ਜਲੰਧਰ/ਕਪੂਰਥਲਾ, 21 ਅਕਤੂਬਰ, 2016 : ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਅਗਵਾਈ ਵਿੱਚ ਡਾ. ਭੀਮ ਰਾਓ ਅੰਬੇਦਕਰ ਜੀ ਦੀ 125ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਇਕ ਰਾਸ਼ਟਰੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਵਿਚ ਮਾਣਯੋਗ ਕੇਂਦਰੀ ਵਿੱਤ ਤੇ ਕਾਰਪੋਰੇਟ ਮਾਮਲਿਆਂ ਬਾਰੇ ਰਾਜ ਮੰਤਰੀ ਸ੍ਰੀ ਅਰਜੁਨ ਮੇਘਵਾਲ ਜੀ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ। ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨਾਲ ਬਾਬਾ ਸਾਹਿਬ ਜੀ ਦੇ ਜੀਵਨ ਦਰਸ਼ਨ ਤੇ ਯੋਗਦਾਨ ਬਾਰੇ ਸੰਵਾਦ ਰਚਾਇਆ। ਉਨ੍ਹਾਂ ਨੇ ਪ੍ਰਸ਼ਨੋਤਰੀ ਵਿਧੀ ਨਾਲ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਯੋਗਦਾਨ ਨੂੰ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਹੀ ਹਨ ਜਿਨ੍ਹਾਂ ਕਰਕੇ ਸਾਡੇ ਦੇਸ਼ ਵਿਚ ਪੁਰਸ਼ਾਂ ਤੇ ਇਸਤਰੀਆਂ ਨੂੰ ਇਕੋ ਵੇਲੇ ਬਰਾਬਰ ਦਾ ਵੋਟ ਦਾ ਅਧਿਕਾਰ ਪ੍ਰਾਪਤ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਸਮਾਜ ਵਿਚ ਸਮਾਨਤਾ ਦਾ ਅਧਿਕਾਰ ਬਿਨਾ ਕਿਸੇ ਭੇਦਭਾਵ ਤੋਂ ਯਕੀਨੀ ਬਣਾਉਣ ਪਿੱਛੇ ਡਾ. ਅੰਬੇਦਕਰ ਜੀ ਦੀ ਹੀ ਸੋਚ ਤੇ ਮਿਹਨਤ ਦਾ ਨਤੀਜਾ ਹੈ।
ਇਸ ਮੌਕੇ ਮਾਣਯੋਗ ਸਮਾਜਿਕ ਨਿਆਂ ਤੇ ਸਸ਼ਕਤੀਕਰਣ ਮਾਮਲਿਆਂ ਬਾਰੇ ਕੇਂਦਰੀ ਰਾਜ ਮੰਤਰੀ ਸ੍ਰੀ ਵਿਜੈ ਸਾਂਪਲਾ ਜੀ ਨੇ ਘੋਸ਼ਣਾ ਕਰਦੇ ਹੋਏ ਕੇਂਦਰ ਸਰਕਾਰ ਵੱਲੋਂ ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਚ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਦੇ ਨਾਂ ਤੇ ਇਕ ਚੇਅਰ ਸਥਾਪਿਤ ਕਰਨ ਅਤੇ ਉਸਦੇ ਲਈ ਫੰਡ ਮੁਹਈਆ ਕਰਵਾਉਣ ਦਾ ਵਿਸ਼ਵਾਸ ਦੁਆਇਆ।