ਸ੍ਰੀ ਮੁਕਤਸਰ ਸਾਹਿਬ, 7 ਨਵੰਬਰ, 2016 : ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਵਲੋਂ ਡੀ.ਸੀ. ਦਫ਼ਤਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਪੰਜਾਬ ਸਰਕਾਰ ਦੁਆਰਾ ਮੰਗਾਂ ਨਾ ਮਨਣ ਕਰਕੇ ਅੱਜ ਮਿਤੀ 07/11/2016 ਨੂੰ 62ਵੇਂ ਦਿਨ ਵੀ ਧਰਣਾ ਜਾਰੀ ਰੱਖਿਆ ਗਿਆ। ਲਗਭਗ 25 ਦਿਨਾਂ ਤੋਂ ਆਈ.ਪੀ.ਸੀ. ਧਾਰਾ 307 ਅਤੇ ਹੋਰ ਧਾਰਾਵਾਂ ਅਧੀਨ ਕੀਤੇ ਗਏ ਝੂਠੇ ਪਰਚਿਆਂ ਕਾਰਣ ਜੇਲ੍ਹ ਵਿੱਚ ਬੰਦ 11 ਸੁਵਿਧਾ ਕਰਮਚਾਰੀ ਦੀਆਂ ਜਮਾਨਤਾਂ ਮਨਜ਼ੂਰ ਹੋਣ ਕਾਰਣ ਅੱਜ ਜੇਲ੍ਹ ਵਿਚੋਂ ਰਿਹਾਅ ਹੋ ਗਏ। ਇਥੇ ਵਰਣਨਯੋਗ ਹੈ ਕਿ ਸੁਵਿਧਾ ਕਰਮਚਾਰੀਆਂ ਦੇ ਵੱਧਦੇ ਸੰਘਰਸ਼ ਦੇ ਦਬਾਅ ਕਾਰਣ ਪੁਲਿਸ ਪ੍ਰਸ਼ਾਸ਼ਣ ਨੇ ਆਖਿਰਕਾਰ ਇਨ੍ਹਾਂ ਕਰਮਚਾਰੀਆਂ ਤੇ ਅ/ਧ 307 ਹਟਾਉਣ ਲਈ ਅਦਾਲਤ ਵਿੱਚ ਆਪਣਾ ਬਿਆਨ ਦਿੱਤਾ। ਜਿਸ ਕਾਰਣ ਸੈਸ਼ਣ ਜੱਜ ਨੇ ਇਨ੍ਹਾਂ ਕਰਮਚਾਰੀਆਂ ਦੀ ਜ਼ਮਾਨਤ ਮਿਤੀ 05/11/2016 ਨੂੰ ਮਨਜ਼ੂਰ ਕਰ ਲਈ।
ਇਸ ਉਪਰੰਤ ਅੱਜ ਮਿਤੀ 07/11/2016 ਨੂੰ ਕਰਮਚਾਰੀਆਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵੱਲੋਂ ਜ਼ਮਾਨਤੀ ਬਾਂਡ ਅਤੇ ਹੋਰ ਬਣਦੀ ਕਾਨੂੰਨੀ ਕਾਰਵਾਈ ਮਲੋਟ ਅਦਾਲਤ ਵਿੱਚ ਪੂਰੀ ਕੀਤੀ ਗਈ। ਅਦਾਲਤ ਵਲੋਂ ਉਨ੍ਹਾਂ ਨੁੰ ਰਿਲੀਜ਼ ਕਰਨ ਦੇ ਆਰਡਰ ਜਾਰੀ ਕੀਤੇ ਗਏ। ਇਸ ਪ੍ਰਕਾਰ ਇਹ ਕਰਮਚਾਰੀ ਦੇਰ ਸ਼ਾਮ ਮੁਕਤਸਰ ਜੇਲ੍ਹ ਵਿਚੋਂ ਰਿਹਾਅ ਹੋਏ। ਰਿਹਾਅ ਹੋਣ ਉਪਰੰਤ ਇਹ ਕਰਮਚਾਰੀ ਆਪਣੇ ਸਾਥੀ ਕਰਮਚਾਰੀਆਂ ਦਾ ਹੌਂਸਲਾ ਅਫਜਾਈ ਕਰਨ ਲਈ ਸਿੱਧੇ ਧਰਣੇ ਵਾਲੀ ਜਗ੍ਹਾ ਤੇ ਪਹੁੰਚੇ ਜਿਥੇ ਸੁਵਿਧਾ ਕਰਮਚਾਰੀਆਂ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਜਥੇਬੰਦੀ ਵਲੋਂ ਇਸ ਮੌਕੇ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਗਿਆ ਅਤੇ ਪੰਜਾਬ ਸਰਕਾਰ ਨੂੰ ਇਹ ਚਿਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਕਰਮਚਾਰੀਆਂ ਤੇ ਲੱਗੀਆਂ ਬਾਕੀ ਦੀਆਂ ਧਾਰਾਵਾਂ ਵੀ ਜਲਦ ਤੋਂ ਜਲਦ ਰੱਦ ਕਰਕੇ ਇਨ੍ਹਾਂ ਨੂੰ ਰੈਗੂਲਰ ਨਹੀਂ ਕੀਤਾ ਜਾਂਦਾ ਤਾਂ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਵਿਭਾਗ ਦੇ ਪ੍ਰਮੁੱਖ ਅਧਿਕਾਰੀਆਂ ਦੀ ਹੋਵੇਗੀ।