ਬਲਵਿੰਦਰ ਸਿੰਘ ਧਾਲੀਵਾਲ
- ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕਿਸਾਨਾਂ ਕੋਲੋਂ ਰੋਜ਼ੀ ਰੋਟੀ ਖੋਹ ਰਹੀ ਹੈ - ਸੰਘਰਸ਼ ਕਮੇਟੀ
ਸੁਲਤਾਨਪੁਰ ਲੋਧੀ 25 ਫਰਵਰੀ ਭਾਰਤ ਮਾਲਾ ਪ੍ਰੋਜੈਕਟ ਤਹਿਤ ਨੈਸ਼ਨਲ ਹਾਈਵੇ ਅਥਾਰਟੀ ਵੱਲੋਂ ਉਸਾਰੇ ਜਾ ਰਹੇ ਬਠਿੰਡਾ ਜਾਮਨਗਰ ਐਕਸਪ੍ਰੈਸ ਵੇਅ ਲਈ ਸਰਵੇ ਕਰ ਰਹੀ ਟੀਮ ਦਾ ਅੱਜ ਪਿੰਡ ਰਣਧੀਰ ਪੁਰ ਨੇੜੇ ਕਿਸਾਨਾਂ ਵੱਲੋਂ ਐਕਸਪ੍ਰੈਸ ਵੇਅ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਜ਼ੋਰਦਾਰ ਘਿਰਾਓ ਕੀਤਾ ਗਿਆ। ਇਸ ਮੌਕੇ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਭਰੋਸੇ ਵਿੱਚ ਲਏ ਤੋਂ ਬਿਨਾਂ ਹੀ ਨੈਸ਼ਨਲ ਹਾਈਵੇ ਅਥਾਰਟੀ ਲਗਾਤਾਰ ਸਰਵੇਖਣ ਕਰਵਾ ਰਹੀ ਹੈ। ਕਿਸਾਨਾਂ ਨੇ ਦੋਸ਼ ਲਾਇਆ ਕਿ ਸੰਘਰਸ਼ ਕਮੇਟੀ ਵੱਲੋਂ ਬਕਾਇਦਾ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਨੂੰ ਲਿਖਤੀ ਰੂਪ ਦੱਸਣ ਦੇ ਬਾਵਜੂਦ ਵੀ ਕੰਪਨੀ ਦੇ ਕਰਮਚਾਰੀ ਸਰਵੇ ਕਰ ਰਹੇ ਹਨ।
ਇਸ ਮੌਕੇ ਐਕਸਪ੍ਰੈਸ ਵੇਅ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਭਦਿਆਲ ਸਿੰਘ ਸੈਦਪੁਰ ਅਤੇ ਮੀਤ ਪ੍ਰਧਾਨ ਬਖਸ਼ੀਸ਼ ਸਿੰਘ ਤਲਵੰਡੀ ਚੌਧਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਕਿਸਾਨਾਂ ਨਾਲ ਵੱਡਾ ਖਿਲਵਾੜ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਦੇ ਕਰਮਚਾਰੀ ਬਿਨਾਂ ਕੋਈ ਆਗਿਆ ਲੲੇ ਹੀ ਕਿਸਾਨਾਂ ਦੇ ਖੇਤਾਂ ਵਿੱਚ ਸਰਵੇ ਕਰਨ ਆਈ ਜਾਂਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਪ੍ਰਸ਼ਾਸਨ ਨੂੰ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਸਰਵੇ ਦਾ ਕੰਮ ਰੁਕ ਨਹੀਂ ਰਿਹਾ।
ਇਸ ਮੌਕੇ ਕਿਸਾਨਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਫੋਨ ਤੇ ਸੂਚਿਤ ਕੀਤਾ ਪਰ ਕੋਈ ਵੀ ਮੌਕੇ ਤੇ ਨਹੀਂ ਪਹੁੰਚਿਆ। ਸੰਘਰਸ਼ ਕਮੇਟੀ ਨੇ ਐਲਾਨ ਕੀਤਾ ਕਿ ਉਹ ਹੁਣ ਕਿਸੇ ਵੀ ਅਧਿਕਾਰੀ ਜਾਂ ਕੰਪਨੀ ਦੇ ਕਰਮਚਾਰੀ ਨੂੰ ਖੇਤਾਂ ਵਿੱਚ ਵੜਨ ਨਹੀਂ ਦੇਣਗੇ। ਜੇਕਰ ਕੋਈ ਘਟਨਾ ਵਾਪਰਦੀ ਹੈ ਤਾਂ ਇਸ ਲਈ ਪ੍ਰਸ਼ਾਸਨ ਅਤੇ ਸਰਕਾਰ ਜਿੰਮੇਵਾਰ ਹੋਵੇਗੀ। ਇਸ ਮੌਕੇ ਤਰਸੇਮ ਸਿੰਘ, ਮਨਜੀਤ ਸਿੰਘ ਗਿੱਲਾਂ, ਪਿਆਰਾ ਸਿੰਘ, ਰਣਜੀਤ ਸਿੰਘ ਮੈਰੀਪੁਰ, ਕਮਲਜੀਤ ਸਿੰਘ ਮੈਰੀਪੁਰ, ਮਲਕੀਤ ਸਿੰਘ, ਰਣਜੀਤ ਸਿੰਘ, ਸੁੱਚਾ ਸਿੰਘ, ਨਿਰਮਲ ਸਿੰਘ ਆਦਿ ਹਾਜ਼ਰ ਸਨ।