ਕਿਹਾ ਕਿ ਬਾਬਾ ਸਾਹਿਬ ਨੇ ਸਮਾਜ ਲਈ ਜੋ ਕੰਮ ਕੀਤਾ ਹੈ ਉਹ ਹੋਰ ਕੋਈ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਬਾਬਾ ਸਾਹਿਬ ਨੇ ਦੇਸ਼ ਦਾ ਰਾਜਨੀਤਿਕ, ਆਰਥਿਕ, ਸਮਾਜਿਕ ਢਾਂਚੇ ਦਾ ਨਿਰਮਾਣ ਕੀਤਾ। ਉਨ੍ਹਾਂ ਕਿਹਾ ਕਿ ਅਰਥ ਸ਼ਾਸਤਰ ਉਨ੍ਹਾਂ ਦਾ ਮੂਲ ਵਿਸ਼ਾ ਹੈ। ਇਸ ਲਈ ਉਨ੍ਹਾਂ ਨੇ ਆਪਣੀ ਇਕ ਪ੍ਰਸਿੱਧ ਪੁਸਤਕ ਵਿਚ ਆਰ.ਬੀ.ਆਈ ਦੀ ਕਲਪਨਾ ਤੇ ਸੋਚ ਨੂੰ ਆਧਾਰ ਬਣਾ ਕੇ ਆਰ.ਬੀ.ਆਈ. ਦਾ ਮੁਢਲਾ ਸੰਕਲਪੀ ਢਾਂਚਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਭਾਖੜਾ ਡੈਮ ਦਾ ਨਿਰਮਾਣ ਬਾਬਾ ਸਾਹਿਬ ਦੀ ਹੀ ਅਗਾਂਹਵਧੂ ਸੋਚ ਦਾ ਨਤੀਜਾ ਹੈ। ਉਨ੍ਹਾਂ ਅੱਗੇ ਕਿਹਾ ਕਿ ਡਾ. ਬੀ.ਆਰ.ਅੰਬੇਦਕਰ ਜੀ ਨੇ ਮਜ਼ਦੂਰੀ ਲਈ ਕੰਮ ਕਰਨ ਦਾ ਸਮਾਂ ਅੱਠ ਘੰਟੇ ਤੈਅ ਕਰਨ ਵਿਚ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਦਲਿਤ ਲੋਕਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਵਿਚ ਆਪਣੀ ਮਹੱਤਵਪੂਰਣ ਭੂਮਿਕਾ ਨਿਭਾਈ ਹੈ।
ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਵੀ ਉਚੇਚੇ ਤੌਰ ਤੇ ਹਾਜ਼ਿਰ ਹੋਏ। ਇਸ ਮੌਕੇ ਡਾ. ਅਟਵਾਲ ਨੇ ਕਿਹਾ ਕਿ ਬਾਬਾ ਸਾਹਿਬ ਕੇਵਲ ਦਲਿਤਾਂ ਦੇ ਹੀ ਆਗੂ ਨਹੀਂ ਸਗੋਂ ਉਹ ਦੇਸ਼ ਦੇ ਆਗੂ ਹਨ, ਇਸ ਤੋਂ ਵੀ ਵੱਧ ਉਹ ਦੁਨੀਆਂ ਦੇ ਆਗੂ ਹਨ। ਉਨ੍ਹਾਂ ਕਿਹਾ ਕਿ ਅੱਜ ਸਾਡੇ ਦੇਸ਼ ਦਾ ਸਮੁੱਚਾ ਆਰਥਿਕ, ਸਮਾਜਿਕ ਤੇ ਰਾਜਨੀਤਿਕ ਢਾਂਚਾ ਉਨ੍ਹਾਂ ਦੀ ਹੀ ਦੇਣ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਕਿਹਾ ਕਰਦੇ ਸਨ ਕਿ ਦਲਿਤ ਉਹ ਹੈ ਜਿਸ ਕੋਲ ਜ਼ੁਲਮ ਦੇ ਖਿਲਾਫ ਲੜਨ ਦੀ ਹਿੰਮਤ ਤੇ ਗੈਰਤ ਨਹੀਂ ਹੈ।
ਇਸ ਮੌਕੇ ਫਗਵਾੜਾ ਤੋਂ ਵਿਧਾਇਕ ਸ੍ਰੀ ਸੋਮ ਪ੍ਰਕਾਸ਼ ਜੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਬਾਬਾ ਸਾਹਿਬ ਗਿਆਨ ਦੀ ਰੌਸ਼ਨੀ ਦੇਣ ਵਾਲੇ ਵਿਅਕਤੀ ਹਨ। ਉਨ੍ਹਾਂ ਕਿਹਾ ਕਿ ਉਹ ਪਹਿਲੇ ਅਜਿਹੇ ਵਿਦਿਆਰਥੀ ਹਨ ਜਿਨ੍ਹਾਂ ਦਾ ਬੁੱਤ ਉਨ੍ਹਾਂ ਦੀ ਆਪਣੀ ਯੂਨੀਵਰਸਿਟੀ (ਕੋਲੰਬੀਆ ਯੂਨੀਵਰਸਿਟੀ) ਵਿਚ ਸਥਾਪਿਤ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਬਾਬਾ ਸਾਹਿਬ ਨੇ ਅਜਿਹੇ ਸੰਵਿਧਾਨ ਦਾ ਖਰੜਾ ਬਣਾਇਆ ਜਿਸ ਤੋਂ ਪੂਰੀ ਦੁਨੀਆਂ ਸੇਧ ਲੈ ਰਹੀ ਹੈ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਨੂੰ ਲੋਕ ਆਪਣਾ ਜੀਵਨ ਦਾਤਾ ਮੰਨਦੇ ਹਨ। ਉਨ੍ਹਾਂ ਕਿਹਾ ਕਿ ਰਾਖਵਾਕਰਣ ਵੀ ਉਨ੍ਹਾਂ ਦੀ ਹੀ ਦੇਣ ਹੈ। ਉਨ੍ਹਾਂ ਕਿਹਾ ਕਿ ਆਪ ਨੇ ਕੇਵਲ ਦਲਿਤਾਂ ਦੇ ਲਈ ਹੀ ਨਹੀਂ ਸਗੋਂ ਇਸਤਰੀਆਂ ਦੀ ਆਜ਼ਾਦੀ ਲਈ ਵੀ ਸੰਘਰਸ਼ ਕੀਤਾ।
ਇਸ ਮੌਕੇ ਪੰਜਾਬ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਸ੍ਰੀ ਰਾਕੇਸ਼ ਬਾਗਾ ਜੀ ਨੇ ਸੈਮੀਨਾਰ ਦੀ ਰੂਪ ਰੇਖਾ ਬਾਰੇ ਚਾਨਣਾ ਪਾਇਆ। ਇਸ ਮੌਕੇ ਬਾਬਾ ਸਾਹਿਬ ਜੀ ਦੀ 125ਵੀਂ ਜਨਮ ਸ਼ਤਾਬਦੀ ਸੰਬੰਧੀ ਗਠਿਤ ਕਮੇਟੀ ਦੇ ਪ੍ਰਧਾਨ ਸ੍ਰੀ ਇੰਦਰ ਇਕਬਾਲ ਸਿੰਘ ਅਟਵਾਲ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਸੰਭਾਲਣ ਦੇ ਨਾਲਨਾਲ ਬਾਬਾ ਸਾਹਿਬ ਦੇ ਜੀਵਨ ਤੇ ਦਰਸ਼ਨ ਸੰਬੰਧੀ ਕਈ ਨੁਕਤਿਆਂ ਨੂੰ ਸਾਂਝਾ ਕੀਤਾ।
ਇੰਦਰ ਕੁਮਾਰ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਡੀਨ, ਯੋਜਨਾ ਤੇ ਵਿਕਾਸ ਡਾ. ਐਨ.ਪੀ. ਸਿੰਘ ਨੇ ਆਏ ਹੋਏ ਸਮੂਹ ਮਹਿਮਾਨਾਂ ਦਾ ਸੁਆਗਤ ਕੀਤਾ ਅਤੇ ਵਿਦਿਆਰਥੀਆਂ ਨੂੰ ਬਾਬਾ ਸਾਹਿਬ ਦੇ ਜੀਵਨ ਤੇ ਸੰਘਰਸ਼ ਤੋਂ ਪ੍ਰੇਰਣਾ ਲੈਣ ਲਈ ਪ੍ਰੇਰਿਤ ਕੀਤਾ। ਮੰਚ ਸੰਚਾਲਨ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਕਮੇਟੀ ਦੇ ਕੋ-ਕੋਆਰਡੀਨੇਟਰ ਇੰਦਰ ਇਕਬਾਲ ਸਿੰਘ ਅਟਵਾਲ, ਸਾਬਕਾ ਵਿਧਾਇਕ ਅਤੇ ਯੂਨੀਵਰਸਿਟੀ ਦੇ ਡਿਪਟੀ ਲਾਇਬ੍ਰੇਰੀਅਨ ਮਧੂ ਮਿੱਡਾ ਵੱਲੋਂ ਨਿਭਾਈ ਗਈ। ਇਸ ਮੌਕੇ ਜਲੰਧਰ ਅਤੇ ਕਪੂਰਥਲਾ ਦੇ ਵੱਖਵੱਖ ਵਿੱਦਿਅਕ ਅਦਾਰਿਆਂ ਤੋਂ ਡਾਇਰੈਕਟਰ, ਪ੍ਰਿੰਸੀਪਲ, ਫੈਕਲਟੀ ਤੇ ਵਿਦਿਆਰਥੀ ਉਤਸ਼ਾਹ ਨਾਲ ਸ਼ਾਮਿਲ ਹੋਏ।