ਚੰਡੀਗੜ੍ਹ, 19 ਅਕਤੂਬਰ, 2016 : ਪੰਜਾਬ ਦੇ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਇੱਥੋਂ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬਿਆਨਬਾਜ਼ੀ ਕਰਕੇ ਭੱਜ ਜਾਣ ਦੇ ਦਿਨ ਬੀਤ ਗਏ ਹਨ ਅਤੇ ਉਹ ਜਲਦ ਹੀ ਜੇਲ੍ਹ ਵਿਚ ਹੋਵੇਗਾ ਕਿਉਂ ਕਿ ਉਸ ਨੇ ਹੁਣ ਸੀਨੀਅਰ ਨੇਤਾ ਅਤੇ ਹੋਰਾਂ ਖਿਲਾਫ ਅਪਰਾਧਿਕ ਮਾਣਹਾਨੀ ਕੀਤੀ ਹੈ।
ਦਿੱਲੀ ਹਾਈ ਕੋਰਟ ਵੱਲੋਂ ਦਿੱਤੇ ਹੁਕਮਾਂ ਦਾ ਹਵਾਲਾ ਦਿੰਦਿਆਂ, ਜਿਨ੍ਹਾਂ ਵਿਚ ਕੇਜਰੀਵਾਲ ਨੂੰ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਵਿਰੁੱਧ ਕੀਤੀ ਗਈ ਅਪਰਾਧਿਕ ਮਾਣਹਾਨੀ ਮਾਮਲੇ ਵਿਚ ਸਟੇਅ ਦੇਣ ਤੋਂ ਮਨ੍ਹਾਂ ਕਰ ਦਿੱਤਾ ਗਿਆ ਹੈ, ਸਬੰਧੀ ਅਕਾਲੀ ਆਗੂ ਨੇ ਕਿਹਾ ਕਿ 'ਪਾਪ ਪਾਰਟੀ ਆਗੂ' ਵੱਲੋਂ ਜਾਣਬੁੱਝ ਕੇ ਅਦਾਲਤੀ ਮਾਮਲਿਆਂ ਨੂੰ ਲਟਕਾਉਣ ਦੀਆਂ ਚਾਲਾਂ ਦਾ ਹੁਣ ਸ਼ਰੇਆਮ ਪਰਦਾਫਾਸ਼ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਨੂੰ ਹੁਣ ਉਸ ਵੱਲੋਂ ਦੁਰਭਾਵਨਾ ਤੇ ਗਲਤ ਸ਼ਬਦਾਂ ਵਿਚ ਦਿੱਤੇ ਗਏ ਸਾਰੇ ਬਿਆਨਾਂ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ ਜੋ ਕਿ ਉਸ ਨੇ ਆਪਣੇ ਸਿਆਸੀ ਵਿਰੋਧੀਆਂ ਦੀ ਸ਼ਾਨ ਤੇ ਸ਼ਾਖ ਨੂੰ ਤਾਰੋਪੀਡ ਕਰਨ ਲਈ ਦਿੱਤੇ ਹਨ।
ਸ. ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਅਸਲ ਵਿਚ ਪੇਸ਼ੇਵਰ ਝੂਠਾ ਅਤੇ ਲੋਕਾਂ ਨੂੰ ਧੋਖਾ ਦੇਣ ਵਾਲਾ ਆਗੂ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ ਅਦਾਲਤੀ ਮਾਮਲਿਆਂ ਨੂੰ ਜਾਣਬੁੱਝ ਕੇ ਲਟਕਾਉਣ ਦੀਆਂ ਚਾਲਾਂ ਦੇ ਬਾਵਜੂਦ ਕਾਨੂੰਨ ਦੇ ਲੰਬੇ ਹੱਥਾਂ ਨੇ ਉਸਨੇ ਆਖਿਰ ਕਾਬੂ ਕਰ ਹੀ ਲਿਆ ਹੈ। ਅਕਾਲੀ ਆਗੂ ਨੇ ਅੱਗੇ ਕਿਹਾ ਕਿ ਕੇਜਰੀਵਾਲ ਵੱਲੋਂ ਸ੍ਰੀ ਜੇਤਲੀ ਖਿਲਾਫ ਜਾਣਬੁੱਝ ਕੇ ਲਾਏ ਗਏ ਦੋਸ਼ਾਂ ਸਬੰਧੀ ਉਹ ਕੋਈ ਵੀ ਤੱਥ ਤੇ ਸਬੂਤ ਪੇਸ਼ ਨਹੀਂ ਕਰ ਸਕਿਆ ਹੈ ਅਤੇ ਇਸ ਗੱਲ ਤੋਂ ਇਹ ਸਪੱਸ਼ਟ ਰੂਪ ਵਿਚ ਸਿੱਧ ਹੋ ਜਾਂਦੀ ਹੈ ਕਿ ਕੇਜਰੀਵਾਲ ਸਿਰਫ ਮਾਣਹਾਨੀ ਕਰਨ ਵਿਚ ਯਕੀਨ ਰੱਖਦਾ ਹੈ ਅਤੇ ਉਸ ਵਿਚ ਆਪਣੇ ਕਹੇ ਸ਼ਬਦਾਂ 'ਤੇ ਖੜ੍ਹੇ ਰਹਿਣ ਦੀ ਵੀ ਹਿੰਮਤ ਨਹੀਂ ਹੈ। ਉਨ੍ਹਾਂ ਕਿਹਾ ਕਿ ਇੱਥੇ ਹੀ ਬਸ ਨਹੀਂ ਬਲਕਿ ਕੇਜਰੀਵਾਲ ਨੇ ਤਾਂ ਕਾਨੂੰਨ ਨੂੰ ਵੀ ਲੀਹੋਂ ਲਾਹੁਣ ਦੀ ਕੋਸ਼ਿਸ਼ ਕੀਤੀ ਅਤੇ ਚੱਲ ਰਹੇ ਮਾਮਲੇ ਵਿਚ ਸਟੇਅ ਲੈਣ ਦਾ ਯਤਨ ਕੀਤਾ। ਉਨ੍ਹਾਂ ਕਿਹਾ ਕਿ ਕੇਜਰੀਵਾਲ ਕਾਨੂੰਨ ਤੋਂ ਭੱਜ ਤਾਂ ਸਕਦਾ ਹੈ ਪਰ ਬਚ ਨਹੀਂ ਸਕਦਾ। ਸ. ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਨੂੰ ਦਿੱਲੀ ਅਤੇ ਪੰਜਾਬ ਵਿਚ ਕੀਤੇ ਅਪਰਾਧਿਕ ਕਾਰਿਆਂ ਲਈ ਜੇਲ੍ਹ ਦੀ ਹਵਾ ਤਾਂ ਖਾਣੀ ਹੀ ਪਵੇਗੀ ਅਤੇ ਅਦਾਲਤੀ ਮਾਮਲਿਆਂ ਵਿਚੋਂ ਉਹ ਬਚ ਨਹੀਂ ਸਕਦਾ।