ਅਸ਼ੋਕ ਵਰਮਾ
ਨਵੀਂ ਦਿੱਲੀ,10 ਫਰਵਰੀ 2021: ਹਰਿਆਣਾ ਪੁਲਿਸ ਦੇ ਇੱਕ ਐਸ ਪੀ ਵੱਲੋਂ ਟਿੱਕਰੀ ਬਾਰਡਰ 'ਤੇ ਦੋ ਢਾਈ ਕਿਲੋਮੀਟਰ ਤੱਕ ਕੈਮਰੇ ਲਾਉਣ ਦੀ ਇਜਾਜ਼ਤ ਮੰਗਣ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮਹਿਲਾ ਵਿੰਗ ਦੀ ਸੂਬਾਈ ਆਗੂ ਹਰਿੰਦਰ ਕੌਰ ਬਿੰਦੂ ਨੇ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ। ਟਿੱਕਰੀ ਬਾਰਡਰ ਨੇੜੇ ਪਕੌੜਾ ਚੌਂਕ 'ਤੇ ਲੱਗੀ ਸਟੇਜ ਤੋਂ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਢਾਈ ਮਹੀਨਿਆਂ ਤੋਂ ਕਿਸਾਨ ਦਿੱਲੀ ਦੇ ਬਾਰਡਰ 'ਤੇ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਸ਼ਾਂਤਮਈ ਸੰਘਰਸ਼ ਕਰ ਰਹੇ ਹਨ ਅਤੇ ਹਰਿਆਣਾ ਦੇ ਲੋਕ ਵੀ ਉਹਨਾਂ ਦਾ ਪੂਰਾ ਸਾਥ ਦੇ ਰਹੇ ਹਨ ।
ਬੜੇ ਸ਼ਰਮ ਦੀ ਗੱਲ ਹੈ ਇਹਨਾਂ ਕਿਸਾਨਾਂ ਨੂੰ ਐਸ ਪੀ ਵੱਲੋਂ ਕਿਸਾਨਾਂ ਨੂੰ ਸਮਾਜ ਵਿਰੋਧੀ ਅਨਸਰ ਕਹਿ ਕੇ ਡਿਪਟੀ ਕਮਿਸ਼ਨਰ ਝੱਜਰ ਤੋਂ ਕੈਮਰੇ ਲਾਉਣ ਦੀ ਇਜਾਜ਼ਤ ਮੰਗੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਕਿਸਾਨਾਂ ਤੇ ਕਿਸਾਨ ਔਰਤਾਂ ਦੀ ਨਿੱਜਤਾ 'ਤੇ ਹਮਲਾ ਹੈ ਕਿਉਂਕਿ ਕਿਸਾਨ ਮਰਦ-ਔਰਤਾਂ ਇੱਥੇ ਹੀ ਲੰਗਰ ਬਣਾ ਕੇ ਖਾਣ-ਪੀਣ ਅਤੇ ਆਪਣੇ ਨਹਾਉਣ-ਧੋਣ ਦਾ ਪ੍ਰਬੰਧ ਕਰਦੇ ਹਨ ।
