ਜਲੰਧਰ, 21 ਅਕਤੂਬਰ, 2016 : ਆਈ.ਕੇ ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵਿਖੇ ਸ਼ੁਕਰਵਾਰ 21 ਅਕਤੂਬਰ ਨੂੰ ਹੋਣ ਜਾ ਰਹੇ ਰਾਸ਼ਟਰੀ ਸੈਮੀਨਾਰ ਵਿਚ ਨਾਮਵਰ ਚਿੰਤਕ, ਵਿਚਾਰਕ ਤੇ ਬੁਧੀਜੀਵੀ ਪਹੁੰਚ ਰਹੇ ਹਨ! ਵੀਰਵਾਰ ਨੂੰ ਯੂਨੀਵਰਸਿਟੀ ਆਯੋਜਕ ਮੰਡਲ ਅਤੇ ਪੰਜਾਬ ਸਰਕਾਰ ਵੱਲੋਂ ਗਠਿਤ ਕੀਤੀ ਗਈ ਕਮੇਟੀ ਵੱਲੋਂ ਸਾਂਝੇ ਤੌਰ ਤੇ ਤਿਆਰੀਆਂ ਦਾ ਜਾਇਜਾ ਲੈਣ ਦੇ ਨਾਲ-ਨਾਲ ਸੈਮੀਨਾਰ ਵਿਚ ਪਹੁੰਚ ਰਹੀਆਂ ਹਸਤੀਆਂ ਬਾਰੇ ਬਿਉਰਾ ਸਾਂਝਾ ਕੀਤਾ ਗਿਆ!
ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਸਰਕਾਰ ਦੀ ਕਮੇਟੀ ਦੇ ਕੋ-ਕੋਆਰਡੀਨੇਟਰ ਇੰਦਰ ਇਕਬਾਲ ਸਿੰਘ ਅਟਵਾਲ, ਸਾਬਕਾ ਵਿਧਾਇਕ ਨੇ ਦੱਸਿਆ ਕਿ ਸੈਮੀਨਾਰ ਵਿੱਚ ਪਹੁੰਚ ਰਹੇ ਪ੍ਰਮੁੱਖ ਬੁਲਾਰਿਆ ਵਿੱਚ ਕੌਮੀ ਅੰਕੜਾ ਕਮਿਸ਼ਨ ਦੇ ਚੈਅਰਮੈਨ ਆਰ.ਬੀ. ਬਰਮਨ, ਮਹਾਂਰਾਸ਼ਟਰ ਐਸ.ਸੀ./ਐਸ.ਟੀ. ਕਮਿਸ਼ਨ ਦੇ ਚੇਅਰਮੈਨ ਜਸਟਿਸ ਸੀ.ਐਲ. ਥੂਲ, ਕੌਮੀ ਲਘੂ ਉਦਯੋਗ ਕਾਰਪੋਰੇਸ਼ਨ ਦੇ ਯੋਜਨਾ ਤੇ ਮਾਰਕੀਟਿੰਗ ਡਾਇਰੈਕਟਰ ਸ੍ਰੀ ਉਦੈ ਕੁਮਾਰ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਹਾਇਕ ਪ੍ਰੋਫੈਸਰ ਡਾ. ਸਰਬਜੀਤ ਸਿੰਘ, ਖਾਦੀ ਤੇ ਗ੍ਰਾਮੀਣ ਉਦਯੋਗ ਕਮਿਸ਼ਨ ਮਹਾਂਰਾਸ਼ਟਰ ਦੇ ਡਾਇਰੈਕਟਰ ਐਮ.ਟੀ. ਵਕੌੜੇ ਸ਼ਾਮਿਲ ਹਨ। ਇਹ ਸਮਾਰੋਹ ਪੂਰੀ ਤਰ੍ਹਾਂ ਬਾਬਾ ਸਾਹਿਬ ਦੇ ਜੀਵਨ ਦਰਸ਼ਨ, ਉਨ੍ਹਾਂ ਦੇ ਆਰਥਿਕ ਵਿਕਾਸ ਦੇ ਦਰਸ਼ਨ ਤੇ ਵਿਕਾਸ ਵਿਚ ਉਨ੍ਹਾਂ ਦੀ ਹਿੱਸੇਦਾਰੀ ਅਤੇ ਅਕਾਦਮਿਕ ਪਹਿਲੂਆਂ ਉਪਰ ਆਧਾਰਿਤ ਹੈ।
