ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੁੰਗਰ ਪੱਤਰਕਾਰਾਂ ਨੂੰ ਸਬੰਧਨ ਕਰਦੋ ਹੋਏ। ਨਾਲ ਹੀ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ।
ਪਟਿਆਲਾ, 6 ਨਵੰਬਰ, 2016 : ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਬਸੰਮਤੀ ਨਾਲ ਚੁਣੇ ਗਏ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੁੰਗਰ ਨੇ ਐਲਾਨ ਕੀਤਾ ਹੈ ਕਿ ਸਰਬਤ ਖਾਲਸਾ ਸੱਦ ਰਹੀਆਂ ਪੰਥਕ ਧਿਰਾਂ ਨਾਲ ਤਾਲਮੇਲ ਕਰਕੇ ਆਪਸੀ ਮਤਭੇਦ ਦੂਰ ਕਰਨ ਦੇ ਯਤਨ ਕੀਤੇ ਜਾਣਗੇ। ਅੱਜ ਇਤਿਹਾਸਕ ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਦੋਂ ਬਾਅਦ ਪਲੇਠੀ ਪ੍ਰੈਸ ਕਾਨੰਫਰੰਸ ਨੂੰ ਸੰਬੋਧਨ ਕਰਦਿਆਂ ਪ੍ਰੋ. ਬਡੁੰਗਰ ਨੇ ਕਿਹਾ ਵਿਚਾਰਾਂ ਦੇ ਮਤਭੇਦ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚਲੇ ਆਏ ਹਨ। ਇਹ ਕੁਦਰਤ ਵੱਲੋਂ ਹੀ ਹੈ ਕਿ ਇੱਕ ਧਿਰ ਸੱਤਾਧਾਰੀ ਹੈ ਅਤੇ ਜਦੋਂ ਕਿ ਦੂਜੀ ਪ੍ਰਗਤੀਸ਼ੀਲ ਵਿਚਾਰਾਂ ਨਾਲ ਸਥਾਪਤ ਪ੍ਰਣਾਲੀ ਨੂੰ ਬਦਲਣ ਦੇ ਯਤਨ ਕਰਦੀ ਹੈ। ਉਹਨਾਂ ਕਿਹਾ ਕਿ ਪੰਥਕ ਧਿਰਾਂ ਜੋ ਸਰਬਤ ਖਾਲਸਾ ਸੱਦ ਰਹੀਆਂ ਹਨ ਉਹ ਵੀ ਸਿੱਖ ਸਮਾਜ ਦਾ ਹਿੱਸਾ ਹਨ ਪਰ ਵਿਚਾਰਕ ਮਤਭੇਦ ਹੋ ਸਕਦੇ ਹਨ। ਪ੍ਰਧਾਨ ਬਡੁੰਗਰ ਨੇ ਕਿਹਾ ਕਿ ਇਨਾਂ ਮਤਭੇਦਾਂ ਨੂੰ ਦੂਰ ਕਰਨ ਲਈ ਸਾਰੀਆਂ ਧਿਰਾਂ ਦਾ ਸਹਿਯੋਗ ਲੈ ਕੇ ਇਸ ਬਾਰੇ ਵਿਚਾਰ ਵਿਟਾਂਦਰਾ ਕੀਤਾ ਜਾਵੇਗਾ। ਉਹਨਾਂ ਆਪਣਾ ਇਹ ਪੱਖ ਸਰਬਤ ਖਾਲਸਾ ਵੱਲੋਂ ਥਾਪੇ ਗਏ ਪੰਜ ਤਖਤਾਂ ਦੇ ਜਥੇਦਾਰਾਂ ਨੂੰ ਮਾਨਤਾ ਦੇਣ ਬਾਰੇ ਸਵਾਲ ਦੇ ਜਵਾਬ ਵਿਚ ਰੱਖਿਆ।
ਪੰਜਾਬ ਵਿਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਬਾਰੇ ਹੋਈਆਂ ਘਟਨਾਵਾਂ ਸਬੰਧੀ ਕੀਤੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਪ੍ਰੋ. ਬਡੂੰਗਰ ਨੇ ਕਿਹਾ ਬੇਅਦਬੀ ਦੀਆਂ ਘਟਨਾਵਾਂ ਬਹੁਤ ਹੀ ਮੰਦਭਾਗੀਆਂ ਹਨ ਅਤੇ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੰਗਤ ਦਾ ਭਰਪੂਰ ਸਹਿਯੋਗ ਲਿਆ ਜਾਵੇਗਾ ਅਤੇ ਗੁਰਦੁਆਰਾ ਪ੍ਰੰਬਧਕ ਕਮੇਟੀਆਂ ਦਾ ਵਿਸ਼ੇਸ਼ ਸਹਿਯੋਗ ਲਿਆ ਜਾਵੇਗਾ। ਨਾਨਕਸ਼ਾਹੀ ਕਲੰਡਰ ਮੁੜ ਤੋਂ ਲਾਗੂ ਕੀਤੇ ਜਾਣ ਬਾਰੇ ਸਵਾਲ ਦੇ ਜਵਾਬ ਵਿਚ ਪ੍ਰੋ. ਬਡੂੰਗਰ ਨੇ ਕਿਹਾ ਕਿ ਨਾਨਕਸ਼ਾਹੀ ਕਲੰਡਰ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਅਨੁਸਾਰ ਪੰਜ ਸਿੰਘ ਸਹਿਬਾਨ ਵੱਲੋਂ ਮਾਹਰਾਂ ਵਿਦਵਾਨਾਂ ਦੀ ਰਾਏ ਨਾਲ ਤਿਅਰ ਕਰਵਾਇਆ ਗਿਆ ਸੀ, ਉਹਨਾਂ ਕਿਹਾ ਕਿ ਸਮੇਂ ਦੇ ਨਾਲ ਤਬਦੀਲੀਆਂ ਕੁਦਰਤ ਦਾ ਨਿਯਮ ਹਨ। ਇਸ ਮਾਮਲੇ ਵਿਚ ਤਬਦੀਲੀ ਹੋ ਗਈ ਹੈ। ਉਹਨਾਂ ਕਿਹਾ ਕਿ ਹੁਣ ਜੇਕਰ ਭਵਿੱਖ ਵਿਚ ਸੰਗਤ ਵੱਲੋਂ ਅਜਿਹੀ ਭਾਵਨਾਵਾ ਪ੍ਰਗਟ ਕੀਤੀ ਗਈ ਤਾਂ ਉਹ ਹਲਾਤ ਵਿਚਾਰਦਿਆਂ ਉਸ ਦੀ ਸਮੀਖਿਆ ਕੀਤੀ ਜਾਵੇਗੀ। ਬੀਬੀ ਰਾਜਿੰਦਰ ਕੌਰ ਭੱਠਲ ਸਮੇਤ ਕੁਝ ਧਿਰਾਂ ਵੱਲੋਂ ਸ਼੍ਰੋਮਣੀ ਕਮੇਟੀ ਪ੍ਰਧਾਨ ਨਿਯੁਕਤੀ ਪਰਚੀ ਰਾਹੀਂ ਕੀਤੀ ਜਾਣ ਬਾਰੇ ਸਵਾਲ ਦੇ ਜਵਾਬ ਵਿਚ ਪ੍ਰੋ. ਬੰਡੂਗਰ ਨੇ ਕਿਹਾ ਕਿ ਕਾਂਗਰਸ ਆਮ ਆਦਮੀ ਪਾਰਟੀ ਅਤੇ ਦਿੱਲੀ ਅਧਾਰਤ ਹੋਰ ਪਾਰਟੀਆਂ ਵੱਲੋਂ ਜੇਕਰ ਕਿਸੇ ਨੇ ਛੋਟੀ ਜਿਹੀ ਚੋਣ ਲੜਨੀ ਹੋਵੇ ਤਾਂ ਵੀ ਫੈਸਲਾ ਦਿੱਲੀ ਹਾਈਕਮਾਂਡ ਕਰਦੀ ਹੈ, ਜਦੋਂ ਕਿ ਦੂਜੇ ਪਾਸੇ ਸੰਤ ਫਤਿਹ ਸਿੰਘ ਦੇ ਸਮੇਂ ਤੋਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਨ ਲਈ ਹਮੇਸ਼ਾਂ ਆਮ ਇਜਲਾਸ ਵਿਚ ਵਿਚਾਰ ਵਿਟਾਂਦਰਾ ਕਰਕੇ ਚੋਣ ਹੁੰਦੀ ਰਹੀ ਹੈ।ਰਾਜੋਆਣਾ ਦੇ ਸਵਾਲ ਬਾਰੇ ਕਿਹਾ ਕਿ ਇਸ ਮਸਲੇ ਦੀ ਸਮੀਖਿਆ ਰੱਲ ਕੇ ਕੀਤੀ ਜਾਵੇ ਗੀ ।ਇਕ ਹੋਰ ਜਵਾਬ ਚ ਕਿਹਾ ਕਿ ਧਰਮ ਤੇ ਰਾਜਨੀਤੀ ਨੂੰ ਅਲੱਗ ਨਹੀਂ ਕੀਤਾ ਜਾ ਸਕਦਾ ਧਰਮ ਤੋਂ ਸੇਧ ਮਿਲਦੀ ਹੈ।
ਇਸ ਮਾਮਲੇ ਵਿਚ ਤਿੱਖਾ ਪ੍ਰਤੀਕ੍ਰਮ ਲੈਂਦਿਆਂ ਮੈਂਬਰ ਪਾਰਲੀਮੈਂਟ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ 1920 ਸ਼੍ਰੋਮਣੀ ਕਮੇਟੀ ਨੂੰ ਹੋਂਦ ਵਿਚ ਲਿਆਉਣ ਤੋਂ ਲੈ ਕੇ ਹੁਣ ਤੱਕ ਹਰ ਸੰਘਰਸ਼ ਅਕਾਲੀ ਦਲ ਨੇ ਅੱਗੇ ਹੋ ਕੇ ਲੜਿਆ ਹੈ ਅਤੇ ਸੀਨੇ 'ਤੇ ਗੋਲੀਆਂ ਵੀ ਖਾਧੀਆਂ ਹਨ। ਜਦੋਂ ਗੋਲੀਆਂ ਖਾਣ ਦੀ ਵਾਰੀ ਆਉਂਦੀ ਹੈ ਤਾਂ ਅਕਾਲੀ ਦਲ ਅੱਗੇ ਹੁੰਦਾ ਹੈ ਅਤੇ ਆਲੋਚਨਾ ਕਰਨ ਵਾਲੀਆਂ ਧਿਰਾਂ ਗਾਇਬ ਹੋ ਜਾਂਦੀਆਂ ਹਨ। ਇਸ ਲਈ ਇਨਾਂ ਦਾ ਆਲੋਚਨਾ ਕਰਨ ਦਾ ਕੋਈ ਅਧਿਕਾਰ ਨਹੀਂ ਬਣਦਾ ਇਹ ਜਵਾਬ ਬੀਬੀ ਬੱਠਲ ਦੀ ਨੁਕਤਾ ਚੀਨੀ ਦੇ ਉੱਤਰ ਵਿਚ ਸੀ।