ਨਵੀਂ ਦਿੱਲੀ, 24 ਫਰਵਰੀ 2021 - ਰਾਜਸਥਾਨ ਦੇ ਸੀਕਰ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨ ਮਹਾਂਪੰਚਾਇਤ ਨੂੰ ਸੰਬੋਧਨ ਕਰਦਿਆਂ ਰਕੇਸ਼ ਟਿਕੈਤ ਨੇ ਕਿਹਾ ਕਿ ਇਸ ਵਾਰ ਕਿਸਾਨ ਪਾਰਲੀਮੈਂਟ ਵੱਲ੍ਹ ਮਾਰਚ ਕਰਨਗੇ ਅਤੇ ਟਰੈਕਟਰਾਂ ਦੀ ਗਿਣਤੀ ਚਾਰ ਲੱਖ ਨਹੀਂ ਸਗੋਂ ਚਾਲੀ ਲੱਖ ਹੋਏਗੀ।
ਉਨ੍ਹਾਂ ਕਿਹਾ ਕਿ ਕਿਸਾਨ ਇੰਡੀਆ ਗੇਟ ਨੇੜੇ ਲਾਅਨ ਵਿਖੇ ਖੇਤੀ ਕਰਨਗੇ ਅਤੇ ਫਸਲਾਂ ਵੀ ਉਗਾਉਣਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਟਰੈਕਟਰ ਮਾਰਚ ਦੀ ਤਰੀਕ ਦਾ ਫੈਸਲਾ ਸੰਯੁਕਤ ਕਿਸਾਨ ਮੋਰਚਾ ਤੈਅ ਕਰੇਗਾ।
26 ਜਨਵਰੀ ਨੂੰ ਵਾਪਰੀਆਂ ਘਟਨਾਵਾਂ ਬਾਰੇ ਬੋਲਦਿਆਂ ਟਿਕੈਤ ਨੇ ਕਿਹਾ ਕਿ '26 ਜਨਵਰੀ ਦੇ ਮਾਮਲੇ ਵਿਚ ਦੇਸ਼ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਗਈ ਸੀ। ਦੇਸ਼ ਦੇ ਕਿਸਾਨ ਤਿਰੰਗੇ ਨੂੰ ਪਿਆਰ ਕਰਦੇ ਹਨ ਪਰ ਰਾਜਨੀਤਕ ਆਗੂਆਂ ਨੂੰ ਨਹੀਂ।'
ਟਿਕੈਤ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਖੁੱਲ੍ਹੀ ਚੁਣੌਤੀ ਹੈ ਕਿ ਜੇ ਉਹ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਅਤੇ ਐਮ.ਐਸ.ਪੀ 'ਤੇ ਗਰੰਟੀ ਨਹੀਂ ਦਿੰਦੀ ਤਾਂ ਕਿਸਾਨ ਵੱਡੀਆਂ ਕੰਪਨੀਆਂ ਦੇ ਗੋਦਾਮਾਂ ਨੂੰ ਢਾਹ ਦੇਣਗੇ। ਇਸ ਦੇ ਲਈ ਯੂਨਾਈਟਿਡ ਫਰੰਟ ਵੀ ਜਲਦੀ ਇੱਕ ਤਾਰੀਕ ਦੇਵੇਗਾ।
ਮਹਾਂ ਪੰਚਾਇਤ 'ਚ ਸਵਰਾਜ ਅੰਦੋਲਨ ਦੇ ਆਗੂ ਯੋਗੇਂਦਰ ਯਾਦਵ, ਆਲ ਇੰਡੀਆ ਕਿਸਾਨ ਸਭਾ ਦੇ ਕੌਮੀ ਮੀਤ ਪ੍ਰਧਾਨ ਅਤੇ ਕਿਸਾਨ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਚੌਧਰੀ ਯੁੱਧਵੀਰ ਸਿੰਘ ਸਮੇਤ ਕਈ ਕਿਸਾਨ ਨੇਤਾਵਾਂ ਨੇ ਵੀ ਸੰਬੋਧਨ ਕੀਤਾ। ਇਸ ਤੋਂ ਪਹਿਲਾਂ, ਟਿਕੈਤ ਨੇ ਚੁਰੂ ਜ਼ਿਲ੍ਹੇ ਦੇ ਸਰਦਾਰਸ਼ਹਿਰ ਵਿੱਚ ਇੱਕ ਕਿਸਾਨ ਇਕੱਠ ਨੂੰ ਵੀ ਸੰਬੋਧਨ ਕੀਤਾ।