ਇਸ ਸਮਾਰੋਹ ਦਾ ਕੁੰਜੀਵਤ ਭਾਸ਼ਣ ਵਿਧਾਨ ਸਭਾ ਦੇ ਸਪੀਕਰ ਮਾਣਯੋਗ ਡਾ. ਚਰਨਜੀਤ ਸਿੰਘ ਅਟਵਾਲ ਜੀ ਵੱਲੋਂ ਦਿੱਤਾ ਜਾਵੇਗਾ। ਡਾ. ਅਟਵਾਲ ਪੰਜਾਬ ਵਿਧਾਨ ਸਭਾ ਲਈ ਦਾਖਾ ਤੋਂ 1977 ਵਿਚ ਪਹਿਲੀ ਵਾਰ ਮੈਂਬਰ ਚੁਣੇ ਗਏ। ਇਸ ਤੋਂ ਬਾਅਦ ਉਹ ਅੱਠਵੀਂ ਲੋਕ ਸਭਾ ਲਈ ਰੋਪੜ ਤੋਂ ਮੈਂਬਰ ਚੁਣੇ ਗਏ। ਇਸ ਉਪਰੰਤ ਆਪ 1997 ਵਿਚ ਫਿਰ ਕੁੰਮ ਕਲਾਂ ਵਿਧਾਨ ਸਭਾ ਹਲਕੇ ਤੋਂ ਮੈਂਬਰ ਚੁਣੇ ਗਏ ਅਤੇ ਉਨ੍ਹਾਂ ਨੂੰ ਸਰਬਸੰਮਤੀ ਨਾਲ ਪੰਜਾਬ ਵਿਧਾਨ ਸਭਾ ਦਾ ਸਪੀਕਰ ਚੁਣ ਲਿਆ ਗਿਆ। ਇਸੇ ਤਰ੍ਹਾਂ ਉਨ੍ਹਾਂ ਨੂੰ 2004 ਵਿਚ ਫਿਲੌਰ ਲੋਕ ਸਭਾ ਹਲਕੇ ਤੋਂ 14ਵੀਂ ਲੋਕ ਸਭਾ ਲਈ ਮੁੜ ਚੁਣ ਲਿਆ ਗਿਆ। ਇਸ ਸਮੇਂ ਆਪ ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਹਨ। ਆਪ ਜੀ ਨੂੰ ਗ੍ਰਾਮੀਣ ਪ੍ਰਾਇਮਰੀ ਸਿੱਖਿਆ ਦੇ ਖੇਤਰ ਵਿਚ ਪਾਏ ਯੋਗਦਾਨ ਸਦਕਾ ਬਰਤਾਨਵੀ ਪਾਰਲੀਮੈਂਟ ਦੇ ਹਾਊਸ ਆਫ ਲੌਰਡਜ਼ ਵੱਲੋਂ ਨਵੰਬਰ 2012 ਵਿਚ 'ਦਾ ਏਸ਼ੀਅਨ ਗਿਲਡ ਸਪੈਸ਼ਲ ਇੰਟਰਨੈਸ਼ਨਲ ਐਵਾਰਡ 2012' ਨਾਲ ਨਿਵਾਜਿਆ ਗਿਆ ਹੈ।
