ਚੰਡੀਗੜ, 20 ਅਕਤੂਬਰ, 2016 : ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਅਤੇ ਉਸ ਦੀ ਗਠਜੋੜ ਭਾਗੀਦਾਰ ਸ਼੍ਰੋਮਣੀ ਅਕਾਲੀ ਦਲ ਵਿਚਕਾਰ ਵੱਧ ਰਹੇ ਟਕਰਾਅ ਨੂੰ ਬਾਦਲ ਸ਼ਾਸਨ ਦੇ ਤਾਬੂਤ ਵਿਚ ਆਖਿਰੀ ਕਿੱਲ ਕਰਾਰ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਵੀ ਸੂਬਾ ਵਿਧਾਨ ਸਭਾ ਚੋਣਾਂ ਵਿੱਚ ਅਕਾਲੀਆਂ ਨਾਲ ਖੜਨ ਦੇ ਨੁਕਸਾਨ ਨੂੰ ਸਮਝ ਚੁੱਕੀ ਹੈ।
ਕੈਪਟਨ ਅਮਰਿੰਦਰ ਨੇ ਕਿਹਾ ਕਿ ਅਕਾਲੀ ਦਲ ਡੁੱਬ ਰਹੇ ਜਹਾਜ ਤੋਂ ਜਿਆਦਾ ਕੁਝ ਨਹੀਂ ਹੈ ਜਿਸਨੂੰ ਭਾਜਪਾ ਨੇ ਛੱਡਣ ਦਾ ਸਾਫ ਫੈਸਲਾ ਕਰ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਸਪਸ਼ੱਟ ਤੌਰ 'ਤੇ ਭਾਜਪਾ ਆਗਾਮੀ ਵਿਧਾਨ ਸਭਾ ਚੋਣਾਂ ਵਿਚ ਅਕਾਲੀਆਂ ਨਾਲ ਡੁੱਬਣਾ ਨਹੀਂ ਚਾਹੁੰਦੀ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪ੍ਰਤੀਤ ਹੁੰਦਾ ਹੈ ਕਿ ਭਾਜਪਾ ਸਮਝ ਚੁੱਕੀ ਹੈ ਕਿ ਅਕਾਲੀਆਂ ਨਾਲ ਚੱਲਣਾ ਉਨ੍ਹਾਂ ਲਈ ਖੁਦਕੁਸ਼ੀ ਦਾ ਸਾਹਮਣਾ ਹੋਵੇਗਾ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਦੇ ਵੀ ਦੋਨਾਂ ਪਾਰਟੀਆ ਵਿਚਕਾਰ ਸਿਧਾਂਤਾਂ 'ਤੇ ਅਧਾਰਿਤ ਗਠਜੋੜ ਨਹੀਂ ਸੀ, ਬਲਕਿ ਦੋਨਾਂ ਵਿਚਕਾਰ ਆਪੋ ਆਪਣੇ ਰਾਜਨੀਤਿਕ ਹਿਤਾਂ ਨੂੰ ਸਾਧਣ ਲਈ ਮੌਕਾਪ੍ਰਸਤੀ ਦਾ ਭਾਗੀਦਾਰੀ ਸੀ। ਜਦੋਂ ਕਿ ਹੁਣ ਭਾਜਪਾ ਗਠਜੋੜ ਤੋਂ ਸਿਰਫ ਦੂਰ ਹੁੰਦੀ ਦਿੱਖ ਰਹੀ ਹੈ, ਜੋ ਪਾਰਟੀ ਵੱਲੋਂ ਰਣਨੀਤੀ ਤਹਿਤ ਖੁਦ ਨੂੰ ਅਕਾਲੀ ਦਲ ਦੇ ਕੁਸ਼ਾਸ਼ਨ ਤੋਂ ਦੂਰ ਕਰਨ ਦਾ ਫੈਸਲਾ ਪ੍ਰਤੀਤ ਹੁੰਦਾ ਹੈ, ਚਾਹੇ ਪੇਪਰਾਂ 'ਤੇ ਗਠਜੋੜ ਜਾਰੀ ਰਹੇ।
