ਅੰਮ੍ਰਿਤਸਰ, 11 ਅਗਸਤ 2016 : ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਦਿਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ 'ਤੇ ਕਰਾਰਾ ਹਮਲਾ ਬੋਲਦਿਆਂ ਕਿਹਾ ਕਿ ਮੈਨੂੰ ਕੇਜਰੀਵਾਲ ਵਿੱਚ ਇੰਦਰਾ ਗਾਂਧੀ ਦੀ ਰੂਹ ਨਜ਼ਰ ਆ ਰਹੀ ਹੈ। ਸ: ਮਜੀਠੀਆ ਅੱਜ ਇੱਥੇ ਬਾਬਾ ਬਕਾਲਾ ਦੀ ਰਖੜ ਪੁੰਨਿਆ ਸਮੇਂ 18 ਅਗਸਤ ਨੂੰ ਹੋਣ ਜਾ ਰਹੀ ਅਕਾਲੀ ਕਾਨਫਰੰਸ ਨੂੰ ਕਾਮਯਾਬ ਕਰਨ ਲਈ ਸ: ਵੀਰ ਸਿੰਘ ਲੋਪੋਕੇ ਦੀ ਅਗਵਾਈ 'ਚ ਕੀਤੀ ਜਾ ਰਹੀ ਜ਼ਿਲ੍ਹਾ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਅਕਾਲੀ ਆਗੂਆਂ ਦੀ ਇੱਕ ਸਾਂਝੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ।ਸ: ਮਜੀਠੀਆ ਨੇ ਕਿਹਾ ਕਿ ਇੰਦਰਾ ਗਾਂਧੀ ਜਾਂ ਗਾਂਧੀ ਪਰਿਵਾਰ ਨੇ ਕੁੱਝ ਵੀ ਅਜਿਹਾ ਨਹੀਂ ਕੀਤਾ ਜੋ ਪੰਜਾਬ ਦੇ ਹਿਤ ਵਿੱਚ ਹੋਵੇ।ਉਹਨਾਂ ਕਿਹਾ ਕਿ ਇੰਦਰਾ ਗਾਂਧੀ ਨੇ ਐੱਸ ਵਾਈ ਐੱਲ ਨਹਿਰ ਸ਼ੁਰੂ ਕਰਨ ਲਈ ਕਪੂਰੀ ਵਿਖੇ ਟੱਕ ਲਾਇਆ, ਸ੍ਰੀ ਦਰਬਾਰ ਸਾਹਿਬ 'ਤੇ ਫੌਜੀ ਹਮਲਾ ਕਰਾਇਆ ਤੇ ਸ੍ਰੀ ਅਕਾਲੀ ਤਖ਼ਤ ਸਾਹਿਬ ਨੂੰ ਢਹਿ ਢੇਰੀ ਕੀਤਾ ਉੱਥੇ ਕੇਜਰੀਵਾਲ ਵੱਲੋਂ ਸਿੱਖੀ ਪਛਾਣ -ਵਜੂਦ ਅਤੇ ਸਿਧਾਂਤਾਂ 'ਤੇ ਹਮਲਾ ਕੀਤਾ ਜਾ ਰਿਹਾ ਹੈ।ਕੇਜਰੀਵਾਲ ਵੱਲੋਂ ਚੋਣ ਮੈਨੀਫੈਸਟੋ 'ਤੇ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਨਾਲ ਝਾੜੂ ਨੂੰ ਦਰਸਾਉਣਾ, ਮੈਨੀਫੈਸਟੋ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਦੱਸਣਾ ਅਤੇ ਉਸ ਦੇ ਆਗੂਆਂ ਵੱਲੋਂ ਸਿੱਖਾਂ ਦੀ ਅਕਲ 'ਤੇ ਵਿਅੰਗਾਤਮਿਕ ਟਿੱਪਣੀਆਂ ਕਰਨੀਆਂ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਈ ਦਸ ਕੇ ਵਿਸ਼ਵ ਪੱਧਰ 