ਇਸ ਮੌਕੇ ਮੌਜੂਦ ਪੰਜਾਬ ਐਸ.ਸੀ/ਐਸ.ਟੀ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ ਨੇ ਦੱਸਿਆ ਕਿ ਸੈਮੀਨਾਰ ਵਿੱਚ ਪਹੁੰਚ ਰਹੇ ਪ੍ਰਮੁੱਖ ਬੁਲਾਰਿਆ ਵਿਚ ਕੌਮੀ ਅੰਕੜਾ ਕਮਿਸ਼ਨ ਦੇ ਚੈਅਰਮੈਨ ਸ੍ਰੀ ਆਰ.ਬੀ. ਬਰਮਨ ਵੀ ਸ਼ਾਮਿਲ ਹਨ। ਸ੍ਰੀ ਬਰਮਨ ਭਾਰਤੀ ਰਿਜ਼ਰਵ ਬੈਂਕ ਦੇ ਸਾਬਕਾ ਕਾਰਜਕਾਰੀ ਡਾਇਰੈਕਟਰ ਰਹੇ ਹਨ। ਉਨ੍ਹਾਂ ਨੇ ਆਪਣੀ ਮਾਸਟਰ ਡਿਗਰੀ ਸਟੈਟਿਸਟਿਕਸ (ਅੰਕੜਾ ਵਿਗਿਆਨ) ਵਿਚ ਅਤੇ ਆਈ.ਆਈ.ਟੀ. ਬੌਂਬੇ ਤੋਂ ਪੀਐਚ.ਡੀ. ਦੀ ਉਪਾਧੀ ਅਰਥਸ਼ਾਸਤਰ ਵਿਚ ਗ੍ਰਹਿਣ ਕੀਤੀ। ਆਪ ਸੈਂਟਰਲ ਬੈਂਕ ਸਟੈਟਿਸਟਿਕਸ ਮੀਤ ਪ੍ਰਧਾਨ, ਬੈਂਕ ਫਾਰ ਇੰਟਰਨੈਸ਼ਨਲ ਸੈਟਲਮੈਂਟਸ ਅਤੇ ਇੰਟਰਨੈਸ਼ਨਲ ਡੈਟਾ ਫੋਰਮ ਦੇ ਮੈਂਬਰ ਰਹੇ ਹਨ। ਆਪ ਸੀ.ਆਰ.ਰਾਓ ਇੰਸਟੀਚਿਊਟ ਫਾਰ ਮੈਥੇਮੈਟਿਕਸ, ਸਟੈਟਿਸਟਿਕਸ ਤੇ ਕੰਪਿਊਟਰ ਸਾਇੰਸ ਹੈਦਰਾਬਾਦ ਦੇ ਫੈਕਲਟੀ ਹਨ। ਅੱਜ ਕੱਲ੍ਹ ਆਪ ਕੌਮੀ ਅੰਕੜਾ ਕਮਿਸ਼ਨ ਦੇ ਚੈਅਰਮੈਨ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।
ਦੂਜੇ ਬੁਲਾਰੇ ਜਸਟਿਸ ਸੀ.ਐਲ. ਥੂਲ ਚੇਅਰਮੈਨ, ਮਹਾਂਰਾਸ਼ਟਰ ਐਸ.ਸੀ./ਐਸ.ਟੀ. ਕਮਿਸ਼ਨ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਹਜ਼ਾਰਾਂ ਕੇਸਾਂ ਦੇ ਤੁਰੰਤ ਨਿਪਟਾਰੇ ਕਰਨ ਵਿਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਆਪ ਜੀ ਦੀ ਸਲਾਹ ਤੇ ਮਹਾਰਾਸ਼ਟਰ ਸਰਕਾਰ ਨੇ ਮਹਾਰਾਸ਼ਟਰ ਦੀਆਂ ਅੱਠ ਰੈਵੀਨਿਊ ਡਿਵੀਜ਼ਨਾਂ ਵਿਚ ਅੱਠ ਸਪੀਡੀ ਟਰਾਇਲ ਕੋਰਟ ਸਥਾਪਿਤ ਕੀਤੇ ਹਨ। ਉਨ੍ਹਾਂ ਦੇ ਇਸ ਉਪਰਾਲੇ ਨਾਲ ਲੋਕਾਂ ਨੂੰ ਜਲਦੀ ਨਿਆਂ ਮਿਲਣਾ ਯਕੀਨੀ ਹੋ ਗਿਆ ਹੈ।