ਸੂਬਾ ਸਕੱਤਰ ਸ਼ਿਗਾਰਾ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਵੱਲੋਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਅੰਦੋਲਨਜੀਵੀ ਕਹਿਕੇ ਕਿਸਾਨਾਂ ਦਾ ਅਪਮਾਨ ਕਰਨ ਉਤੇ ਟਿੱਪਣੀ ਕਰਦਿਆਂ ਕਿਹਾ ਕਿ ਕਿਸਾਨ ਸੂਝਵਾਨ ਤੇ ਜਾਗਰੂਕ ਨਾਗਰਿਕ ਹਨ ਅਤੇ ਆਪਣੇ ਹੱਕਾਂ ਲਈ ਸੰਘਰਸ਼ ਕਰ ਰਹੇ ਹਨ ਜ਼ੋ ਉਹਨਾਂ ਲਈ ਮਾਣ ਦੀ ਗੱਲ ਹੈ । ਉਨ੍ਹਾਂ ਕਿਹਾ ਕਿ ਉਹ ਲੋਕਾਂ ਦਾ ਖੂਨ ਚੂਸਣ ਵਾਲੇ ਕਾਰਪੋਰੇਟ ਘਰਾਣਿਆਂ ਵਾਂਗ ਪਰਜੀਵੀ ਨਹੀਂ ਹਨ ਜਿਨ੍ਹਾਂ ਦੀ ਖ਼ਾਤਰਦਾਰੀ ਮੋਦੀ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ।
ਹਰਿਆਣਾ ਤੋਂ ਸਮਾਜਿਕ ਕਾਰਕੁੰਨ ਵੀਨਾ ਮਲਿਕ ਰੋਹਤਕ ਅਤੇ ਜਨਵਾਦੀ ਮਹਿਲਾ ਸੰਗਠਨ ਰੋਹਤਕ ਤੋਂ ਰਾਜ ਕੁਮਾਰੀ ਦਹੀਆ ਨੇ ਕਿਹਾ ਕਿ ਅਸੀਂ ਪੰਜਾਬ ਦੇ ਔਰਤ ਸੰਗਠਨ ਤੋਂ ਸੇਧ ਲੈ ਕੇ ਹਰਿਆਣਾ ਵਿੱਚ ਔਰਤਾਂ ਨੂੰ ਲਾਮਬੰਦ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਔਰਤਾਂ ਨੂੰ ਚੇਤੰਨ ਹੋ ਕੇ ਮਰਦਾਂ ਦੇ ਬਰਾਬਰ ਸੰਘਰਸ਼ ਵਿੱਚ ਆਉਣ ਨਾਲ ਹੀ ਆਪਣੇ ਬੱਚਿਆਂ ਦਾ ਭਵਿੱਖ ਬਚਾਇਆ ਜਾ ਸਕੇਗਾ ।
ਰਾਜਸਥਾਨ ਤੋਂ ਪਹੁੰਚੇ ਐਡਵੋਕੇਟ ਰਜਿੰਦਰ ਸਿੰਘ ਝੌਰੜ ਨੇ ਕਿਹਾ ਕਿ ਮੈਂ ਵੀ ਇਸ ਅੰਦੋਲਨ ਵਿਚ ਪਹੁੰਚ ਕੇ ਆਪਣਾ ਹਿੱਸਾ ਪਾਉਣ ਆਇਆ ਹਾਂ ਕਿਉਂਕਿ ਜ਼ਮੀਨ ਬਚਾਉਣ ਲਈ ਇਹ ਮੇਰਾ ਫਰਜ਼ ਬਣਦਾ ਹੈ।ਉਪਰੋਕਤ ਬੁਲਾਰਿਆਂ ਤੋਂ ਇਲਾਵਾ ਬਸੰਤ ਸਿੰਘ ਕੋਠਾ ਗੁਰੂ ,ਗੁਰਪਾਸ ਸਿੰਘ ਸਿੰਘੇਵਾਲਾ, ਦਰਸ਼ਨ ਸਿੰਘ ਮਹਿਰਾਜ ,ਜੋਗਿੰਦਰ ਸਿੰਘ ਦਿਆਲਪੁਰਾ, ਕਲਵੰਤ ਰਾਏਕੇ ਕਲਾਂ, ਜਗਸੀਰ ਸਿੰਘ ਦੋਦੜਾ, ਮਨਜੀਤ ਸਿੰਘ ਘਰਾਚੋਂ ਅਤੇ ਹਰਿਆਣਾ ਤੋਂ ਕੈਪਟਨ ਸ਼ਮਸ਼ੇਰ ਸਿੰਘ ਨੇ ਵੀ ਸੰਬੋਧਨ ਕੀਤਾ।