ਅਸ਼ੋਕ ਵਰਮਾ
ਮਾਨਸਾ, 11 ਫਰਵਰੀ 2021 - ਫੈਕਟਰੀ ਮਜਦੂਰ ਯੂਨੀਅਨ ਦੀ ਆਗੂ ਨੌਦੀਪ ਕੌਰ ਨੂੰ 12 ਜਨਵਰੀ ਤੋਂ ਗਿ੍ਰਫਤਾਰ ਕਰਕੇ ਜੇਲ ਵਿੱਚ ਬੰਦ ਕਰਨ ਖਿਲਾਫ ਅਤੇ ਬਿਨਾਂ ਸ਼ਰਤ ਰਿਹਾਅ ਕਰਾਉਣ ਲਈ ਮਜਦੂਰ ਮੁਕਤੀ ਮੋਰਚਾ ਪੰਜਾਬ ਵੱਲੋਂ 12 ਫਰਵਰੀ ਨੂੰ ਸਾਰੇ ਪੰਜਾਬ ਅੰਦਰ ਹਰਿਆਣਾ ਦੇ ਮੁੱਖ ਮੰਤਰੀ ਖੱਟੜ ਤੇ ਮੋਦੀ ਦੀਆਂ ਅਰਥੀਆਂ ਸਾੜੀਆਂ ਜਾਣਗੀਆ। ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਮਜਦੂਰ ਮੁਕਤੀ ਮੋਰਚਾ ਪੰਜਾਬ ਦੇ ਸੂਬਾ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਉਂ ਨੇ ਕਿਹਾ ਕਿ ਮੋਦੀ ਸਰਕਾਰ ਦੇਸ਼ ਅੰਦਰ ਸੰਵਿਧਾਨਕ ਮਨੁੱਖੀ ਕਦਰਾਂ ਕੀਮਤਾਂ ਨੂੰ ਕੁਚਲਣ ਤੇ ਲੱਗੀ ਹੋਈ ਹੈ।
ਉਹਨਾਂ ਕਿਹਾ ਕਿ ਸਰਕਾਰ ਕਾਰਪੋਰੇਟ ਪੂੰਜੀਪਤੀ ਘਰਾਣਿਆਂ ਨੂੰ ਮਾਲਾ ਮਾਲ ਕਰਨ ਲਈ ਦੇਸ਼ ਦੇ ਕਰੋੜਾਂ ਮਿਹਨਤਕਸ਼ ਗਰੀਬਾਂ ਨੂੰ ਕਾਲੇ ਕਾਨੂੰਨਾਂ ਰਾਹੀਂ ਬੰਧੂਆਂ ਬਣਾ ਰਹੀ ਹੈ। ਉਹਨਾਂ ਕਿਹਾ ਕਿ ਬੇਟੀ ਬਚਾਉਂ,ਬੇਟੀ ਪੜਾਉ ਦਾ ਨਾਹਰਾ ਲਾਉਣ ਵਾਲੇ ਮੋਦੀ ਦੇ ਰਾਜ ਅੰਦਰ ਔਰਤਾਂ ਦੀ ਕੋਈ ਸੁਰੱਖਿਆ ਨਹੀਂ ਬਲਕਿ ਦਲਿਤ ਔਰਤਾਂ ਨੂੰ ਅੱਤਿਆਚਾਰਾਂ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਅਤੇ ਮਜਦੂਰ ਅਧਿਕਾਰਾਂ ਲਈ ਸੰਘਰਸ਼ ਤੇਜ ਕੀਤਾ ਜਾਵੇਗਾ। ਉਹਨਾਂ ਦੇਸ਼ ਦੇ ਇਨਸਾਫ ਪਸੰਦ ਲੋਕਾਂ ਨੂੰ ਮਜਦੂਰ ਆਗੂ ਨੌਦੀਪ ਕੌਰ ’ਤੇ ਹੋਏ ਜਬਰ ਅਤੇ ਬਿਨਾਂ ਸ਼ਰਤ ਰਿਹਾਈ ਲਈ ਸੜਕਾਂ ਤੇ ਆਉਣ ਦੀ ਅਪੀਲ ਕੀਤੀ।