ਡਾ. ਸਰਬਜੀਤ ਸਿੰਘ ਪੰਜਾਬੀ ਦੇ ਮੰਨੇਪ੍ਰਮੰਨੇ ਵਿਦਵਾਨ ਤੇ ਚਿੰਤਕ ਹਨ। ਉਨ੍ਹਾਂ ਨੂੰ ਲੰਮਾ ਅਧਿਆਪਨ ਤਜ਼ਰਬਾ ਹਾਸਿਲ ਹੈ। ਆਪ ਸਰਕਾਰੀ ਕਾਲਜ ਚੰਡੀਗੜ੍ਹ ਵਿੱਚ ਲੰਮਾ ਸਮਾਂ ਅਧਿਆਪਨ ਕਾਰਜ ਨਾਲ ਜੁੜੇ ਰਹਿਣ ਤੋਂ ਬਾਅਦ ਹੁਣ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੰਜਾਬੀ ਵਿਸ਼ੇ ਵਿੱਚ ਸਹਾਇਕ ਪ੍ਰੋਫੈਸਰ ਵਜੋਂ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਨੇ ਅਧਿਆਪਨ ਦੇ ਨਾਲਨਾਲ ਪੰਜਾਬੀ ਸਮੀਖਿਆ ਤੇ ਚਿੰਤਨ ਵਿਚ ਵੀ ਆਪਣੀ ਭਰਵੀਂ ਹਾਜ਼ਰੀ ਲਵਾਈ ਹੈ।
ਸ੍ਰੀ ਐਮ.ਟੀ. ਵਾਕੋੜੇ ਖਾਦੀ ਤੇ ਗ੍ਰਾਮੀਣ ਉਦਯੋਗ ਕਮਿਸ਼ਨ ਮਹਾਰਾਸ਼ਟਰ ਦੇ ਡਾਇਰੈਕਟਰ ਹਨ। ਆਪ ਨੇ ਆਪਣੇ ਕਾਰਜਕਾਲ ਦੌਰਾਨ ਗ੍ਰਾਮੀਣ ਉਦਯੋਗ ਨੂੰ ਉਤਸ਼ਾਹਿਤ ਕਰਨ ਵਿਚ ਆਪਣੀ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਆਪ ਜੀ ਦੀ ਸੁਯੋਗ ਅਗਵਾਈ ਵਿੱਚ ਖਾਦੀ ਤੇ ਗ੍ਰਾਮੀਣ ਉਦਯੋਗ ਕਮਿਸ਼ਨ ਖਾਦੀ ਉਤਪਾਦਨਾਂ ਨੂੰ ਉਤਸ਼ਾਹਿਤ ਕਰਨ ਦੇ ਨਾਲਨਾਲ ਗ੍ਰਾਮੀਣ ਖੇਤਰਾਂ ਵਿਚ ਇਸ ਦੀਆਂ ਆਰਥਿਕ ਸੰਭਾਵਨਾਵਾਂ ਦੇ ਖੇਤਰ ਵਿਚ ਵੀ ਕਾਰਜ ਕਰ ਰਹੀ ਹੈ। ਇਸ ਉੱਦਮ ਨਾਲ ਜਿੱਥੇ ਇਕ ਪਾਸੇ ਸਾਡੇ ਸਵਦੇਸ਼ੀ ਉਤਪਾਦਨਾਂ ਨੂੰ ਉਤਸ਼ਾਹ ਮਿਲ ਰਿਹਾ ਹੈ ਉਥੇ ਦੂਜੇ ਪਾਸੇ ਗ੍ਰਾਮੀਣ ਖੇਤਰਾਂ ਵਿਚ ਰੋਜ਼ਗਾਰ ਦੀਆਂ ਅਥਾਹ ਸੰਭਾਵਨਾਵਾਂ ਵੀ ਪੈਦਾ ਹੋ ਰਹੀਆਂ ਹਨ।
