ਚੰਡੀਗੜ੍ਹ, 5 ਨਵੰਬਰ, 2016 : ਕਾਂਗਰਸ ਵਿਧਾਈ ਪਾਰਟੀ ਦੇ ਲੀਡਰ ਚਰਨਜੀਤ ਸਿੰਘ ਚੰਨੀ ਆਪਣੀ 7 ਨਵੰਬਰ ਨੂੰ ਜਵਾਨੀ ਸੰਭਾਲ ਯਾਤਰਾ ਦੇ ਦੂਜੇ ਪੜਾਅ ਦੀ ਸ਼ੁਰੂਆਤ ਕਰਦਿਆਂ ਦੋਆਬਾ ਤੇ ਮਾਝਾ ਦੇ ਹਿੱਸਿਆਂ ਨੂੰ ਕਵਰ ਕਰਨਗੇ। ਮੋਰਿੰਡਾ ਤੋਂ ਸ਼ੁਰੂ ਹੋ ਕੇ ਯਾਤਰਾ 11 ਨਵੰਬਰ ਨੂੰ ਅੰਮ੍ਰਿਤਸਰ ਵਿਖੇ ਸਮਾਪਤ ਹੋਵੇਗੀ, ਜਿਸ ਦੌਰਾਨ ਉਹ 2,000 ਸਾਈਕਲ ਚਾਲਕਾਂ ਦੀ ਅਗਵਾਈ ਕਰਨਗੇ।
ਇਸ ਮੌਕੇ ਚੰਨੀ ਨੇ ਕਿਹਾ ਕਿ ਯਾਤਰਾ ਦਾ ਫੋਕਸ ਨੌਜ਼ਵਾਨਾਂ, ਨਸ਼ਿਆਂ ਦੀ ਸਮੱਸਿਆ ਤੇ ਭ੍ਰਿਸ਼ਟਾਚਾਰ ਹੈ। ਯਾਤਰਾ ਦਾ ਪਹਿਲਾ ਪੜਾਅ ਤਖਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਸੰਪੂਰਨ ਹੋਇਆ ਸੀ। ਪੰਜਾਬ ਦੇ ਲੋਕਾਂ ਨੇ ਮਾਲਵਾ ਖੇਤਰ 'ਚ ਪਹਿਲੇ ਪੜਾਅ ਨੂੰ ਭਰਪੂਰ ਸਮਰਥਨ ਦਿੱਤਾ ਸੀ। ਜਦਕਿ ਦੂਜਾ ਪੜਾਅ ਮੋਰਿੰਡਾ ਤੋਂ ਸ਼ੁਰੂ ਹੋ ਕੇ ਰੋਪੜ, ਬਲਾਚੌਰ, ਨਵਾਂ ਸ਼ਹਿਰ, ਖਟਕੜ ਕਲਾਂ, ਫਗਵਾੜਾ, ਜਲੰਧਰ, ਡੇਰਾ ਬਾਬਾ ਜੋੜਾਂ, ਕਰਤਾਰਪੁਰ, ਡੇਰਾ ਰਾਧਾ ਸੁਆਮੀ ਬਿਆਸ, ਜੰਡਿਆਲਾ ਗੁਰੂ ਤੋਂ ਹੁੰਦਿਆਂ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਸੰਪੂਰਨ ਹੋਵੇਗਾ।
ਚੰਨੀ ਨੇ ਕਿਹਾ ਕਿ ਇਸ 300 ਕਿਲੋਮੀਟਰ ਲੰਬੇ ਸਾਈਕਲ ਮਾਰਚ ਦੌਰਾਨ ਦੋਆਬਾ ਤੇ ਮਾਝਾ ਦੇ ਕੁੱਲ 22 ਵਿਧਾਨ ਸਭਾ ਹਲਕਿਆਂ ਨੂੰ ਕਵਰ ਕੀਤਾ ਜਾਵੇਗਾ। ਇਸ ਲਈ ਰੂਟ ਦੌਰਾਨ ਯਾਤਰੀਆਂ ਲਈ ਸਾਰੇ ਪ੍ਰਬੰਧ ਕਰ ਲਏ ਗਏ ਹਨ।
ਚੰਨੀ ਨੇ ਕਿਹਾ ਕਿ ਨਸ਼ਿਆਂ ਦਾ ਜਹਿਰ ਪੰਜਾਬ ਲਈ ਇਕ ਵੱਡੀ ਚੁਣੌਤੀ ਹੈ ਅਤੇ ਇਸ ਦੀਆਂ ਜੜ੍ਹਾਂ ਬੇਰੁਜ਼ਗਾਰੀ ਤੇ ਛਿੱਪੀ ਹੋਈ ਬੇਰੁਜ਼ਾਗਰੀ 'ਚ ਹਨ। ਇਹੋ ਕਾਰਨ ਹੈ ਕਿ ਯਾਤਰਾ ਦਾ ਫੋਕਸ ਇਨ੍ਹਾਂ ਦੋ ਮੁੱਦਿਆਂ 'ਤੇ ਰਹੇਗਾ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਫਰਵਰੀ 2017 ਦੀਆਂ ਚੋਣਾਂ 'ਚ ਸੱਤਾ 'ਚ ਆਉਣ ਤੋਂ ਬਾਅਦ ਕਾਂਗਰਸ ਨਸ਼ਿਆਂ ਦੀ ਸਮੱਸਿਆ ਦਾ ਪਹਿਲ ਦੇ ਅਧਾਰ 'ਤੇ ਨਿਪਟਾਰਾ ਕਰਨਗੇ। ਹਰੇਕ ਪੱਧਰ 'ਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਲੋੜੀਂਦੀਆਂ ਨੀਤੀਆਂ ਬਣਾਈਆਂ ਜਾਣਗੀਆਂ।