'ਤੇ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਡੂੰਘੀ ਸਾਜ਼ਿਸ਼ ਇਹ ਦਰਸਾਉਂਦੀ ਹੈ ਕਿ ਕੇਜਰੀਵਾਲ ਸਿੱਖੀ ਅਤੇ ਪੰਜਾਬੀਆਂ ਦੀ ਅਣਖ ਨੂੰ ਦਾਗ ਲਾਉਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਪੰਜਾਬ ਅਤੇ ਨੌਜਵਾਨਾਂ ਦੇ ਭਵਿੱਖ ਲਈ ਹਰ ਪੰਜਾਬੀ ਨੂੰ ਪੰਜਾਬ ਦੇ ਦੁਸ਼ਮਣਾਂ ਦਾ ਠੋਕਵਾਂ ਅਤੇ ਮੂੰਹ ਤੋੜਵਾਂ ਜਵਾਬ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕੇਜਰੀਵਾਲ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੇ ਪੰਜਾਬੀਆਂ ਨੇ ਕੁਰਬਾਨੀਆਂ ਨਾ ਕੀਤੀਆਂ ਹੁੰਦੀਆਂ ਤਾਂ ਅੱਜ ਹਿੰਦੁਸਤਾਨ ਦਾ ਨਕਸ਼ਾ ਕੁੱਝ ਹੋਰ ਹੋਣਾ ਸੀ। ਉਹਨਾਂ ਕਿਹਾ ਕਿ ਕੇਜਰੀਵਾਲ ਨੂੰ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ ਕਿ ਜਿਸ ਨੇ ਵੀ ਪੰਜਾਬੀਆਂ ਨੂੰ ਵੰਗਾਰਿਆ ਉਸ ਦਾ ਪੰਜਾਬੀਆਂ ਨੇ ਮੱਕੂ ਠੱਪਿਆ। ਉਹਨਾਂ ਕਿਹਾ ਕਿ ਫੌਜ ਅਤੇ ਪੁਲੀਸ ਦੀ ਭਰਤੀ ਮੌਕੇ ਨੌਜਵਾਨਾਂ ਦੇ ਡੋਪ ਟੈੱਸਟ ਸਮੇਂ ਨਸ਼ਿਆਂ ਦਾ ਕੇਸ ਸਾਹਮਣੇ ਨਾ ਆਉਣਾ ਅਤੇ ਭਰਤੀ ਅਧਿਕਾਰੀਆਂ ਵੱਲੋਂ ਇਸ ਨੂੰ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੱਸਣ ਤੋਂ ਹੀ ਕਾਂਗਰਸ ਦੇ ਰਾਹੁਲ ਗਾਂਧੀ ਅਤੇ ਕੇਜਰੀਵਾਲ ਦੀ ਅਸਲ ਮਨਸ਼ਾ ਸਭ ਦੇ ਸਾਹਮਣੇ ਬੇ ਨਕਾਬ ਹੋ ਚੁੱਕਿਆ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਇੱਕ ਸਵਾਲ 'ਤੇ ਕਿਹਾ ਕਿ ''ਜਿਸ ਰੋਗ ਨਾਲ ਬੱਕਰੀ ਮੋਈ ਉਹੀ ਰੋਗ ਪਠੋਰੇ ਨੂੰ ਵਾਲੀ ਗਲ'' ਹੈ। ਕੇਜਰੀਵਾਲ ਕਈ ਵਾਰ ਆਪਣੀ ਜਾਨ ਨੂੰ ਕਿਸੇ ਨਾ ਕਿਸੇ ਤੋਂ ਖਤਰਾ ਹੋਣ ਦਾ ਸ਼ੋਸ਼ਾ ਛੱਡ ਚੁੱਕਿਆ ਹੈ। ਅੱਜ ਆਪ ਆਗੂ ਪਾਰਟੀ ਵਿੱਚ ਟਿਕਟਾਂ ਦੀ ਖਰੀਦੋ ਫਰੋਖ਼ਤ ਦੀ ਗਲ ਸਾਹਮਣੇ ਆਉਣ 'ਤੇ ਆਪ ਵਰਕਰਾਂ ਦਾ ਕੇਜਰੀਵਾਲ ਵਿਰੁੱਧ ਪਣਪ ਰਹੇ ਗੁੱਸੇ ਪ੍ਰਤੀ ਧਿਆਨ ਹਟਾਉਣ ਲਈ ਹੀ ਕੇਜਰੀਵਾਲ ਦੀ ਜਾਨ ਨੂੰ ਖਤਰਾ ਹੋਣ ਦਾ ਬੇ ਬੁਨਿਆਦ ਸ਼ੋਸ਼ਾ ਛੱਡ ਰਹੇ ਹਨ।