ਸ੍ਰੀ ਉਦੈ ਕੁਮਾਰ, ਕੌਮੀ ਲਘੂ ਉਦਯੋਗ ਕਾਰਪੋਰੇਸ਼ਨ ਦੇ ਯੋਜਨਾ ਤੇ ਮਾਰਕੀਟਿੰਗ ਡਾਇਰੈਕਟਰ ਹਨ। ਆਪ ਜੀ ਦੀ ਅਗਵਾਈ ਵਿਚ ਕੌਮੀ ਲਘੂ ਉਦਯੋਗ ਕਾਰਪੋਰੇਸ਼ਨ ਦੇਸ਼ ਦੇ ਲਘੂ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਤੇ ਉਨ੍ਹਾਂ ਨੂੰ ਆਰਥਿਕ ਸਹਾਇਤਾ ਉਪਲਬਧ ਕਰਾਉਣ ਦਾ ਉਪਰਾਲਾ ਕਰ ਰਿਹਾ ਹੈ। ਆਪ ਜੀ ਦਾ ਇਹ ਦ੍ਰਿੜ ਵਿਸ਼ਵਾਸ ਹੈ ਕਿ ਦੇਸ਼ ਦਾ ਲਘੂ ਉਦਯੋਗ ਦੇਸ਼ ਦੇ ਵੱਡੇ ਆਰਥਿਕ ਵਿਕਾਸ ਵਿਚ ਆਪਣੀ ਨਿੱਗਰ ਭੂਮਿਕਾ ਨਿਭਾਉਣ ਦੇ ਸਮਰੱਥ ਹੈ।
ਇੱਥੇ ਇਹ ਜ਼ਿਕਰਯੋਗ ਹੈ ਕਿ ਇਹ ਸਾਰੀਆਂ ਮੰਨੀਆਂਪ੍ਰਮੰਨੀਆਂ ਹਸਤੀਆਂ ਇਸ ਸਮਾਰੋਹ ਵਿਚ ਡਾ. ਬੀ.ਆਰ. ਅੰਬੇਦਕਰ ਜੀ ਦੀ ਦੇਸ਼ ਦੇ ਆਰਥਿਕ ਵਿਕਾਸ ਸੰਬੰਧੀ ਦ੍ਰਿਸ਼ਟੀ ਬਾਰੇ ਆਪਣੇ ਬਹੁਮੁੱਲੇ ਵਿਚਾਰ ਪੇਸ਼ ਕਰਨਗੀਆਂ। ਇਹ ਸਾਰੀਆਂ ਹਸਤੀਆਂ ਕਿਸੇ ਨਾ ਕਿਸੇ ਰੂਪ ਵਿਚ ਡਾ. ਬੀ.ਆਰ. ਅੰਬੇਦਕਰ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਉਨ੍ਹਾਂ ਦੀ ਵਿਉਂਤੀ ਆਰਥਿਕ ਦ੍ਰਿਸ਼ਟੀ ਦੀਆਂ ਲੀਹਾਂ ਤੇ ਦੇਸ਼ ਦੇ ਸਰਵਪੱਖੀ ਨਿਰਮਾਣ ਨਾਲ ਜੁੜੀਆਂ ਹੋਈਆਂ ਸੰਸਥਾਵਾਂ ਵਿਚ ਕੰਮ ਕਰ ਰਹੀਆਂ ਹਨ। ਇਸ ਮੌਕੇ ਤੇ ਯੂਨੀਵਰਸਿਟੀ ਵੱਲੋਂ ਡੀਨ ਡਾ. ਐਨ.ਪੀ.ਸਿੰਘ, ਜਿਲਾ ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਜਸਕਿਰਨ ਸਿੰਘ, ਏ.ਡੀ.ਸੀ ਮੈਡਮ ਡਿਪਟੀ ਉੱਪਲ ਅਤੇ ਹੋਰ ਮੌਜੂਦ ਰਹੇ!