ਅਸ਼ੋਕ ਵਰਮਾ
ਬਰਨਾਲਾ, 13 ਫਰਵਰੀ 2021 - ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਰੇਲਵੇ ਸਟੇਸ਼ਨ ਬਰਨਾਲਾ ਵਿਖੇ ਤਿੰਨੇ ਖੇਤੀ ਵਿਰੋਧੀ ਕਾਨੂੰਨ ਅਤੇ ਬਿਜਲੀ ਸੋਧ ਬਿਲ-2020 ਰੱਦ ਕਰਵਾਉਣ ਲਈ ਚੱਲ ਰਿਹਾ ਸਾਂਝਾ ਕਿਸਾਨ ਸੰਘਰਸ਼ 135 ਵੇਂ ਦਿਨ ਵਿੱਚ ਦਾਖਲ ਹੋ ਗਿਆ। ਅੱਜ ਬੁਲਾਰੇ ਆਗੂਆਂ ਗੁਰਦੇਵ ਸਿੰਘ ਮਾਂਗੇਵਾਲ, ਬਾਬੂ ਸਿੰਘ ਖੁੱਡੀਕਲਾਂ,ਅਮਰਜੀਤ ਕੌਰ, ਕਰਨੈਲ ਸਿੰਘ ਗਾਂਧੀ, ਕਾਕਾ ਸਿੰਘ ਫਰਵਾਹੀ, ਬਲਵੀਰ ਕੌਰ,ਬਿੱਕਰ ਸਿੰਘ ਅੋਲਖ, ਰਵਿੰਦਰ ਸਿੰਘ,ਹਰਚਰਨ ਚੰਨਾ,ਗੁਰਦਰਸ਼ਨ ਸਿੰਘ ਫਰਵਾਹੀ,ਪ੍ਰੇਮਪਾਲ ਕੌਰ ਅਤੇ ਨਿਰੰਜਣ ਸਿੰਘ ਠੀਕਰੀਵਾਲ ਨੇ ਸਾਂਝੇ ਕਿਸਾਨ/ਲੋਕ ਸੰਘਰਸ਼ ਵਿੱਚ ਸ਼ਹੀਦੀਆਂ ਪਾਉਣ ਵਾਲੇ ਤਿੰਨ ਕਿਸਾਨਾਂ ਦੇ ਮੁਆਵਜਾ ਰੋਕਣ ਖਿਲਾਫ ਡੀਸੀ ਦਫਤਰ ਬਰਨਾਲਾ ਦਾ ਦੋ ਦਿਨ ਘਿਰਾਉ ਕਰਕੇ ਚੈੱਕ ਹਾਸਲ ਕਰਨ ਬਦਲੇ ਸੰਗਰਾਮੀ ਮੁਬਾਰਕਬਾਦ ਦਿੰਦਿਆਂ ਹੋਰ ਵਧੇਰੇ ਜੋਸ਼ ਨਾਲ ਸੰਘਰਸ਼ ਵਿੱਚ ਵਧ ਚੜ੍ਹਕੇ ਹਿੱਸਾ ਲੈਣ ਦੀ ਅਪੀਲ ਕੀਤੀ। ਬੁਲਾਰਿਆਂ ਨੇ ਪ੍ਰਧਾਨ ਮੰਤਰੀ ਵੱਲੋਂ ਪਾਰਲੀਮੈਂਟ ਵਿੱਚ ਕਿਸਾਨ ਸੰਘਰਸ਼ ਨੂੰ ਪਰਜੀਵੀ-ਅੰਦੋਲਨਜੀਵੀ ਕਹਿਣ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਅਸੀਂ ਐਲਾਨ ਕਰਦੇ ਹਾਂ ਕਿ ਅਸੀਂ ਅੰਦੋਲਨਕਾਰੀ ਹਾਂ, ਅੰਦੋਲਨਕਾਰੀ ਹੋਣ ਤੇ ਸਾਨੂੰ ਮਾਣ ਹੈ ਅਤੇ ਅੰਦੋਲਨ ਸਾਡੀ ਵਿਰਾਸਤ ਹੈ।
ਉਨ੍ਹਾਂ ਕਿਹਾ ਕਿ ਸਦੀਆਂ ਤੋਂ ਅਸੀਂ ਜਾਬਰਾਂ ਅੱਗੇ ਹਿੱਕਾਂ ਡਾਹਕੇ ਜੂਝਦੇ ਹੋਏ ਸ਼ਹਾਦਤਾਂ ਦਾ ਸਫਰ ਤਹਿ ਕੀਤਾ ਹੈ, ਅਸੀਂ ਝੁਕੇ ਨਹੀਂ, ਡਰੇ ਨਹੀਂ, ਦਹਿਸ਼ਤਜਦਾ ਨਹੀਂ ਹੋਏ,ਮੁਆਫੀਆਂ ਨਹੀਂ ਮੰਗੀਆਂ। ਜਦ ਤੱਕ ਇਹ ਲੁਟੇਰਾ ਤੇ ਜਾਬਰ ਢਾਂਚਾ ਹੈ ਇਹ ਅੰਦੋਲਨ-ਸ਼ਹਾਦਤਾਂ ਦਾ ਸਫਰ ਜਾਰੀ ਰਹੇਗਾ। ਢਾਈ ਮਹੀਨੇ ਤੋਂ ਸ਼ਾਤਮਈ ਦਿੱਲੀ ਦੀਆਂ ਬਰੂਹਾਂ’ਤੇ ਚੱਲ ਰਹੇ ਸਿੰਘੂ-ਕੁੰਡਲੀ, ਗਾਜੀਪੁਰ, ਟਿੱਕਰੀ ਬਾਰਡਰਾਂ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਘੇਰਾਬੰਦੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ।ਇਨ੍ਹਾਂ ਬਾਰਡਰਾਂ ਜਿੱਥੇ ਮੁਲਕ ਦਾ ਢਿੱਡ ਭਰਨ ਵਾਲੇ ਦੇਸ਼ ਦੇ ਅੰਨਦਾਤੇ ਬੈਠੇ ਹਨ, ਦੀ ਘੇਰਾ ਬੰਦੀ ਇਉਂ ਕੀਤੀ ਜਾ ਰਹੀ ਹੈ ਜਿਵੇਂ ਅਸੀਂ ਕਿਸੇ ਹੋਰ ਮੁਲਕ ਦੇ ਬਸ਼ਿੰਦੇ ਹੋਈਏ। ਬਾਰਡਰਾਂ ਵੱਲ ਆਉਂਦੀਆਂ ਸੜਕਾਂ ਦੀ ਘੇਰਾਬੰਦੀ ਦੂਸਰੇ ਮੁਲਕਾਂ ਨਾਲ ਲਗਦੇ ਬਾਰਡਰਾਂ ਵੱਲੋਂ ਵੀ ਸਖਤ(ਪੱਕੀਆਂ ਕੰਧਾਂ, ਕੰਡਿਆਲੀਆਂ ਤਾਰਾਂ, ਸੜਕਾਂ ਵਿੱਚ ਕਿੱਲ ਗੱਡਕੇ ਆਦਿ) ਕਰਕੇ ਬਗਾਨੇਪਣ ਦਾ ਅਹਿਸਾਸ ਕਰਵਾਉਣ ਦੀ ਮੋਦੀ ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡ ਰਹੀ।
ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਅਜਿਹੇ ਜਾਬਰ ਫਾਸ਼ੀ ਕਦਮ ਕਿਸਾਨ/ਲੋਕਾਂ ਅੰਦਰ ਨਫਰਤ ਅਤੇ ਗੁੱਸੇ ਦੀ ਧਾਰ ਹੋਰ ਤਿੱਖੀ ਕਰ ਰਹੇ ਹਨ।ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਕਿ ਜਦ ਜਦ ਵੀ ਸਰਕਾਰਾਂ ਨੇ ਜਾਬਰ ਫਾਸ਼ੀ ਕਦਮਾਂ ਦਾ ਸਹਾਰਾ ਲੈਕੇ ਲੋਕ ਸੰਘਰਸ਼ਾਂ ਨੂੰ ਖਤਮ ਕਰਨ ਦਾ ਭਰਮ ਪਾਲਿਆ ਹੈ ਤਾਂ ਹਕੂਮਤਾਂ ਦੇ ਲੱਖ ਜਬਰ ਤਸ਼ੱਦਦ ਦੇ ਬਾਵਜੂਦ ਵੀ ਸੰਘਰਸ਼ੀਲ਼ ਕਾਫਲਿਆਂ ਦੀ ਦੂਣ ਸਵਾਈ ਹੋਈ ਹੈ। ਇਹੋ ਹਾਲ ਹੁਣ ਹੈ ਹਕੂਮਤੀ ਜਬਰ ਸਾਹਮਣੇ ਹਿੱਕਾਂ ਡਾਹਕੇ ਪੰਜਾਬ ਦੇ ਨਾਲ ਨਾਲ ਹਰਿਆਣਾ, ਯੂ.