ਚੰਡੀਗੜ੍ਹ, 29 ਅਕਤੂਬਰ, 2016 : ਸਾਰੇ ਖਰੀਦਦਾਰ ਕਤਾਰ 'ਚ ਖਲੋ ਜਾਵੋ। ਕਾਂਗਰਸ ਅਤੇ ਆਪ ਪਹਿਲਾਂ ਹੀ ਬੋਲੀ ਸ਼ੁਰੂ ਕਰ ਚੁੱਕੀਆਂ ਹਨ। ਆਪਣਾ ਪੰਜਾਬ ਪਾਰਟੀ ਕਿਸੇ ਸਮੇਂ ਵੀ ਬੋਲੀ 'ਚ ਸ਼ਾਮਿਲ ਹੋ ਸਕਦੀ ਹੈ। ਬਾਕੀ ਬਚਦੀਆਂ ਪਾਰਟੀਆਂ, ਜਿਹੜੀਆਂ ਵਿਧਾਨ ਸਭਾ ਚੋਣਾਂ ਲੜ ਰਹੀਆਂ ਹਨ, ਵੀ ਬੋਲੀ ਦੇ ਸਕਦੀਆਂ ਹਨ।
ਇਹ ਸ਼ਬਦ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਜਨਰਲ ਸਕੱਤਰ ਸ਼ ਮਨਜਿੰਦਰ ਸਿੰਘ ਸਿਰਸਾ ਨੇ ਮੌਜੂਦਾ ਸਮੇਂ ਪੰਜਾਬ ਦੀਆਂ ਸਿਆਸੀ ਪਾਰਟੀਆਂ ਅੰਦਰ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਵੱਲ ਖਿੱਚਣ ਲਈ ਲੱਗੀ ਹੋੜ੍ਹ ਬਾਰੇ ਟਿੱਪਣੀ ਕਰਦਿਆਂ ਕਹੇ।
ਉਹਨਾਂ ਕਿਹਾ ਕਿ ਘੱਟੋ ਘੱਟ ਸਵੀਕਾਰਯੋਗ ਬੋਲੀ ਸ਼ ਸਿੱਧੂ ਦੀ ਪਤਨੀ ਲਈ ਉਪ ਮੁੱਖ ਮੰਤਰੀ ਦਾ ਅਹੁਦਾ ਅਤੇ ਖੁਦ ਸਿੱਧੂ ਵਾਸਤੇ ਕੋਈ ਅਹਿਮ ਭੂਮਿਕਾ ਹੈ। ਸਿੱਧੂ ਦੀਆਂ ਮੰਗਾਂ ਨੂੰ ਵੇਖ ਕੇ ਪੰਜਾਬੀ ਦੀ ਕਹਾਵਤ 'ਕੁੜੀ ਪੇਟ, ਦਾਣੇ ਖੇਤ, ਆ ਜਵਾਈਆ ਮੰਡੇ ਖਾ ਲੈ' ਯਾਦ ਆਉਂਦੀ ਹੈ ਕਿ ਪੰਜਾਬ ਵਿਚ ਅਜੇ ਚੋਣਾਂ ਦੀ ਤਾਰੀਕ ਦਾ ਵੀ ਐਲਾਨ ਨਹੀਂ ਹੋਇਆ ਕਿ ਸਿੱਧੂ ਜੋੜੀ ਆਪਣੇ ਵਾਸਤੇ ਮੰਤਰੀ ਪਦ ਛਾਂਟਣ ਵਿਚ ਜੁਟ ਗਈ ਹੈ।
ਸ਼ ਸਿਰਸਾ ਨੇ ਕਿਹਾ ਕਿ ਸਿਆਸੀ ਸੌਦੇਬਾਜ਼ੀ ਕਰਦੇ ਸਮੇਂ ਸਿੱਧੂ ਦੇ ਸਭ ਕੁੱਝ ਖੁਦ ਹੜੱਪਣ ਦੇ ਲਾਲਚ ਤੋਂ ਦੁਖੀ ਹੋ ਕੇ ਬੈਂਸ ਭਰਾਵਾਂ ਨੇ ਆਪਣੀ ਵੱਖਰੀ ਸਿਆਸੀ ਪਾਰਟੀ ਬਣਾ ਲਈ ਹੈ। ਜਦਕਿ ਉਲੰਪੀਅਨ ਪਰਗਟ ਸਿੰਘ ਨੇ ਅਜ਼ਾਦ ਤੌਰ 'ਤੇ ਸੀਟ ਜਿੱਤਣ ਦਾ ਮਨ ਬਣਾ ਲਿਆ ਹੈ।
ਉਹਨਾਂ ਕਿਹਾ ਕਿ ਸਿੱਧੂ ਦੀ ਕਿਸੇ ਪ੍ਰੋਗਰਾਮ ਜਾਂ ਵਿਚਾਰਧਾਰਾ ਵਿਚ ਕੋਈ ਦਿਲਚਸਪੀ ਨਹੀਂ ਹੈ। ਉਸ ਦੀਆਂ ਸਿਆਸੀ ਕਲਾਬਾਜ਼ੀਆਂ ਨੇ ਉਸ ਦੀ ਹਾਲਤ ਬਦ ਤੋਂ ਬਦਤਰ ਬਣਾ ਦਿੱਤੀ ਹੈ। ਹੁਣ ਹਾਲਤ ਇਹ ਹੈ ਕਿ ਟੀਵੀ ਉੱਤੇ ਕਾਮੇਡੀ ਸ਼ੋਅ ਚਲਾਉਣ ਵਾਲਾ ਵਿਅਕਤੀ ਖੁਦ ਇੱਕ ਤਮਾਸ਼ਾ ਬਣ ਕੇ ਰਹਿ ਗਿਆ ਹੈ।