਂ ਦੀ ਟ੍ਰੈਕਟਰ ਹਾਦਸੇ ਦੋਰਾਨ ਮੌਤ ਹੋ ਗਈ ਸੀ ਦੇ ਪ੍ਰੀਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਇਸ ਮੇਲੇ ਦੌਰਾਨ ਉਘੀਆਂ ਤੇ ਧਾਰਮਿਕ ਸ਼ਖਸ਼ੀਅਤਾਂ ਪੁਜ ਰਹੀਆਂ ਹਨ ।ਜਿਨਾਂ ਵਿਚ ਤਖਤ ਸ਼੍ਰੀ ਕੇਸਗੜ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਜੀ,96 ਕਰੋੜੀ ਬੁੱਢਾ ਦਲ ਮੁਖੀ ਬਾਬਾ ਬਲਬੀਰ ਸਿੰਘ ਜੀ,ਪਦਮਸ਼੍ਰੀ ਸੰਤ ਬਲਬੀਰ ਸਿੰਘ ਸਸੀਂਚੇਵਾਲ ਜੀ,ਸ਼੍ਰੀ ਬਲਬੀਰ ਸਿੰਘ ਰਾਜੇਵਾਲ,ਸ਼੍ਰੀ ਰਣਬੀਰ ਸਿੰਘ ਖੱਟੜਾ ਆਈ.ਜੀ.ਪੰਜਾਬ ਪੁਲਿਸ, ਸ਼੍ਰੀ ਹਰਿੰਦਰ ਸਿੰਘ ਲੱਖੇਵਾਲ ਕਿਸਾਨ ਆਗੂ ,ਡਾਕਟਰ ਹਰਸਿੰਦਰ ਕੌਰ ਉੱਘੀ ਸਮਾਜ ਸੇਵਿਕਾ ਪੁਜ ਰਹੇ ਹਨ ।ਇਸ ਮੌਕੇ ਸ਼੍ਰੀ ਬਾਜਵਾ ਨੇ ਸਮੂਹ ਧਾਰਮਿਕ,ਰਾਜਨੀਤਿਕ,ਸਮਾਜ ਸੇਵੀ ਸਮਸਥਾਵਾਂ ਤੇ ਦਰਸ਼ਕਾਂ ਨੂੰ ਖੇਡ ਮੇਲੇ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ।ਇਸ ਮੌਕੇ ਹੋਰਨਾ ਤੋਂ ਇਲਾਵਾ ਸ਼੍ਰੀ ਨਰਿੰਦਰ ਸਿੰਘ ਕੰਗ ਤੇ ਬਿਟੂ ਬਾਜਵਾ ਸਰਪੰਚ ਹਾਜ਼ਰ ਸਨ।