ਉਨ੍ਹਾਂ ਜਾਰੀ ਬਿਆਨ ਵਿਚ ਕੈਪਟਨ ਅਮਰਿੰਦਰ ਨੇ ਕਿਹਾ ਕਿ ਭਾਜਪਾ ਦਾ ਅਕਾਲੀ ਦਲ ਤੋ ਭੰਗ ਹੋ ਚੁੱਕੇ ਮੋਹ ਦਾ ਮੰਗਲਵਾਰ ਨੂੰ ਲੁਧਿਆਣਾ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੁੱਖ ਮੰਤਰੀ ਬਾਦਲ ਵੱਲੋਂ ਸੂਬੇ ਨੂੰ ਕੇਂਦਰੀ ਸਹਾਇਤਾ ਦੇਣ ਦੀ ਅਪੀਲ ਨੂੰ ਨਜਰਅੰਦਾਜ ਕਰਨ ਤੋਂ ਹੁੰਦਾ ਹੈ। ਇਸ ਤਂੋ ਪ੍ਰਧਾਨ ਮੰਤਰੀ ਨੇ ਸਾਫ ਕਰ ਦਿੱਤਾ ਸੀ ਕਿ ਭਾਜਪਾ ਨੂੰ ਬਾਦਲ ਸਰਕਾਰ ਦੀਆ ਨੀਤੀਆਂ 'ਤੇ ਯਕੀਨ ਨਹੀਂ ਹੈ।
ਇਸ ਲੜੀ ਹੇਠ ਪੰਜਾਬ 'ਚ ਅਕਾਲੀ ਸ਼ਾਸਨ ਪ੍ਰਤੀ ਭਾਜਪਾ ਦਾ ਮੋਹ ਭੰਗ ਹੋਣ ਦੇ ਲੱਛਣਾਂ ਵਿਚਕਾਰ ਕੈਪਟਨ ਅਮਰਿੰਦਰ ਨੇ ਕਿਹਾ ਕਿ ਇਸ ਤੋਂ ਸਾਫ ਪਤਾ ਚੱਲਦਾ ਹੈ ਕਿ ਭਾਜਪਾ ਸਮਝ ਚੁੱਕੀ ਹੈ ਕਿ ਬਾਦਲ ਸਰਕਾਰ ਦੀਆਂ ਗਲਤੀਆਂ ਨੂੰ ਉਹ ਨਜ਼ਰਅੰਦਾਜ ਨਹੀਂ ਕਰ ਸਕਦੀ।
ਇਸ ਦਿਸ਼ਾ 'ਚ ਕੈਪਟਨ ਅਮਰਿੰਦਰ ਨੇ ਕਈ ਮੌਕਿਆਂ ਦਾ ਜ਼ਿਕਰ ਕੀਤਾ ਹੈ, ਜਿਨ੍ਹਾਂ ਤੋਂ ਪਤਾ ਚੱਲਦਾ ਹੈ ਕਿ ਦੋਵੇਂ ਪਾਰਟੀਆਂ ਵਿਧਾਨ ਸਭਾ ਚੋਣਾਂ ਤੋਂ ਆਪਣਾ ਇਕ ਇਕ ਕਰਕੇ ਪੈਰ ਪਿੱਛੇ ਖਿੱਚ ਰਹੀਆਂ ਹਨ। ਭਾਜਪਾ ਦੇ ਆਗੂਆਂ ਨੇ ਅਕਾਲੀ ਸਰਕਾਰ ਦੇ ਪ੍ਰਦਰਸ਼ਨ ਸਬੰਧੀ ਕਿਤਾਬ 'ਚ ਪਾਰਟੀ ਨੂੰ ਕੋਈ ਵੀ ਜਗ੍ਹਾ ਨਾ ਦਿੱਤੇ ਜਾਣ 'ਤੇ ਰੋਸ ਪ੍ਰਗਟਾਇਆ ਹੈ। ਇਸ ਦੌਰਾਨ ਕਿਤਾਬ 'ਚ ਅਕਾਲੀ ਦਲ ਦੇ ਸਾਰੇ ਵੱਡੇ ਆਗੂ ਹਨ, ਲੇਕਿਨ ਭਾਜਪਾ ਦੇ ਇਕ ਵੀ ਆਗੂ ਦਾ ਜ਼ਿਕਰ ਕਰਨਾ ਵੀ ਜ਼ਰੂਰੀ ਨਹੀਂ ਸਮਝਿਆ ਗਿਆ।