ਪੀ ਬਰਾਬਰ ਤੋਂ ਵੀ ਦੇ ਕਦਮ ਅੱਗੇ ਲੰਘਕੇ ਜਥੇਬੰਦਕ ਟਾਕਰਾ ਕਰ ਰਹੇ ਹਨ। ਸੰਯੁਕਤ ਕਿਸਾਨ ਮੋਰਚੇ ਵੱਲੋਂ ਸਾਂਝੇ ਕਿਸਾਨ/ਲੋਕ ਸੰਘਰਸ਼ ਨੂੰ ਹੋਰ ਤੇਜ ਕਰਦਿਆਂ 18 ਫਰਬਰੀ 12 ਵਜੇ ਤੋਂ 4 ਵਜੇ ਤੱਕ ਰੇਲ ਆਵਾਜਾਈ ਮੁਕੰਮਲ ਰੂਪ ਵਿੱਚ ਜਾਮ ਕਰਨ ਲਈ ਹੁਣੇ ਤੋਂ ਪਿੰਡਾਂ ਅੰਦਰ ਵੱਡੀ ਲਾਮਬੰਦੀ ਲਈ ਜੁਟ ਜਾਣ ਦਾ ਸੱਦਾ ਦਿੱਤਾ।
ਅੱਜ ਦੀ ਭੁੱਖ ਹੜਤਾਲ ਵਿੱਚ ਬੀਕੇਯੂ ਏਕਤਾ ਡਕੌਂਦਾ ਇਕਾਈ ਕਰਮਗੜ੍ਹ ਦੀਆਂ ਔਰਤ ਕਿਸਾਨ ਆਗੂਆਂ ਨੇ ਜਸਪਾਲ ਕੌਰ ਦੀ ਅਗਵਾਈ ਹੇਠ ਕਮਾਂਡ ਸੰਭਾਲੀ। ਭੁੱਖ ਹੜਤਾਲ ਵਿੱਚ ਅਮਰਜੀਤ ਕੌਰ, ਜਸਵੀਰ ਕੌਰ, ਗੁਰਦੇਵ ਕੌਰ, ਹਰਵਿੰਦਰ ਕੌਰ, ਮਹਿੰਦਰ ਕੌਰ, ਜਸਪਾਲ ਕੌਰ, ਸ਼ਿੰਦਰ ਕੌਰ, ਬਲਵੀਰ ਕੌਰ, ਹਮੀਰ ਕੌਰ ਸ਼ਾਮਿਲ ਹੋਈਆਂ।ਬਲਦੇਵ ਮੰਡੇਰ, ਸਹਿਜਪ੍ਰੀਤ ਸਿੰਘ, ਜਗਰੂਪ ਸਿੰਘ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਜੈ ਹੋ ਰੰਗ ਮੰਚ ਨਿਹਾਲ ਸਿੰਘ ਵਾਲਾ ਦੀ ਨਾਟਕ ਟੀਮ ਨੇ ਨੁੱਕੜ ਨਾਟਕ ‘ਕਿਸਾਨੀ ਹੱਕ’ ਬਹੁਤ ਖੁਬਸੂਰਤ ਅੰਦਾਜ ਵਿੱਚ ਪੇਸ਼ ਕੀਤਾ। ਬੁਲਾਰਿਆਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੱਡੇ ਆਰਥਿਕ ਹੱਲੇ ਦੇ ਟਾਕਰੇ ਵਾਸਤੇ ਸੰਘਰਸ਼ ਦੀਆਂ ਤਿਆਰੀਆਂ ਨੂੰ ਹੋਰ ਜਰਬਾਂ ਦਿੱਤੀਆਂ ਜਾਣ।ਇਸੇ ਹੀ ਤਰ੍ਹਾਂ ਰਿਲਾਇੰਸ ਮਾਲ ਉੱਪਰ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਬੀਕੇਯੂ ਏਕਤਾ ਡਕੌਂਦਾ ਵੱਲੋਂ ਘਿਰਾਓ ਜਾਰੀ ਰਿਹਾ । ਇਸ ਸਮੇਂ ਮੇਜਰ ਸਿੰਘ ਸੰਘੇੜਾ,ਜਸਵੰਤ ਸਿੰਘ ਨੇ ਸੰਬੋਧਨ ਕਰਦਿਆਂ 18 ਫਰਬਰੀ ਦੇ ਰੇਲ ਜਾਮ ਦੇ ਸੱਦੇ ਨੂੰ ਸਫਲ ਬਨਾਉਣ ਲਈ ਤਨਦੇਹੀ ਨਾਲ ਜੁਟ ਜਾਣ ਦਾ ਸੱਦਾ ਦਿੱਤਾ।