ਸ: ਮਜੀਠੀਆ ਨੇ ਕਿਹਾ ਕਿ ਦਿਲੀ ਦੇ 15 ਵਿਧਾਇਕ ਕਿਸੇ ਨਾ ਨਾ ਕਿਸੇ ਸੰਗੀਨ ਜੁਰਮ ਤਹਿਤ ਜੇਲ੍ਹ ਦੀ ਹਵਾ ਖਾ ਚੁੱਕੇ ਹਨ। ਉਹਨਾਂ ਕੇਜਰੀਵਾਲ ਦੇ ਚਹੇਤੇ ਵਿਧਾਇਕਾਂ ਵੱਲੋਂ ਇਸਤਰੀਆਂ 'ਤੇ ਕੀਤੇ ਜਾ ਰਹੇ ਜੁਰਮਾਂ 'ਤੇ ਚੋਟ ਕਰਦਿਆਂ ਕਿਹਾ ਕਿ ਕੇਜਰੀਵਾਲ ਨੂੰ ਸ਼ਹਿਰ 'ਚ ਸੀ ਸੀ ਟੀ ਵੀ ਕੈਮਰੇ ਲਗਾਉਣ ਤੋਂ ਪਹਿਲਾਂ ਆਪਣੀਆਂ ਅੱਖਾਂ ਦੇ ਕੈਮਰੇ ਸਾਫ਼ ਕਰ ਲੈਣੇ ਚਾਹੀਦੇ ਹਨ। ਸ: ਮਜੀਠੀਆ ਨੇ ਖ਼ਜ਼ਾਨਾ ਖਾਲੀ ਹੋਣ ਬਾਰੇ ਵਿਰੋਧੀਆਂ ਦੇ ਗੁਮਰਾਹ ਕੁਨ ਪ੍ਰਚਾਰ ਸੰਬੰਧੀ ਕਿਹਾ ਕਿ ਕਾਂਗਰਸ ਸਰਕਾਰ ਸਮੇਂ ਖ਼ਜ਼ਾਨਾ ਮੰਤਰੀ ਲਾਲ ਸਿੰਘ ਨੇ ਕਿਹਾ ਕਿ ਖ਼ਜ਼ਾਨਾ ਖਾਲੀ ਹੈ ਇਸ ਲਈ ਕੋਈ ਵੀ ਭਰਤੀ ਨਹੀਂ ਕੀਤੀ ਜਾ ਸਕਦੀ। ਅੱਜ ਪੰਜਾਬ ਵਿੱਚ ਕਰੀਬ ਸਵਾ ਲਖ ਨੌਕਰੀਆਂ ਦਿੱਤਿਆਂ ਜਾ ਚੁੱਕੀਆਂ ਹਨ ਤੇ ਇੰਨੀਆਂ ਹੀ ਨੌਕਰੀਆਂ ਦੀ ਭਰਤੀ ਲਈ ਕਾਰਵਾਈ ਚਲ ਰਹੀ ਹੈ ਤਾਂ ਫਿਰ ਖ਼ਜ਼ਾਨਾ ਖਾਲੀ ਹੋਣਾ ਕਿਵੇਂ ਕਿਹਾ ਜਾ ਸਕਦਾ ਹੈ। ਉਹਨਾਂ ਸਵਾਲ ਖੜ੍ਹਾ ਕਰਦਿਆਂ ਕਿਹਾ ਕਿ ਜੇ ਖ਼ਜ਼ਾਨਾ ਖਾਲੀ ਹੁੰਦਾ ਤਾਂ ਪੰਜਾਬ ਦਾ ਵਿਕਾਸ ਕਿਵੇਂ ਕਰਾਇਆ ਜਾ ਸਕਦਾ ਸੀ। ਲੋਕਾਂ ਨੂੰ ਸਹੂਲਤਾਂ ਕਿਵੇਂ ਦਿੱਤਿਆਂ ਜਾ ਸਕਦੀਆਂ ਹਨ। ਉਹਨਾਂ ਦੱਸਿਆ ਕਿ ਪੰਜਾਬ ਅੱਜ ਇੰਡਸਟਰੀ ਨੂੰ ਦੂਜੇ ਰਾਜਾਂ ਨਾਲੋਂ ਸਸਤੀ ਬਿਜਲੀ ਦੇ ਰਹੀ ਹੈ।ਕਲ ਹੀ ਗਰੀਬ ਵਰਗ ਨੂੰ ਸਹੂਲਤਾਂ ਦੇਣ ਲਈ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਹਜ਼ਾਰ ਕਰੋੜ ਰੁਪੈ ਮਨਜ਼ੂਰ ਕੀਤਾ ਹੈ।