ਪ੍ਰਦੇਸ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਭਾਜਪਾ ਆਗੂ ਸੂਬੇ ਭਰ 'ਚ ਲੱਗੇ ਅਕਾਲੀ ਸਰਕਾਰ ਦੇ ਹੋਰਡਿੰਗਾਂ ਤੋਂ ਵੀ ਗਾਇਬ ਦਿੱਖ ਰਹੇ ਹਨ। ਇਸ ਤੋਂ ਵੱਧ ਹੋਰ ਕੀ ਹੋਵੇਗਾ ਕਿ ਅਕਾਲੀ ਆਗੂ ਭਾਜਪਾ ਦੇ ਨਾਲ ਸੀਟਾਂ ਨੂੰ ਵੰਡਣਾ ਚਾਹੁੰਦੇ ਹਨ। ਮੀਡੀਆ ਰਿਪੋਰਟਾਂ ਮੁਤਾਬਿਕ ਅਜਿਹਾ ਦੋ ਵਾਰ ਬੰਗਾ ਤੋਂ ਸਾਬਕਾ ਵਿਧਾਇਕ ਚੌਧਰੀ ਮੋਹਨ ਲਾਲ ਦੇ ਮਾਮਲੇ 'ਚ ਹੋਇਆ ਹੈ, ਜਿਨ੍ਹਾਂ ਨੇ ਫਗਵਾੜਾ ਤੋਂ ਚੋਣ ਲੜਨ ਲਈ ਸੱਤਾਧਾਰੀ ਗਠਜੋੜ ਸਾਂਝੀਦਾਰ ਨਾਲ ਸੀਟ ਬਦਲਣ ਦੀ ਇੱਛਾ ਪ੍ਰਗਟਾਈ ਹੈ।
ਜਦਕਿ ਭਾਜਪਾ ਨੇ ਵਿਧਾਨ ਸਭਾ ਚੋਣਾਂ ਲਈ ਆਪਣਾ ਵੱਖਰਾ ਚੋਣ ਘੋਸ਼ਣਾ ਪੱਤਰ ਕੱਢਣ ਦਾ ਵੀ ਫੈਸਲਾ ਕੀਤਾ ਹੈ, ਜੋ ਦੋਨਾਂ ਗਠਜੋੜ ਸਾਂਝੇਦਾਰਾਂ ਵਿਚਾਲੇ ਵੱਧ ਰਹੇ ਅਵਿਸ਼ਵਾਸ ਦੀ ਇਕ ਹੋਰ ਉਦਾਹਰਨ ਹੈ।
ਦੋਨਾਂ ਪਾਰਟੀਆਂ ਵਿਚਾਲੇ ਵੱਧ ਰਿਹਾ ਟਕਰਾਅ ਬੀਤੇ ਕਈ ਮਹੀਨਿਆਂ ਤੋਂ ਚੱਲ ਰਿਹਾ ਹੈ। ਜਦੋਂ ਵਿਸ਼ੇਸ਼ ਕਰਕੇ ਤਰਨਤਾਰਨ 'ਚ ਨਿਗਮ ਚਾਂ ਦੌਰਾਨ 2015 'ਚ ਦੋਨਾਂ ਪਾਰਟੀਆਂ ਦੇ ਉਮੀਦਵਾਰ ਇਕ ਦੂਜੇ ਨਾਲ ਭਿੜ ਗਏ ਸਨ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਪੰਜਾਬ 'ਚ ਅਕਾਲੀ ਦਲ ਭਾਜਪਾ ਵੱਖ ਹੋਣੇ ਸ਼ੁਰੂ ਹੋ ਗਏ ਹਨ ਤੇ ਦੋਨਾਂ ਵਿਚਾਲੇ ਗਠਜੋੜ ਪੂਰੀ ਤਰ੍ਹਾਂ ਨਾਲ ਵਿਖਾਵਾ ਹੀ ਰਹਿ ਗਿਆ ਹੈ।