ਅਸ਼ੋਕ ਵਰਮਾ
ਜਲੰਧਰ, 18 ਫ਼ਰਵਰੀ 2021: ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ, ਲੱਖਾਂ ਲੋਕਾਂ ਨੇ, ਸੈਂਕੜੇ ਥਾਵਾਂ ਤੇ ਪੁਰਅਮਨ ਅਤੇ ਅਨੁਸ਼ਾਸਨ ’ਚ ਰਹਿੰਦਿਆਂ, ਚਾਰ ਘੰਟਿਆਂ ਲਈ ਰੇਲਾਂ ਦਾ ਚੱਕਾ ਪੂਰੀ ਤਰਾਂ ਜਾਮ ਕਰਕੇ, ਮੋਦੀ ਸਰਕਾਰ ਨੂੰ ਕਿਸਾਨ ਸੰਘਰਸ਼ ਦੀਆਂ ਵਾਜਿਬ ਮੰਗਾਂ ਬਿਨਾਂ ਦੇਰੀ ਤੋਂ ਮੰਨਣ ਅਤੇ ਅੰਦੋਲਨ ਨੂੰ ਤਾਨਾਸ਼ਾਹੀ ਢੰਗਾਂ ਨਾਲ ਦਬਾਉਣ ਦੀ ਫਾਸ਼ੀਵਾਦੀ ਨੀਤੀ ਤੋਂ ਪਿੱਛੇ ਹਟਣ ਦਾ ਸਪਸ਼ਟ ਸੰਦੇਸ਼ ਦਿੱਤਾ ਹੈ।’’ ਇਹ ਸ਼ਬਦ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਅਤੇ ਜਨਰਲ ਸਕੱਤਰ ਸਾਥੀ ਕੁਲਵੰਤ ਸਿੰਘ ਸੰਧੂ ਵੱਲੋਂ ਜਾਰੀ ਇੱਕ ਬਿਆਨ ਰਾਹੀਂ ਸੂਬਾਈ ਪ੍ਰੈਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਆਹਖੇ ਹਨ।
ਕਿਸਾਨ ਆਗੂਆਂ ਨੇ ਅੱਜ ਦੇ ਸੱਦੇ ਨੂੰ ਲਾਮਿਸਾਲ ਕਾਮਯਾਬ ਕਰਨ ਅਤੇ ਸਾਂਝੀ ਕਿਸਾਨ ਲੀਡਰਸ਼ਿਪ ਤੇ ਬੇਅੰਤ ਭਰੋਸਾ ਜਤਾਉਣ ਲਈ ਦੇਸ਼ ਦੇ ਮਜਦੂਰਾਂ, ਕਿਸਾਨਾਂ ਤੇ ਹੋਰ ਮਿਹਨਤੀ ਵਰਗਾਂ ਅਤੇ ਇਨਸਾਫ਼ ਪਸੰਦ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ ਹੈ। ਉਨਾਂ ਕਿਹਾ ਕਿ ਦੇਸ਼ ਦੇ ਆਵਾਮ ਵੱਲੋਂ ਦਿੱਤੇ ਜਾ ਰਹੇ ਬੇਮਿਸਾਲ ਸਹਿਯੋਗ ਅਤੇ ਚੌਤਰਫਾ ਸੰਗਰਾਮੀ ਸਰਗਰਮੀ ਤੋਂ ਇਹ ਭਰੋਸਾ ਹੋਰ ਮਜਬੂਤ ਹੁੰਦਾ ਹੈ ਕਿ ਕਿਸਾਨ ਅੰਦੋਲਨ ਅਵੱਸ਼ ਫਤਹਿ ਹੋਵੇਗਾ ਅਤੇ ਮੋਦੀ ਸਰਕਾਰ ਦੇ ਇਰਾਦੇ ਅਸਫਲ ਕੀਤੇ ਜਾਣਗੇ। ਕਿਸਾਨ ਆਗੂਆਂ ਨੇ ਸਰਕਾਰ ਦੇ ਇਸ਼ਾਰੇ ਤੇ ਕੰਮ ਕਰ ਰਹੇ ਹਰ ਕਿਸਮ ਦੇ ਘੋਲ ਦੋਖੀ, ਭੜਕਾਊ ਅਤੇ ਫੁੱਟਪਾਊ ਅਨਸਰਾਂ ਤੋਂ ਸੁਚੇਤ ਰਹਿੰਦਿਆਂ, ਹਰ ਸਾਜਿਸ਼ ਦਾ ਮੂੰਹ ਤੋੜ ਜਵਾਬ ਦੇਣ ਅਤੇ ਮੋਰਚੇ ਦਾ ਹਰ ਸੱਦਾ ਪੂਰੀ ਸਿਦਕ ਦਿਲੀ ਨਾਲ ਲਾਗੂ ਕਰਨ ਦੀ ਅਪੀਲ ਵੀ ਕੀਤੀ।