ਉਹਨਾਂ ਕਿਹਾ ਕਿ ਲੋਕਤੰਤਰ ਵਿੱਚ ਲੋਕਾਂ ਨੇ ਫੈਸਲਾ ਕਰਨਾ ਹੁੰਦਾ ਹੈ ਕਿ ਉਹਨਾਂ ਕਿਸ ਨੂੰ ਮਾਣ ਬਖ਼ਸ਼ਣਾ ਹੈ। ਉਹਨਾਂ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਦੇ ਵਿਕਾਸ ਅਤੇ ਭਾਈਚਾਰਕ ਸਾਂਝ ਨੂੰ ਮਜ਼ਬੂਤੀ ਦੇਣ ਦੇ ਏਜੰਡੇ ਨੂੰ ਘਰ ਘਰ ਪਹੁੰਚਾਉਣ ਲਈ ਵਰਕਰਾਂ ਨੂੰ ਹੁਣ ਤੋਂ ਹੀ ਕਮਰ ਕੱਸੇ ਕਰ ਲੈਣ ਲਈ ਕਿਹਾ। ਉਹਨਾਂ ਨੇ ਕਿਹਾ ਕਿ ਹਰੇਕ ਘਰ 'ਚ ਸ਼੍ਰੋਮਣੀ ਅਕਾਲੀ ਦਲ ਦਾ ਸੁਨੇਹਾ ਪੁਚਦਾ ਕਰਨ ਦੀ ਡਿਊਟੀ ਤੁਹਾਡੇ ਸਿਰ ਹੈ। ਤੁਸੀਂ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਦੀ ਜਿੱਤ ਦੇ ਲਈ ਰੱਖੀ ਜਾ ਰਹੀ ਇਸ ਨੀਂਹ ਦੇ ਲਈ ਕੋਈ ਵੀ ਕਸਰ ਨਹੀਂ ਛੱਡਣੀ। ਉਹਨਾਂ ਨੇ ਕਿਹਾ ਕਿ ਪੰਜਾਬ ਦੇ ੰ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਉਪ ਮੁੱਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਅਤੇ ਕੇਂਦਰ ਸਰਕਾਰ ਦੇ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਆਗੂ ਪੰਜਾਬ ਦੇ ਭਵਿੱਖ ਲਈ ਆਪਣੀਆਂ ਨੀਤੀਆਂ ਤੋਂ ਜਾਣੂ ਕਰਾਉਣ ਲਈ ਉਚੇਚੇ ਤੌਰ ਤੇ ਪੁਚ ਰਹੇ ਹਨ।ਉਹਨਾਂ ਰਖੜ ਪੁੰਨਿਆ ਦੀ ਅਕਾਲੀ ਕਾਨਫਰੰਸ ਵਿੱਚ ਭਾਰੀ ਗਿਣਤੀ ਵਿੱਚ ਪਹੁੰਚਣ ਲਈ ਵੀ ਕਿਹਾ।ਇਸ ਮੌਕੇ ਮੁੱਖ ਸੰਸਦੀ ਸਕੱਤਰ ਮਨਜੀਤ ਸਿੰਘ ਮੰਨਾ, ਬਲਜੀਤ ਸਿੰਘ ਜਲਾਲ ਉਸਮਾ ਵਿਧਾਇਕ, ਵੀਰ ਸਿੰਘ ਲੋਪੋਕੇ, ਲਾਲੀ ਰਣੀਕੇ, ਜੋਧ ਸਿੰਘ ਸਮਰਾ, ਭਗਵੰਤ ਸਿੰਘ ਸਿਆਲਕਾ, ਸੁਰਜੀਤ ਸਿੰਘ ਭਿਟੇਵਡ, ਰਾਣਾ ਲੋਪੋਕੇ ,ਬੀਬੀ ਰਾਜਵਿੰਦਰ ਕੌਰ, ਬੀਬੀ ਬਲਜਿੰਦਰ ਕੌਰ, ਬੀਬੀ ਪਲਵਿੰਦਰ ਕੌਰ, ਤਰਸੇਮ ਸਿੰਘ ਸਿਆਲਕਾ, ਸੁਖਵਿੰਦਰ ਸਿੰਘ ਗੋਲਡੀ, ਕੁਲਦੀਪ ਸਿੰਘ ਔਲਖ, ਇਕਬਾਲ ਸਿੰਘ ਸੰਧੂ, ਅਮਰੀਕ ਸਿੰਘ ਵਿਛੋਆ, ਜੈਲ ਸਿੰਘ ਗੋਪਾਲ ਪੁਰਾ, ਕੰਵਲਜੀਤ ਸਿੰਘ ਗੁਰੂਵਾਲੀ, ਹਰਜੀਤ ਸਿੰਘ ਅਟਾਰੀ, ਸਰਬਜੀਤ ਸਿੰਘ ਸਪਾਰੀਵਿੰਡ, ਗੁਰਜਿੰਦਰ ਸਿੰਘ ਟਪਈਆ, ਸਤਿੰਦਰਪਾਲ ਸਿੰਘ ਸੰਧੂ ਅਤੇ ਪ੍ਰੋ: ਸਰਚਾਂਦ ਸਿੰਘ ਆਦਿ ਹਾਜ਼ਰ ਸਨ।